You are here

ਸਾਦਿਕ ਖ਼ਾਨ ‘ਘਿਣਾਉਣਾ’ ਤੇ ‘ਜਜ਼ਬਾਤ ਤੋਂ ਅਣਭਿੱਜ’- ਟਰੰਪ

ਲੰਡਨ,  ਜੂਨ 2019  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੂੰ ‘ਘਿਨਾਉਣਾ’ ਤੇ ‘ਜਜ਼ਬਾਤੀ ਤੌਰ ’ਤੇ ਖ਼ਾਲੀ’ ਦੱਸਿਆ ਹੈ। ਜ਼ਿਕਰਯੋਗ ਹੈ ਕਿ ਖ਼ਾਨ ਨੇ ਟਰੰਪ ਨੂੰ ਫਾਸ਼ੀਵਾਦੀ ਤੇ ਵੰਡੀਆਂ ਪਾਉਣ ਵਾਲੀ ਸ਼ਖ਼ਸੀਅਤ ਕਿਹਾ ਸੀ। ਟਰੰਪ ਅੱਜ ਪਤਨੀ ਮੇਲਾਨੀਆ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮਹਾਰਾਣੀ ਐਲਿਜ਼ਾਬੈੱਥ-ਦੋ ਦੇ ਸੱਦੇ ’ਤੇ ਇੰਗਲੈਂਡ ਦੇ ਤਿੰਨ ਦਿਨਾ ਸ਼ਾਹੀ ਦੌਰੇ ’ਤੇ ਇੱਥੇ ਪੁੱਜ ਗਏ ਹਨ। ਅਮਰੀਕੀ ਰਾਸ਼ਟਰਪਤੀ ਅਹੁਦਾ ਛੱਡ ਰਹੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨਾਲ ਮੌਸਮੀ ਤਬਦੀਲੀ ਤੇ ਚੀਨ ਦੀ ਤਕਨੀਕੀ ਫ਼ਰਮ ਵ੍ਹਾਵੇ ਬਾਰੇ ਵੀ ਗੱਲਬਾਤ ਕਰ ਸਕਦੇ ਹਨ। ਟਰੰਪ ਨੇ ਏਅਰ ਫੋਰਸ ਵੰਨ ਦੇ ਸਟੈਨਸਟੈੱਡ ਹਵਾਈ ਅੱਡੇ ’ਤੇ ਲੈਂਡ ਹੁੰਦਿਆਂ ਹੀ ਪਹਿਲਾ ਨਿਸ਼ਾਨਾ ਟਵੀਟ ਰਾਹੀਂ ਸਾਦਿਕ ਖ਼ਾਨ ’ਤੇ ਹੀ ਸਾਧਿਆ। ਟਰੰਪ ਨੇ ਕਿਹਾ ਕਿ ਸਾਦਿਕ ਦੀ ਕਾਰਗੁਜ਼ਾਰੀ ਲੰਡਨ ਦੇ ਮੇਅਰ ਵਜੋਂ ਬੇਹੱਦ ਖ਼ਰਾਬ ਰਹੀ ਹੈ।
ਟਰੰਪ ਨੇ ਕਿਹਾ ਕਿ ਸਾਦਿਕ ਨੂੰ ਪਹਿਲਾਂ ਲੰਡਨ ਵਿਚ ਵਧ ਰਹੇ ਅਪਰਾਧਾਂ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਟਰੰਪ ਦੇ ਦੌਰੇ ਦੇ ਮੱਦੇਨਜ਼ਰ ਸਾਰੇ ਯੂਕੇ ਵਿਚ ਰੋਸ ਮੁਜ਼ਾਹਰੇ ਰੱਖੇ ਗਏ ਹਨ। ਇਸ ਮੌਕੇ ਟਰੰਪ ਨੂੰ ਨਿੱਕੇ ਬੱਚੇ ਵਜੋਂ ਦਰਸਾਉਂਦਾ ਇਕ ਗੁਬਾਰਾ ਵੀ ਆਸਮਾਨ ਵਿਚ ਛੱਡਿਆ ਜਾਵੇਗਾ। ਮਹਾਰਾਣੀ ਨੇ ਬਕਿੰਘਮ ਪੈਲੇਸ ਵਿਚ ਟਰੰਪ ਦੇ ਸਨਮਾਨ ’ਚ ਅੱਜ ਸਮਾਗਮ ਕੀਤਾ। ਟਰੰਪ ਯੂਰੋਪ ਦੇ ਦੌਰੇ ਦੌਰਾਨ ਵਿਸ਼ਵ ਯੁੱਧ ਦੋ ਸਬੰਧੀ ਹੋਣ ਵਾਲੇ ਸਮਾਗਮਾਂ ਵਿਚ ਸ਼ਿਰਕਤ ਕਰਨਗੇ।