You are here

ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਨਾਵਲ ਤੇ ਵਿਚਾਰ ਚਰਚਾ

ਬਿੰਦਰ ਕੋਲੀਆਂ ਵਾਲ ਦੇ ਨਾਵਲ "ਉਸ ਪਾਰ ਜ਼ਿੰਦਗੀ" ਤੇ ਹੋਈ ਨਿੱਠ ਕੇ ਵਿਚਾਰ ਚਰਚਾ

ਇਟਲੀ - 10 ਜੁਲਾਈ (ਜਨ ਸ਼ਕਤੀ ਨਿਊਜ਼ ਬਿਊਰੋ ) 

ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਬਿੰਦਰ ਕੋਲੀਆਂ ਵਾਲ ਦੇ ਨਾਵਲ "ਉਸ ਪਾਰ ਜ਼ਿੰਦਗੀ" ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਵਲੋਂ ਕੀਤੀ ਗਈ ਜਿਸ ਵਿਚ ਡਾ ਆਸਾ ਸਿੰਘ ਘੁੰਮਣ ਪ੍ਰਧਾਨ ਸਿਰਜਣਾ ਕੇਂਦਰ ਕਪੂਰਥਲਾ ਵਿਸ਼ੇਸ ਮਹਿਮਾਨ ਵਜੋਂ ਹਾਜ਼ਿਰ ਹੋਏ।ਡਾ ਭੁਪਿੰਦਰ ਕੌਰ, ਮੋਹਨ ਸਿੰਘ ਮੋਤੀ, ਪ੍ਰੋ ਸੁਖਪਾਲ ਸਿੰਘ ਥਿੰਦ ਅਤੇ ਸਭਾ ਦੇ ਮੈਂਬਰ ਵਿਸ਼ੇਸ ਤੌਰ ਤੇ ਹਾਜਰ ਹੋਏ। 

‌ਸਮਾਗਮ ਦੀ ਸ਼ੁਰੂਆਤ ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲਾ ਵਲੋਂ ਬਿੰਦਰ ਕੋਲੀਆਂ ਵਾਲ ਦੇ ਸਾਹਿਤਿਕ ਸਫਰ ਦਾ ਕਾਵਿਕ ਰੇਖਾ ਚਿੱਤਰ ਉਚਾਰਨ ਕਰਦਿਆਂ ਕੀਤੀ ਗਈ ਉਪਰੰਤ ਬਲਵਿੰਦਰ ਸਿੰਘ ਚਾਹਲ ਵਲੋਂ ਸਾਰੇ ਦੋਸਤਾਂ ਮਿਤਰਾਂ ਤੇ ਸਾਮਿਲ ਸਨਮਾਨਯੋਗ ਸ਼ਖਸੀਅਤਾਂ ਨੂੰ ਜੀ ਆਇਆਂ ਆਖਦਿਆਂ ਬਿੰਦਰ ਦੀ ਸਾਹਿਤਿਕ ਸਿਰਜਣਾ ਤੇ ਉਸ ਦੀ ਸ਼ਖਸੀਅਤ ਵਾਰੇ ਵਿਚਾਰ ਸਾਂਝੇ ਕੀਤੇ। ਵਿਚਾਰ ਚਰਚਾ ਵੇਲੇ ਬੁਲਾਰਿਆਂ ਵਿੱਚ ਸਭ ਤੋਂ ਪਹਿਲਾਂ ਡਾ ਭੁਪਿੰਦਰ ਕੌਰ (ਮੁੱਖੀ ਪੰਜਾਬੀ ਵਿਭਾਗ, ਹਿੰਦੂ ਕੰਨਿਆ ਕਾਲਜ ਕਪੂਰਥਲਾ) ਵਲੋਂ ਬਿੰਦਰ ਨੂੰ ਇਸ ਨਾਵਲ ਲਈ ਵਧਾਈ ਦਿੰਦਿਆਂ ਕਿਹਾ ਕਿ ਬਿੰਦਰ ਧਰਤੀ ਨਾਲ ਜੁੜਿਆ ਮਾਨਵਬਾਦੀ ਗਲਪਕਾਰ ਹੈ ਜੋ ਸਮੁੰਦਰੋਂ ਪਾਰ ਰਹਿੰਦੀਆਂ ਵੀ ਅਪਣੀ ਬੋਲੀ, ਵਿਰਾਸਤ, ਲੋਕ ਤੇ ਉਨਾ ਦੇ ਦੁੱਖ ਸੁੱਖ ਦਾ ਸਾਂਝੀਦਾਰ ਹੈ ਇਹੋ ਕਾਰਨ ਹੈ ਕਿ ਇਟਲੀ ਵਿਚ ਰਹਿੰਦਿਆਂ ਵੀ ਉਹ ਪੰਜਾਬ ਤੋਂ ਅਮਰੀਕਾ ਜਾਣ ਲਈ ਚੁਣੇ ਗਏ ਗੈਰ ਕਾਨੂੰਨੀ ਢੰਗ ਤਰੀਕਿਆਂ ਦੇ ਸਫ਼ਰ ਨੂੰ ਨਾਵਲੀ ਵਿਰਤਾਂਤ ਦੇਣ ਵਿੱਚ ਕਾਮਯਾਬ ਰਿਹਾ ਹੈ। ਚਰਚਾ ਦੀ ਲੜੀ ਨੂੰ ਅੱਗੇ ਤੋਰਦਿਆਂ ਮੋਹਣ ਸਿੰਘ ਮੋਤੀ (ਦਿੱਲੀ) ਨੇ ਨਾਵਲ ਦੀ ਕਹਾਣੀ ਨੂੰ ਕੇਂਦਰ ਵਿੱਚ ਰੱਖਦਿਆਂ ਇਸ ਵਿਚਲੇ ਸਫਰ ਦੇ ਦੁੱਖ ਦਰਦ, ਘਟਨਾਵਾ, ਮੁਸੀਬਤਾਂ ਤੇ ਭਾਵਾਂ ਦਾ ਜ਼ਿਕਰ ਕਰਦਿਆਂ ਲੇਖਕ ਨੂੰ ਵਧਾਈ ਦਿੰਦਿਆਂ ਕੁੱਝ ਸਵਾਲ ਵੀ ਖੜੇ ਕੀਤ। ਪ੍ਰੋ ਸੁਖਪਾਲ ਸਿੰਘ ਥਿੰਦ (ਮੁਖੀ ਪੰਜਾਬੀ ਵਿਭਾਗ ਡਾ ਭੀਮ ਰਾਓ ਅੰਬੇਡਕਰ ਸਰਕਾਰੀ ਕਾਲਜ ਜਲੰਧਰ) ਨੇ ਇਸ ਵਿਚਾਰ ਚਰਚਾ ਨੂੰ ਸਿਖਰ ਵੱਲ ਲਿਜਾਂਦਿਆਂ ਪਰਤ ਦਰ ਪਰਤ ਨਾਵਲ ਦੀ ਕਹਾਣੀ ਇਸ ਵਿਚਲੇ ਸਫਰ, ਵਿਧਾ ਵਿਧਾਨ, ਵਰਤਾਰਾ, ਸਮਾ - ਸਥਾਨ ਤੇ ਕਾਰਜ਼ ਖੇਤਰ ਤੇ ਨਿੱਠ ਕੇ ਗੱਲ ਕਰਦਿਆਂ ਲੇਖਕ ਨੂੰ ਵਧਾਈ ਦੇ ਨਾਲ ਨਾਲ ਬਹੁਤ ਸਾਰੇ ਸੁਝਾਅ ਵੀ ਦਿੱਤੇ। ਸਾਰੀ ਵਿਚਾਰ ਚਰਚਾ ਉਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਡਾ ਆਸਾ ਸਿੰਘ ਘੁੰਮਣ ਹੁਰਾਂ ਵਿਸਥਾਰ ਵਿੱਚ ਗੱਲ ਕਰਦਿਆਂ ਬਿੰਦਰ ਕੋਲੀਆਂ ਵਾਲ ਸਮੇਤ ਸਾਹਿਤ ਸੁਰ ਸੰਗਮ ਸਭਾ ਇਟਲੀ ਨੂੰ ਵੀ ਅਜਿਹੇ ਉਚੇਚੇ ਤੇ ਸਾਰਥਿਕ ਉਪਰਾਲਿਆਂ ਲਈ ਵਧਾਈ ਦਿੱਤੀ। ਅੰਤ ਵਿੱਚ ਬਿੰਦਰ ਕੋਲੀਆਂ ਵਾਲ ਨੇ ਇਸ ਵਿਚਾਰ ਚਰਚਾ ਤੇ ਤਸੱਲੀ ਪ੍ਰਗਟ ਕਰਦਿਆਂ ਭਵਿੱਖ ਵਿੱਚ ਹੋਰ ਵੀ ਸੁਚੇਤ ਰਹਿ ਕੇ ਸਾਹਿਤ ਪ੍ਰਤੀ ਨਿਰੰਤਰ ਕਾਰਜ਼ ਸ਼ੀਲ ਰਹਿਣ ਦਾ ਵਾਅਦਾ ਕੀਤਾ ਤੇ ਪ੍ਰੋ ਜਸਪਾਲ ਸਿੰਘ ਇਟਲੀ ਵਲੋਂ ਇਸ ਆਨਲਾਈਨ ਸਮਾਗਮ ਵਿੱਚ ਸ਼ਾਮਿਲ ਸਾਰੇ ਦੋਸਤਾਂ ਮਿਤਰਾਂ ਤੇ ਸਨਮਾਨਯੋਗ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਵਿਚਾਰ ਚਰਚਾ ਤੇ ਤਸੱਲੀ ਪ੍ਰਗਟਾਉਂਦਿਆਂ ਸਭਾ ਨੂੰ ਅਜਿਹੇ ਕਰਜ਼ਾ ਲਈ ਵਧਾਈ ਦਿੱਤੀ। ਇਸ ਚਰਚਾ ਵਿੱਚ ਹੋਰਨਾਂ ਤੋਂ ਇਲਾਵਾ ਮੈਡਮ ਪ੍ਰੋਮਿਲਾ ਅਰੋੜਾ, ਰਤਨ ਜੀ, ਲਾਲ ਸਿੰਘ, ਸੁਰਿੰਦਰ ਸਿੰਘ ਨੇਕੀ, ਸਹਿਬਾਜ ਖਾਨ, ਪ੍ਰਤਾਪ ਸਿੰਘ ਰੰਧਾਵਾ, ਆਸ਼ੂ ਕੁਮਾਰ, ਵਾਸਦੇਵ ਇਟਲੀ, ਯਾਦਵਿੰਦਰ ਸਿੰਘ ਬਾਗੀ ਇਟਲੀ, ਨਿਰਵੈਲ ਸਿੰਘ ਢਿਲੋਂ ਇਟਲੀ ਤੇ ਸਿੱਕੀ ਝੱਜੀ ਝੱਜੀ ਪਿੰਡ ਵਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਾਰੇ ਸਮਾਗਮ ਦੀ ਸੰਚਾਲਨਾ ਦਲਜਿੰਦਰ ਰਹਿਲ ਵਲੋਂ ਬਹੁਤ ਪ੍ਰਭਾਵਸ਼ਾਲੀ ਤੇ ਨਿਯਮਤ ਰੂਪ ਵਿੱਚ ਕੀਤੀ ਗਈ।