You are here

ਇਸ ਪਿੰਡ ਵਿੱਚ ਲੀਡਰਾਂ ਦਾ ਆਉਣਾ ਮਨਾ ਹੈ

ਕਿਸਾਨਾਂ ਨੇ ਲਗਾਏ ਬੋਰਡ ......

ਮਹਿਲ ਕਲਾਂ/ਬਰਨਾਲਾ - 5 ਜੁਲਾਈ- (ਗੁਰਸੇਵਕ ਸਿੰਘ ਸੋਹੀ)- 2022 ਦੀਆਂ ਚੋਣਾਂ ਨੇੜੇ ਹੋਣ ਕਰਕੇ ਹਲਕੇ ਅੰਦਰ ਖੁੰਭਾਂ ਵਾਂਗੂ ਨਵੇਂ ਲੀਡਰ ਵੀ ਪੈਦਾ ਹੋ ਰਹੇ ਹਨ । ਪਰਾਣਿਆਂ ਨੂੰ ਵੀ ਵੋਟਾਂ ਨੇਡ਼ੇ ਹੋਣ ਕਰਕੇ ਲੋਕਾਂ ਦੀ ਯਾਦ ਆ ਰਹੀ ਹੈ। ਪਿੱਛਲੇ ਕਰੀਬ 6 ਮਹੀਨਿਆਂ ਤੋਂ ਜ਼ਿਆਦਾ ਸਮਾਂ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਕਿਸਾਨ ਇਨ੍ਹਾਂ ਨੂੰ ਨਜ਼ਰ ਨਹੀਂ ਆਇਆ। ਕਿਸਾਨਾਂ ਦਾ ਰੋਹ ਹੁਣ ਸਿਆਸੀ ਪਾਰਟੀਆਂ ਖਿਲਾਫ਼ ਹੋਰ ਭਖਦਾ ਜਾ ਰਿਹਾ ਹੈ। ਪਿੰਡ ਫਤਹਿਗੜ੍ਹ ਪੰਜਗਰਾਈਆਂ ਵਿਖੇ ਇਹ ਵੇਖਣ ਨੂੰ ਮਿਲਿਆ। ਜਿੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਵਿੱਚ ਕਿਸੇ ਵੀ ਸਿਆਸੀ ਆਗੂ ਦੇ ਨਾ ਦਾਖਿਲ ਹੋਣ ਦੇ ਬੋਰਡ ਲਗਾ ਦਿੱਤੇ ਗਏ ਹਨ। ਇਸ ਮੌਕੇ ਕਿਸਾਨ ਆਗੂ ਪੰਚ ਕੁਲਦੀਪ ਸਿੰਘ, ਗੁਰਮੁਖ ਸਿੰਘ, ਕੁਲਵੰਤ ਸਿੰਘ, ਭਰਭੂਰ ਸਿੰਘ, ਟਹਿਲ ਸਿੰਘ, ਸੰਗਾਰਾ ਸਿੰਘ, ਅਤੇ ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਨਗਰ ਦੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਵਾਲੇ ਪਿੰਡ ਵਾਸੀਆਂ ਦੀ ਸਾਰੇ ਹੀ ਸਿਆਸੀ ਲੀਡਰਾਂ ਨੂੰ ਸੂਚਨਾ ਹੈ ਕਿ ਉਹ ਜਦੋਂ ਤੱਕ ਕੇਂਦਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਵਾਉਂਦੇ, ਮਹਿੰਗਾਈ ਤੇ ਬੇਰੋਜਗਾਰੀ ਨੂੰ ਨੱਥ ਨੀ ਪਾਉਂਦੇ ,ਤਦ ਤੱਕ ਪਿੰਡ ਪੰਜਗਰਾਈਆਂ ਦੇ ਵਿੱਚ ਦਾਖਿਲ ਨਾ ਹੋਣ, ਉਹਨਾਂ ਦੱਸਿਆ ਕਿ ਸਿਆਸੀ ਲੀਡਰ ਦੱਸਣ ਕਿ ਉਹਨਾਂ ਨੇ ਕਿਸਾਨ ਸੰਘਰਸ਼ ਵਿੱਚ ਕੀ ਯੋਗਦਾਨ ਪਾਇਆ ਹੈ ਅਤੇ ਕਿਸਾਨਾਂ ਦੇ ਹੱਕ ਵਿੱਚ ਕੀ ਹਾਅ ਦਾ ਨਾਅਰਾ ਮਾਰਿਆ ਹੈ? ਜੇਕਰ ਫੇਰ ਵੀ ਕੋਈ ਰਾਜਨੀਤਕ ਆਗੂ ਉਨ੍ਹਾਂ ਦੇ ਕਹਿਣ ਤੇ ਨਹੀਂ ਰੁਕਦਾ ਤਾਂ ਉਹ ਆਪਣੀ ਇੱਜ਼ਤ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ। 
ਕੀ ਕਹਿਣਾ ਹੈ ਕਿਸਾਨ ਆਗੂ ਦਾ :-
ਜਦੋ ਇਸ ਸਬੰਧੀ ਕਿਸਾਨ ਆਗੂ ਡਾ ਈਸ਼ਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਲੀਡਰ ਸੱਚੇ ਦਿਲੋਂ ਕਿਸਾਨਾਂ ਦੇ ਹੱਕ ਵਿੱਚ ਹੁੰਦੇ ਤਾਂ ਉਹ ਆਪਣੇ ਅਹੁਦੇ ਤਿਆਗ ਕਿ ਕਿਸਾਨਾਂ ਨਾਲ ਖੜਦੇ। ਪਰ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੇ ਅਸਤੀਫ਼ਾ ਨਹੀਂ ਦਿੱਤਾ। ਸਗੋਂ ਉਹ ਮੋਟੀਆਂ ਤਨਖਾਹਾਂ ਤੇ ਭੱਤੇ ਲੈ ਕੇ ਸਰਕਾਰੀ ਤੰਤਰ ਤੇ ਐਸ਼ ਕਰਦੇ ਹਨ। ਇਨ੍ਹਾਂ ਨੂੰ ਲੋਕਾਂ ਦਾ ਤਾਂ ਰਤਾ ਭਰ ਵੀ ਫ਼ਿਕਰ ਨਹੀਂ। ਇਨ੍ਹਾਂ ਨੂੰ ਤਾਂ ਸਿਰਫ਼ ਵੋਟਾਂ ਹੀ ਦਿਸਦੀਆਂ ਹਨ, ਲੋਕ ਨਹੀਂ। 
ਕੀ ਕਹਿਣਾ ਹੈ ਸਰਪੰਚ ਦਾ :-
ਜਦੋਂ ਇਸ ਸੰਬੰਧੀ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰੇ ਪਿੰਡ ਨੇ ਵੋਟਾਂ ਪਾ ਕੇ ਚੁਣਿਆ ਹੈ। ਮੈ ਆਪਣੇ ਨਗਰ ਨਿਵਾਸੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸਾਂ ਖੜ੍ਹਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦਾ ਅੰਨਦਾਤਾ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ। ਉਹ ਤਾਂ ਸਾਡੇ ਲੀਡਰਾਂ ਨੂੰ ਨਜ਼ਰ ਨਹੀਂ ਆਇਆ ।ਪਰ ਵੋਟਾਂ ਨੇੜੇ ਆਉਣ ਕਰਕੇ ਇਨ੍ਹਾਂ ਨੂੰ ਪਿੰਡਾਂ ਦੀ ਯਾਦ ਆਉਣੀ ਸ਼ੁਰੂ ਹੋ ਗਈ। ਹੁਣ ਪਿੰਡਾਂ ਦੇ ਲੋਕ ਸਮਝ ਗਏ ਹਨ। ਇਨ੍ਹਾਂ ਦੀਆਂ ਲੂੰਬੜ ਚਾਲਾਂ ਵਿਚ ਨਹੀਂ ਆਉਣਗੇ। 
ਕੀ ਕਹਿਣਾ ਹੈ ਨੌਜਵਾਨ ਦਾ :- 
ਜਦੋਂ ਇਸ ਸਬੰਧੀ ਨੌਜਵਾਨ ਆਗੂ ਪਰਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੀ ਪਿਛਲੇ ਕਈ ਸਾਲਾਂ ਤੋਂ ਲੋਕ ਲੀਡਰਾਂ ਦੇ ਝੂਠੇ ਲਾਰਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਵਾਰ 2022 ਦੀਆ ਚੋਣਾਂ ਦੇ ਨਤੀਜੇ ਵੱਖਰੇ ਤਰ੍ਹਾਂ ਦੇ ਹੋਣਗੇ। ਪਿੰਡਾਂ ਵਿੱਚ ਲੋਕ ਲੀਡਰਾਂ ਨੂੰ ਸਵਾਲ ਕਰਨਗੇ। ਬੇਰੁਜ਼ਗਾਰੀ, ਮਹਿੰਗਾਈ ਅਤੇ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਪਿੰਡ ਵਾਸੀਆਂ ਦਾ ਮੁੱਖ ਮੁੱਦਾ ਹੈ।