ਹਲਕਾ ਦਾਖਾ ਦੇ ਵਿਕਾਸ ਪੱਖੋਂ ਪਛੜਨ ਲਈ ਆਪ ਪਾਰਟੀ ਦੇ ਸਾਬਕਾ ਵਿਧਾਇਕ ਐੱਚ. ਐੱਸ. ਫੂਲਕਾ ਦੋਸ਼ੀ - ਸਿੱਧੂ
ਦਾਖਾ ਜ਼ਿਮਨੀ ਚੋਣ ਜਿੱਤਣ ਲਈ ਸਾਰੇ ਕਾਂਗਰਸੀ ਇੱਕਮੁੱਠ ਹੋਣ-ਰਵਨੀਤ ਸਿੰਘ ਬਿੱਟੂ
ਛਾਪਰ/ਲੁਧਿਆਣਾ, ਸਤੰਬਰ 2019-(ਮਨਜਿੰਦਰ ਗਿੱਲ/ਗੁਰਸੇਵਕ ਸੋਹੀ)-
ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਜੋ ਲੋਕ ਹਿੱਤ ਕੰਮ ਕੀਤੇ ਗਏ ਹਨ, ਉਨਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਕੋਲ ਇਨਾਂ ਜ਼ਿਮਨੀ ਚੋਣਾਂ ਲਈ ਕੋਈ ਮੁੱਦਾ ਨਹੀਂ ਬਚਿਆ ਹੈ। ਮੁੱਦਾਹੀਣ ਹੋਈ ਇਸ ਪਾਰਟੀ ਦੇ ਆਗੂ ਹੁਣ ਸੋਚ ਰਹੇ ਹਨ ਕਿ ਉਹ ਲੋਕਾਂ ਦੀ ਕਚਿਹਰੀ ਵਿੱਚ ਕਿਸ ਮੁੱਦੇ ਨੂੰ ਲੈ ਕੇ ਜਾਣਗੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਤਿਹਾਸਕ ਛਪਾਰ ਮੇਲੇ 'ਤੇ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਰਾਜਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਕਿਸੇ ਵੇਲੇ ਪੰਜਾਬ ਦੇ ਸਿਰ 'ਤੇ 40 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ ਪਰ ਪਿਛਲੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਅਤੇ ਪੰਜਾਬ ਨੂੰ ਆਰਥਿਕ ਪੱਖੋਂ ਉਜਾੜਨ ਦੀਆਂ ਕੋਝੀਆਂ ਸਾਜ਼ਿਸ਼ਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਦੇ ਸੱਤਾ ਸੰਭਾਲਣ ਮੌਕੇ ਇਹ ਕਰਜ਼ਾ 2.25 ਲੱਖ ਕਰੋੜ ਰੁਪਏ ਹੋ ਗਿਆ ਸੀ। ਪਰ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਸੂਬੇ ਨੂੰ ਆਰਥਿਕ ਪੱਖੋਂ ਖੜਾ ਕਰਨ ਦੇ ਨਾਲ-ਨਾਲ ਚੋਣ ਵਾਅਦੇ ਪੂਰੇ ਕਰਨ ਨੂੰ ਤਰਜੀਹ ਦਿੱਤੀ। ਸੂਬੇ ਦੀ ਡੁੱਬ ਰਹੀ ਕਿਸਾਨੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਕਰਜ਼ਾ ਮੁਆਫੀ ਦਾ ਵਾਅਦਾ ਪੁਗਾਇਆ। ਨੌਜਵਾਨਾਂ ਨੂੰ ਨਸ਼ੇ ਦੇ ਜੰਜਾਲ ਵਿੱਚੋਂ ਕੱਢਣ ਅਤੇ ਰੋਜ਼ਗਾਰ ਦੇ ਲੜ ਲਗਾਉਣ ਲਈ ਸਿਰਤੋੜ ਯਤਨ ਜਾਰੀ ਹਨ। ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਵਧੇਰੇ ਤਵੱਜੋਂ ਦਿੱਤੀ ਜਾ ਰਹੀ ਹੈ। ਸਿੱਧੂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸਾਰੇ ਚੋਣ ਵਾਅਦੇ ਪੂਰੇ ਕਰਨ 'ਤੇ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਕੋਲ ਅਗਾਮੀ ਜ਼ਿਮਨੀ ਚੋਣਾਂ ਵਿੱਚ ਲੋਕਾਂ ਵਿੱਚ ਜਾਣ ਲਈ ਕੋਈ ਮੁੱਦਾ ਨਹੀਂ ਬਚਿਆ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਕੁੱੱਟਿਆ ਅਤੇ ਲੁੱਟਿਆ। ਸ਼੍ਰੋਮਣੀ ਅਕਾਲੀ ਦਲ, ਜੋ ਕਿ 1920 ਵਿੱਚ ਸਿਰਮੌਰ ਜਥੇਬੰਦੀ ਜਾਣੀ ਜਾਂਦੀ ਸੀ ਪਰ ਹੁਣ ਬਾਦਲ ਪਰਿਵਾਰ ਦੀ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਕੇ ਰਹਿ ਗਿਆ। ਉਨਾਂ ਹਲਕਾ ਦਾਖਾ ਦੇ ਵਿਕਾਸ ਪੱਖੋਂ ਪਛੜਨ ਲਈ ਆਪ ਪਾਰਟੀ ਦੇ ਸਾਬਕਾ ਵਿਧਾਇਕ ਐੱਚ. ਐੱਸ. ਫੂਲਕਾ ਨੂੰ ਦੋਸ਼ੀ ਗਰਦਾਨਿਆ। ਸਿੱਧੂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਦੇਸ਼ ਆਰਥਿਕ ਤੌਰ 'ਤੇ ਉਦਯੋਗਿਕ ਘਰਾਣਿਆਂ ਦਾ ਗੁਲਾਮ ਹੁੰਦਾ ਜਾ ਰਿਹਾ ਹੈ। ਉਨਾਂ ਮੌਜੂਦਾ ਪ੍ਰਧਾਨ ਮੰਤਰੀ ਨੂੰ ਹੁਣ ਤੱਕ ਦਾ ਸਭ ਤੋਂ ਨਲਾਇਕ ਪ੍ਰਧਾਨ ਮੰਤਰੀ ਦਾ ਦਰਜਾ ਦਿੰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦਾ ਕੁਝ ਵੀ ਨਹੀਂ ਸਵਾਰਿਆ ਜਾ ਸਕਦਾ ਹੈ। ਇਸ ਮੌਕੇ ਉਨਾਂ ਪਿੰਡ ਛਪਾਰ ਵਿਖੇ ਚੱਲ ਰਹੇ ਸਬ ਸੈਂਟਰ ਨੂੰ ਮੁੱਢਲਾ ਸਿਹਤ ਕੇਂਦਰ ਵਜੋਂ ਅਪਗ੍ਰੇਡ ਕਰਨ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਇਹ ਮੁੱਢਲਾ ਸਿਹਤ ਕੇਂਦਰ ਅਗਲੇ ਦੋ ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਅਤੇ ਆਰ. ਐੱਸ. ਐੱਸ. ਕਦੇ ਨਹੀਂ ਚਾਹੁੰਦੇ ਕਿ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਇਸੇ ਕਰਕੇ ਪਿਛਲੀ ਸਰਕਾਰ ਵੱਲੋਂ ਇਹ ਮਾਮਲਾ ਸੀ. ਬੀ, ਆਈ. ਨੂੰ ਭੇਜ ਦਿੱਤਾ ਗਿਆ ਸੀ। ਉਨਾਂ ਕਾਂਗਰਸ ਪਾਰਟੀ ਦੇ ਜੁਝਾਰੂ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਇਕਜੁੱਟਤਾ ਦਿਖਾਉਂਦੇ ਹੋਏ ਆਗਾਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ। ਬਿੱਟੂ ਨੇ ਕਿਹਾ ਕਿ ਭਾਜਪਾ ਦੀ ਸ਼ਹਿ 'ਤੇ ਹੀ ਤੁਗਲਕਾਬਾਦ ਸਥਿਤ ਪਵਿੱਤਰ ਰਵਿਦਾਸ ਮੰਦਰ ਨੂੰ ਦਿੱਲੀ ਡਿਵੈੱਲਪਮੈਂਟ ਅਥਾਰਟੀ ਵੱਲੋਂ ਢਾਹਿਆ ਗਿਆ ਹੈ। ਉਨਾਂ ਦ੍ਰਿੜਤਾ ਨਾਲ ਕਿਹਾ ਕਿ ਕਾਂਗਰਸ ਪਾਰਟੀ ਇਸ ਮੰਦਰ ਨੂੰ ਮੁੜ ਤੋਂ ਉਸੇ ਸਥਾਨ 'ਤੇ ਬਣਵਾ ਕੇ ਕੌਮ ਨੂੰ ਸਮਰਪਿਤ ਕਰੇਗੀ। ਉਨਾਂ ਕਿਹਾ ਕਿ ਕਰਤਾਰਪੁਰ ਕੋਰੀਡੋਰ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਸਿੱਖ ਸੰਗਤ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਯਤਨ ਕੀਤੇ ਜਾਣਗੇ। ਸੰਗਤ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਹਲਕਾ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੀ ਸਰਕਾਰ ਨੂੰ ਹਰ ਪੱਖੋਂ ਫੇਲ ਕਰਨ ਲੱਗੀ ਹੋਈ ਹੈ। ਸੂਬੇ ਦੇ ਬਜਟ ਵਿੱਚ ਭਾਰੀ ਕਟੌਤੀ ਕਰ ਦਿੱਤੀ ਗਈ ਹੈ। ਉਨਾਂ ਸ਼੍ਰੋਮਣੀ ਅਕਾਲੀ ਦਲ 'ਤੇ ਸਿਰਫ਼ ਵੋਟ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਪਾਰਟੀ ਦੇ ਨੁਮਾਇੰਦਿਆਂ ਨੇ ਕਦੇ ਵੀ ਲੋਕ ਸਭਾ ਜਾਂ ਰਾਜ ਸਭਾ ਵਿੱਚ ਪੰਜਾਬ ਜਾਂ ਪੰਜਾਬੀਆਂ ਦੇ ਮੁੱਦੇ ਨਹੀਂ ਉਠਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਢਿੱਲੋਂ, ਕੁਲਦੀਪ ਸਿੰਘ ਵੈਦ ਅਤੇ ਲਖਬੀਰ ਸਿੰਘ ਲੱਖਾ (ਤਿੰਨੇ ਵਿਧਾਇਕ), ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਲੋਕ ਸਭਾ ਮੈਂਬਰ ਅਮਰੀਕ ਸਿੰਘ ਆਲੀਵਾਲ, ਚੇਅਰਮੈਨ ਕੇ. ਕੇ. ਬਾਵਾ, ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਕਰਨਜੀਤ ਸਿੰਘ ਸੋਨੀ ਤੇ ਅਸ਼ਵਨੀ ਕੁਮਾਰ (ਦੋਵੇਂ ਜ਼ਿਲਾ ਕਾਂਗਰਸ ਪ੍ਰਧਾਨ), ਰਾਜੀਵ ਰਾਜਾ ਜ਼ਿਲਾ ਯੂਥ ਕਾਂਗਰਸ ਪ੍ਰਧਾਨ, ਪੇਡਾ ਦੇ ਉੱਪ ਚੇਅਰਮੈਨ ਕਰਨ ਵੜਿੰਗ, ਜ਼ਿਲਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਲਾਪਰਾਂ, ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਹਰਕੇਸ਼ ਚੰਦ ਸ਼ਰਮਾ, ਹਰਕਰਨ ਸਿੰਘ ਵੈਦ, ਕਾਮਿਲ ਬੋਪਾਰਾਏ, ਆਨੰਦ ਸਰੂਪ ਸਿੰਘ ਮੋਹੀ ਅਤੇ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਿਲ ਸਨ।