You are here

‘ਨਜ਼ਫਟਾ’ ਨੇ ਪੰਜਾਬੀ ਸਿਨੇਮਾ ਸਬੰਧੀ ਪੁਸਤਕ ਕੀਤੀ ਲੋਕ ਅਰਪਣ

ਬਾਬੂ ਸਿੰਘ ਮਾਨ ਅਤੇ ਗੁੱਗੂ ਗਿੱਲ ਵੱਲੋਂ ‘ਨਜਫਟਾ’ ਦੇ ਕੰਮਾਂ ਦੀ ਸ਼ਲਾਘਾ

ਮੋਹਾਲੀ, 22 ਜੁਲਾਈ (ਹਰਜਿੰਦਰ ਸਿੰਘ ਜਵੰਦਾ) ਕਲਾਕਾਰਾਂ ਦੀ ਸੰਸਥਾ ‘ਨਜਫਟਾ’ ਨੇ ਦਲਜੀਤ ਅਰੋਡ਼ਾ ਦੀ ਲਿਖੀ ਅਤੇ ਮਲਕੀਤ ਰੌਣੀ ਦੀ ਸੰਪਾਦਿਤ ਕੀਤੀ ਸਿਨੇਮਾ ਸਬੰਧੀ ਪੁਸਤਕ ‘ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ’ ਅੱਜ ਇੱਥੇ ਸੈਕਟਰ 70 ਮੋਹਾਲੀ ਵਿਖੇ ਡਾ. ਸਤੀਸ਼ ਕੁਮਾਰ ਵਰਮਾ ਅਤੇ ਬਾਬੂ ਸਿੰਘ ਮਾਨ ਵੱਲੋਂ ਲੋਕ ਅਰਪਣ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਅਦਾਕਾਰ ਗੁੱਗੂ ਗਿੱਲ ਨੇ ਕਿਹਾ ਕਿ ‘ਸਿਨੇਮਾ ਸਾਡੀ ਜਾਨ ਹੈ, ਆਖਰੀ ਸਾਹਾਂ ਤੱਕ ਅਸੀਂ ਆਪਣੀ ਮਾਂ ਬੋਲੀ ਦੇ ਸਿਨੇਮਾ ਲਈ ਕੰਮ ਕਰਦੇ ਰਹਾਂਗੇ।’ ਡਾ. ਸਤੀਸ਼ ਵਰਮਾ ਨੇ ਕਿਹਾ ਕਿ ਸਿਨੇਮਾ ਸਬੰਧੀ ਸਾਡੀ ਪੰਜਾਬੀ ਜ਼ੁਬਾਨ ਵਿੱਚ ਬਹੁਤ ਘੱਟ ਸਾਹਿਤ ਸਾਹਿਤ ਲਿਖਿਆ ਗਿਆ ਹੈ। ਇਸ ਲਈ ਦਲਜੀਤ ਅਰੋਡ਼ਾ ਅਤੇ ਮਲਕੀਤ ਰੌਣੀ ਦੇ ਇਸ ਪੁਸਤਕ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਦੋ ਸਦੀਆਂ ਦੇ ਗੀਤਕਾਰ ਬਾਬੂ ਸਿੰਘ ਮਾਨ ਨੇ ਕਿਹਾ ਕਿ ਸਿਨੇਮਾ ਬਾਰੇ ਖੋਜ ਕਰਨ ਵਾਲੀਆਂ ਪੀਡ਼੍ਹੀਆ ਲਈ ਅਜਿਹੀਆਂ ਪੁਸਤਕਾਂ ਕਾਰਗਰ ਸਿੱਧ ਹੋਣਗੀਆਂ। ‘ਨਜਫਟਾ’ ਦੇ ਇਹ ਸਿਨੇਮਾ ਪ੍ਰਤੀ ਸ਼ਲਾਘਾਯੋਗ ਕੰਮ ਹਨ। 

ਹੋਰਨਾਂ ਤੋਂ ਇਲਾਵਾ ਇਸ ਸਮੇਂ ਕਰਮਜੀਤ ਅਨਮੋਲ, ਬਲਕਾਰ ਸਿੱਧੂ, ਸਵੈਰਾਜ ਸੰਧੂ, ਮੁਨੀਸ਼ ਸਾਹਨੀ, ਸ਼ਵਿੰਦਰ ਮਾਹਲ, ਨਾਟਕਕਾਰ ਜਗਦੀਸ਼ ਸਚਦੇਵਾ ਅਤੇ ਸਰਦਾਰ ਸੋਹੀ ਨੇ ਵੀ ਸੰਬੋਧਨ ਕਰਦਿਆਂ ਪੁਸਤਕ ਦੀ ਖੂਬ ਪ੍ਰਸ਼ੰਸਾ ਕਰਦਿਆਂ ਦਲਜੀਤ ਅਰੋਡ਼ਾ ਤੇ ਮਲਕੀਤ ਰੌਣੀ ਨੂੰ ਵਧਾਈ ਵੀ ਦਿੱਤੀ।

ਨਜਫਟਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੇ ਕੋਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਦਾ ਸਭ ਤੋਂ ਵੱਡਾ ਸਾਧਨ ਸਿਨੇਮਾ ਅਤੇ ਟੈਲੀਵਿਜ਼ਨ ਹੈ। ਪੰਜਾਬੀ ਫ਼ਿਲਮਾਂ 100 ਤੋਂ ਵੱਧ ਮੁਲਕਾਂ ਵਿੱਚ ਰਿਲੀਜ਼ ਹੁੰਦੀਆਂ ਹਨ। ਇਸ ਲਈ ਇਹ ਸਿਨੇਮਾ ਹੀ ਹੈ ਜਿਸ ਨੇ ਮਾਂ ਬੋਲੀ ਨੂੰ ਫੈਲਾਉਣ ਵਿੱਚ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿੱਚ ਵੀ ਇਹੋ ਸੰਭਾਵਨਾਵਾਂ ਰਹਿਣਗੀਆਂ। ਸੰਸਥਾ ‘ਨਜਫਟਾ’ ਇਨ੍ਹਾਂ ਸੰਭਾਵਨਾਵਾਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਉਂਦੀ ਰਹੇਗੀ। ਸ੍ਰੀ ਘੁੱਗੀ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਕਿਹਾ ਕਿ ਨਜਫਟਾ ਅਜਿਹੇ ਕਾਰਜਾਂ ਦੇ ਨਾਲ-ਨਾਲ ਸਮਾਜਿਕ ਕੰਮਾਂ ਲਈ ਵੀ ਅੱਗੇ ਆਵੇਗੀ ਅਤੇ ਸਿਨੇਮਾ ਦੀ ਬਿਹਤਰੀ ਲਈ ਯਤਨਸ਼ੀਲ ਰਹੇਗੀ। ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਸੰਸਥਾ ਦੇ ਸਕੱਤਰ ਮਲਕੀਤ ਰੌਣੀ ਵੱਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਪੌਦਿਆਂ ਨਾਲ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਤਨ ਔਲਖ, ਅਸ਼ੀਸ਼ ਦੁੱਗਲ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਸ਼ਿਤਜ ਚੌਧਰੀ, ਮਨਭਾਵਨ ਸਿੰਘ, ਮਨਦੀਪ ਸਿੰਘ, ਦੇਵੀ ਸ਼ਰਮਾ, ਸਾਹਿਲ ਕੋਹਲੀ, ਨਿਰਮਾਤਾ, ਦੀਪਕ ਗੁਪਤਾ, ਮਨਮੋਹਨ ਸਿੰਘ, ਮੁਨੀਸ਼ ਸਾਹਨੀ ਸਮੇਤ ਹੋਰਨਾਂ ਕਲਾਕਾਰਾਂ ਵਿੱਚ ਤਰਸੇਮ ਪੌਲ, ਪਰਮਜੀਤ ਭੰਗੂ, ਡਾ. ਰਣਜੀਤ ਸ਼ਰਮਾ, ਕੰਵਲਜੀਤ ਪ੍ਰਿੰਸ, ਸੁਰਿੰਦਰ ਫਰਿਸ਼ਤਾ (ਘੁੱਲੇ ਸ਼ਾਹ), ਰਾਜ ਧਾਲੀਵਾਲ, ਭੁਪਿੰਦਰ ਬਰਨਾਲਾ, ਮਨੋਜ ਚੌਹਾਨੀ, ਗੁਰਬਿੰਦਰ ਮਾਨ, ਇਕੱਤਰ ਸਿੰਘ, ਹਰਵਿੰਦਰ ਔਜਲਾ, ਪਰਮਵੀਰ, ਗੁਰਪ੍ਰੀਤ ਸਿੰਘ ਨੀਟੂ, ਲਾਲੀ ਗਿੱਲ, ਸੁੱਖੀ ਚਾਹਲ, ਅਮਨ ਜੌਹਲ, ਜੱਸ ਸੈਂਪਲਾ, ਮਨਜੋਤ ਅਰੋਡ਼ਾ, ਸੰਜੂ ਸੋਲੰਕੀ, ਬੂਵਨ ਅਜ਼ਾਦ, ਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।