You are here

ਉੱਘੇ ਉਦਯੋਗਪਤੀ ਰਣਜੋਧ ਸਿੰਘ ਦੀ ਪੁਸਤਕ ਹਲਕੇ ਫੁਲਕੇ ਵਜ਼ਨਦਾਰ ਟੋਟਕੇ ਲੋਕ ਅਰਪਨ

ਲੁਧਿਆਣਾ, ਜੂਨ 2019 -  ਉੱਘੇ ਉਦਯੋਗਪਤੀ, ਲੇਖਕ, ਫੋਟੋ ਕਲਾਕਾਰ ਤੇ ਦਾਨਵੀਰ ਰਣਜੋਧ ਸਿੰਘ ਨੇ ਆਪਣੇ ਜਨਮ ਦਿਨ ਤੇ ਪੁਸਤਕ ਹਲਕੇ ਫੁਲਕੇ ਵਜ਼ਨਦਾਰ ਟੋਟਕੇ ਅੱਜ ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰ ਗੰਜ ਦੇ ਬਾਬਾ ਗੁਰਮੁਖ ਸਿੰਘ ਹਾਲ ਵਿੱਚ ਡਾ: ਸ ਸ ਜੌਹਲ, ਡਾ: ਸੁਰਜੀਤ ਪਾਤਰ, ਪ੍ਰੋ: ਗੁਰਭਜਨ ਗਿੱਲ, ਪ੍ਰੋ: ਰਵਿੰਦਰ ਭੱਠਲ, ਤੇਜ ਪ੍ਰਤਾਪ ਸਿੰਘ ਸੰਧੂ, ਜਨਮੇਜਾ ਸਿੰਘ ਜੌਹਲ, ਕ ਕ ਬਾਵਾ, ਰਾਕੇਸ਼ ਦਾਦਾ, ਪ੍ਰਿੰ: ਨਰਿੰਦਰ ਕੌਰ ਸੰਧੂ, ਪ੍ਰਿੰ: ਇੰਦਰਜੀਤ ਕੌਰ, ਡਾ: ਨਿਰਮਲ ਜੌੜਾ,ਚਰਨਜੀਤ ਸਿੰਘ ਯੂ ਐੱਸ ਏ, ਪਰਮਜੀਤ ਸਿੰਘ ,ਗੁਰਸ਼ਰਨ ਸਿੰਘ, ਜਸਬੀਰ ਸਿੰਘ ਰਿਆਤ ਰਾਹੀਂ ਲੋਕ ਅਰਪਣ ਕੀਤੀ।

 
ਸ: ਰਣਜੋਧ ਸਿੰਘ ਦਾ ਸਮੂਹ ਪਰਿਵਾਰ ਪੁਤਕ ਲੋਕ ਅਰਪਨ ਸਮਾਰੋਹ 'ਚ ਹਾਜ਼ਰ ਸੀ। ਥਾਮਸਨ ਪਰੈੱਸ ਫ਼ਰੀਦਾਬਾਦ ਤੋਂ ਛਪੀ ਇਸ ਪੁਸਤਕ ਨੂੰ ਰਣਜੋਧ ਸਿੰਘ ਦੇ ਸਪੁੱਤਰ ਸ: ਜਸਕਰਨ ਸਿੰਘ ਨੇ ਆਪਣੀ ਪਹਿਲੀ ਕਮਾਈ ਖ਼ਰਚ ਕੇ ਛਪਵਾਇਆ ਹੈ। ਇਸ ਪੁਸਤਕ ਤੋਂ ਮਿਲਣ ਵਾਲੀ ਕਮਾਈ ਤੇ ਅੱਜ ਪਾਠਕਾਂ ਵੱਲੋਂ ਦਿੱਤੀ ਰਾਸ਼ੀ ਵਿੱਚ ਓਨੇ ਪੈਸੇ ਪੱਲਿਓਂ ਪਾ ਕੇ ਰਣਜੋਧ ਸਿੰਘ ਪਰਿਵਾਰ ਪਿੰਗਲਵਾੜਾ ਅੰਮ੍ਰਿਤਸਰ ਨੂੰ ਦਾਨ ਕਰੇਗਾ।
 
ਰਣਜੋਧ ਸਿੰਘ ਤੇ ਪੁਸਤਕ ਬਾਰੇ ਡਾ: ਸ ਸ ਜੌਹਲ, ਡਾ: ਸੁਰਜੀਤ ਪਾਤਰ, ਗੁਰਭਜਨ ਗਿੱਲ, ਰਵਿੰਦਰ ਭੱਠਲ, ਡਾ: ਨਰਿੰਦਰ ਕੌਰ ਸੰਧੂ, ਜਨਮੇਜਾ ਸਿੰਘ ਜੌਹਲ, ਪ੍ਰਿੰਸੀਪਲ ਇੰਦਰਜੀਤ ਕੌਰ ਕਲਸੀ ਤੇ ਡਾ: ਜਸਪਾਲ ਕੌਰ ਨੇ ਸੰਬੋਧਨ ਕੀਤਾ। ਪੰਜਾਬੀ ਸਾਹਿੱਤ ਅਕਾਡਮੀ ਦਾ ਸਰਪ੍ਰਸਤ ਹੋਣ ਕਾਰਨ ਰਣਜੋਧ ਸਿੰਘ ਨੂੰ ਅਕਾਡਮੀ ਦੇ ਤਿੰਨ ਸਾਬਕਾ ਪ੍ਰਧਾਨਾਂ ਡਾ: ਸ ਸ ਜੌਹਲ, ਡਾ: ਸੁਰਜੀਤ ਪਾਤਰ, ਪ੍ਰੋ: ਗੁਰਭਜਨ ਗਿੱਲ ਤੇ ਵਰਤਮਾਨ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਫੁੱਲਾਂ ਦਾ ਗੁੱਛਾ ਭੇਂਟ ਕੀਤਾ। ਕਈ ਹੋਰ ਸੰਸਥਾਵਾਂ ਤੇ ਵਿਅਕਤੀਆਂ ਨੇ ਰਣਜੋਧ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਆਏ ਸਮੂਹ ਮਹਿਮਾਨਾਂ ਨੂੰ ਕਲਮਾਂ ਭੇਂਟ ਕਰਕੇ ਰਣਜੋਧ ਪਰਿਵਾਰ ਨੇ ਸਨਮਾਨਿਤ ਕੀਤਾ।