ਕੋਈ ਅੱਧਾ ਘੰਟਾ ਅਤੇ ਕੋਈ 1 ਘੰਟੇ ਤੋਂ ਵੱਧ ਲੇਟ ਪੁੱਜਿਆ ਦਫਤਰ
ਜਗਰਾਓਂ, 5 ਜੁਲਾਈ (ਅਮਿਤ ਖੰਨਾ, ) ਸਰਕਾਰ ਵਲੋਂ ਬਿਜਲੀ ਸੰਕਟ ਦੇ ਚਲਦਿਆਂ ਸਰਕਾਰੀ ਦਫਤਰਾਂ ਦਾ ਸਮਾਂ 8 ਤੋਂ 2 ਵਜੇ ਤਕ ਕਰ ਦਿੱਤਾ ਗਿਆ ਹੈ ਪਰ ਸ਼ਾਇਦ ਨਗਰ ਕੌਂਸਲ ਦੇ ਅਧਿਕਾਰੀ ਜਾਂ ਕਲਰਕ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਹਨ। ਨਗਰ ਕੌਂਸਲ ਜਗਰਾਓਂ ਦਾ ਦੌਰਾ ਕੀਤਾ ਗਿਆ ਤਾਂ ਓਥੇ 8 ਵਜੇ ਕੋਈ ਵੀ ਅਧਿਕਾਰੀ ਜਾਂ ਕਲਰਕ ਮੌਜੂਦ ਨਹੀਂ ਸੀ। ਸਿਰਫ ਪ੍ਰਧਾਨ ਅਤੇ ਸੈਂਨਟਰੀ ਇੰਸਪੈਕਟਰ ਹੀ ਸਮੇ ਸਿਰ ਪੁੱਜੇ ਵਿਖਾਈ ਦਿਤੇ। ਬਿਲਡਿੰਗ ਇੰਸਪੈਕਟਰ ਚਰਨਜੀਤ 9.20 ਤੇ ਆਏ ਜਦੋਂ ਕਿ ਅਕਾਊਂਟੈਂਟ ਮੈਡਮ ਨਿਸ਼ਾ ਵੀ ਕਰੀਬ 1 ਘੰਟਾ ਦੇਰੀ ਨਾਲ ਪੁੱਜੇ। ਐਸਓ ਸੁਖਦੀਪ ਸਿੰਘ ਅਤੇ ਹੋਰ ਜ਼ਿਆਦਾਤਰ ਕਲਰਕ ਲੇਟ ਆਉਂਦੇ ਵਿਖਾਈ ਦਿੱਤੇ। ਹੋਰ ਤਾਂ ਹੋਰ ਨਵੇਂ ਈਓ ਸਾਹਿਬ ਵੀ ਆਪਣੀ ਸੀਟ ਤੋਂ ਗੈਰ ਹਾਜਰ ਵਿਖਾਈ ਦਿੱਤੇ ਪਰ ਜਦੋ ਪ੍ਰਧਾਨ ਵਲੋਂ ਓਨਾ ਦੀ ਹਾਜਰੀ ਚੈੱਕ ਕੀਤੀ ਗਈ ਤਾਂ ਓਨਾ ਦ ਹਾਜਰੀ ਓਥੇ ਲੱਗੀ ਹੋਈ ਸੀ ਅਤੇ ਉਹ ਸਫਾਈ ਸੇਵਕਾਂ ਦਾ ਕੰਮ ਚੈੱਕ ਕਰਨ ਗਏ ਸਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਰਜਿਸਟਰ ਆਪਣੇ ਕੋਲ ਮੰਗਵਾਕੇ ਹਾਜਰੀ ਲਗਵਾਈ। ਸੇਵਾ ਕੇਂਦਰ ਦਾ ਜਦੋ ਰੁੱਖ ਕੀਤਾ ਗਿਆ ਤਾਂ ਹੈਰਾਨੀ ਇਹ ਹੋਈ ਕਿ ਓਥੇ 8 ਬਜੇ ਤੋਂ ਬਾਅਦ ਵੀ ਤਾਲਾ ਲੱਗਿਆ ਹੋਇਆ ਸੀ। ਓਥੇ ਮੌਜੂਦ ਸੁਰੇਸ਼ ਕੁਮਾਰ ਅਤੇ ਪ੍ਰਵੀਨ ਕੁਮਾਰ ਨੇ ਦਸਿਆ ਕਿ ਉਹ 8 ਬਜੇ ਦੇ ਸਮੇ ਮੁਤਾਬਿਕ ਸੇਵਾ ਕੇਂਦਰ ਵਿਚ ਕੰਮ ਕਰਵਾਉਣ ਸੀ ਪਰ ਓਥੇ ਤਾਲਾ ਲੱਗਿਆ ਵੇਖਿਆ ਅਤੇ ਕਾਫੀ ਸਮਾਂ ਉਡੀਕ ਕਰਨ ਤੋਂ ਬਾਅਦ ਕਰਮਚਾਰੀ ਸੇਵਾ ਕੇਂਦਰ ਖੋਲਣ ਆਏ। ਸੇਵਾ ਕੇਂਦਰ ਦੇ ਬਾਹਰ ਖੜੇ ਇਕ ਕਲਰਕ ਨੂੰ ਜਦੋ ਪੱਤਰਕਾਰਾਂ ਵਲੋਂ ਦਫ਼ਤਰ 8 ਬਜੇ ਤੋਂ ਬਾਅਦ ਵੀ ਬੰਦ ਹੋਣ ਬਾਰੇ ਪੁੱਛਿਆ ਗਿਆ ਤਾਂ ਉਹ ਕਹਿਣ ਲੱਗਾ ਕਿ ਬਸ ਉਹ ਖੋਲਣ ਹੀ ਲੱਗਾ ਸੀ ਇੰਨੇ ਨੂੰ ਤੁਸੀਂ ਆਕੇ ਫੋਟੋ ਖਿਚਣੀ ਸ਼ੁਰੂ ਕਰ ਦਿੱਤਾ। ਇਥੇ ਇਹ ਸਵਾਲ ਉੱਠਦਾ ਹੈ ਆਖਿਰ ਉਹ ਕਲਰਕ ਕਿਸ ਦੀ ਉਡੀਕ ਕਰ ਰਿਹਾ ਸੀ। ਜਦੋ ਕਿ ਆਮ ਜਨਤਾ ਬਾਹਰ ਖੜੀ ਪ੍ਰੇਸ਼ਾਨ ਹੋ ਰਹੀ ਸੀ। ਪ੍ਰਧਾਨ ਰਾਣਾ ਵਲੋਂ ਮੌਕੇ ਤੇ ਪ੍ਰੈਸ ਸਾਹਮਣੇ ਹੀ ਕਈ ਅਧਿਕਾਰੀਆਂ ਅਤੇ ਕਲਰਕਾਂ ਦੀ ਕਲਾਸ ਲਗਾਈ ਗਈ। ਇਸ ਸੰਬੰਧੀ ਜਦੋ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਓਨਾ ਕਿਹਾ ਕਿ ਲੇਟ ਆਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੇਟ ਆਉਣ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ।