ਸਿਆਸੀ ਸੀਰੀ - 7
- ਕਿਸਾਨਾਂ ਵਲੋਂ ਕਿਸਾਨੀ ਦੀ ਹੋਂਦ ਬਚਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਇਸ ਸੰਘਰਸ਼ ਵਿਚ ਕੇਵਲ ਕਿਸਾਨ ਨਹੀਂ ਬਲਕਿ ਖੇਤ ਮਜਦੂਰ ਤਾਂ ਨਹੀਂ ਬਲਕਿ ਉਨ੍ਹਾਂ ਦੇ ਨੌਜਵਾਨ ਧੀਆਂ - ਪੁੱਤਰ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਬਹੁਤ ਸਾਰੇ ਪਿੰਡਾਂ ਦੇ ਖੇਤ ਮਜ਼ਦੂਰਾਂ ਨੇ ਦੱਸਿਆ ਕਿ ਉਹ ਤਾਂ ਦਿਹਾੜੀ ਛੱਡ ਕੇ ਦਿੱਲੀ ਨਹੀਂ ਜਾ ਸਕਦੇ ਪਰ ਉਹ ਆਪਣੇ ਬੱਚਿਆਂ ਨੂੰ ਜਰੂਰ ਭੇਜਦੇ ਹਨ। ਪੰਜਾਬ ਦਾ 'ਜੱਟ' ਜੋ ਸਿਰਫ ਆਪਣੇ ਆਪ ਨੂੰ 'ਕਿਸਾਨ' ਮੰਨਦਾ ਹੈ ਅਤੇ ਹੋਰ ਵਰਗ ਦੇ ਲੋਕ ਜਿਹੜੇ ਖੇਤੀ ਧੰਦੇ ਨਾਲ ਜੁੜੇ ਹੋਏ ਹਨ ਨੂੰ 'ਕਿਸਾਨ' ਮੰਨਣ ਲਈ ਤਿਆਰ ਨਹੀਂ ਹੈ, ਹਾਂ ਜੱਟ ਜਿਹੜਾ ਆਈ ਏ ਐਸ /ਆਈ ਪੀ ਐਸ ਜਾਂ ਹੋਰ ਉੱਚ ਅਧਿਕਾਰੀ ਜਾਂ ਮੁਲਾਜ਼ਮ ਹੈ, ਜਾਂ ਕੋਈ ਬਿਜਨਸ ਕਰਦਾ ਹੈ, ਖੇਤੀ ਨਹੀਂ ਕਰਦਾ, ਫਿਰ ਵੀ ਆਪਣੇ ਆਪ ਨੂੰ ਕਿਸਾਨ ਮੰਨਦਾ ਹੈ, ਇਹ ਕਾਰਨ ਹੈ ਕਿ ਜੱਟ ਨੇ ਹਮੇਸ਼ਾ ਖੇਤ ਮਜ਼ਦੂਰ ਜਿਸ ਵਿਚ ਵਿਸ਼ੇਸ਼ ਕਰਕੇ ਦਲਿਤ ਹੀ ਹਨ, ਨੂੰ ਗੁਲਾਮ ਬਣਾ ਕੇ ਰੱਖਣ ਲਈ ਮਾਨਸਿਕਤਾ ਬਣਾ ਕੇ ਰੱਖੀ ਹੈ ਅਤੇ ਜਦੋਂ ਅਸੀਂ ਧਾਰਮਿਕ ਸੰਸਥਾਵਾਂ ਦੀ ਗੱਲ ਕਰਦੇ ਹਾਂ ਤਾਂ ਉਥੇ ਵੀ ਦਲਿਤ ਸਮਾਜ ਨਾਲ 'ਵਿਤਕਰਾ' ਜਾਰੀ ਹੈ, ਹਾਲਾਂਕਿ ਗੁਰੂ ਸਾਹਿਬਾਨ ਵਲੋਂ ਜਾਤ-ਪਾਤ ਅਤੇ ਊਚ-ਨੀਚ ਦੇ ਵਿਤਕਰੇ ਨੂੰ ਖਤਮ ਕਰਨ ਲਈ ਬਹੁਤ ਸੰਘਰਸ਼ ਕੀਤਾ ਗਿਆ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦਾ ਸਿਰਫ ਨਾਟਕ ਕਰ ਰਹੇ ਹਾਂ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਗੁਰੂ ਮੰਨਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੀ ਕਾਰਜਕਾਰਨੀ ਕਮੇਟੀ ਵਿਚ ਮੱਜਬੀ ਸਿੱਖ ਜਾਤੀ ਨਾਲ ਸਬੰਧਿਤ ਇਕ ਮੈਂਬਰ ਲੰਮਾ ਸਮਾਂ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ 'ਤੇ ਬਿਰਾਜਮਾਨ ਰਿਹਾ ਨੇ ਦੱਸਿਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਦਲਿਤਾਂ ਨਾਲ ਜੋ ਵਿਤਕਰਾ ਕੀਤਾ ਜਾ ਰਿਹਾ ਹੈ ਨੂੰ ਬਿਆਨਿਆ ਨਹੀਂ ਜਾ ਸਕਦਾ। ਉਨ੍ਹਾਂ ਅੱਗੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਉਪਰ 'ਹਮੇਸ਼ਾ ਉੱਚ ਜਾਤੀ ਦੇ ਲੋਕਾਂ ਦਾ ਖਾਸ ਕਰਕੇ 'ਜੱਟਾਂ' ਦਾ ਕਬਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਸ਼੍ਰੋਮਣੀ ਕਮੇਟੀ ਵਿਚ ਵੀ ਦਲਿਤ ਇੱਕ ਸੀਰੀ ਦੀ ਤਰ੍ਹਾਂ ਹੀ ਵਿਚਰ ਰਹੇ ਹਨ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਜਿਹੜੇ ਬੰਦਿਆਂ ਕੋਲ ਹੈ, ਉਹ ਕਿਸੇ ਵੀ ਕੀਮਤ 'ਤੇ ਦਲਿਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀਆਂ ਚਾਬੀਆਂ ਨਹੀਂ ਫੜਾਉਣਾ ਚਾਹੁੰਦੇ, ਹਾਲਾਂਕਿ ਗੁਰੂ ਸਾਹਿਬਾਨ ਵਲੋਂ ਤਿਆਰ ਕੀਤੀਆਂ ਫੌਜਾਂ ਵਿਚ ਦਲਿਤਾਂ ਵਲੋਂ ਜੋ ਕੁਰਬਾਨੀਆਂ ਕੀਤੀਆਂ ਗਈਆਂ ਅਤੇ ਤਸੀਹੇ ਝੱਲੇ ਗਏ ਹਨ, ਸਬੰਧੀ ਇਤਿਹਾਸ ਗਵਾਹ ਹੈ। ਇਥੇ ਹੀ ਬਸ ਨਹੀਂ 1984 ਵਿਚ ਜਦੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਫੌਜੀ ਹਮਲਾ ਹੋਇਆ ਤਾਂ ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਹਿਯੋਗ ਦੇਣ ਵਾਲਿਆਂ ਵਿਚ ਵੱਡੀ ਗਿਣਤੀ ਵਿਚ ਦਲਿਤ ਵੀ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਤਸੀਹੇ ਝੱਲੇ। ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਅਤੇ ਕਾਂਗਰਸ, ਜਿਸ ਦੀ ਕਮਾਨ ਹਮੇਸ਼ਾ 'ਜੱਟ' ਦੇ ਹੱਥ ਵਿਚ ਰਹੀ ਹੈ, 1984 ਦੇ ਘਟਨਾਕ੍ਰਮ ਨੂੰ ਲੈ ਕੇ ਅਤੇ ਬਾਅਦ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਆਪੋ-ਆਪਣੇ ਢੰਗ ਨਾਲ ਪੱਤਾ ਖੇਡ ਕੇ ਸਫਲ ਰਾਜਨੀਤੀ ਕਰ ਰਹੇ ਹਨ।
-ਸੁਖਦੇਵ ਸਲੇਮਪੁਰੀ
09780620233
5 ਜੂਨ, 2021