ਸਫਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰੇ ਸਰਕਾਰ...
ਬਰਨਾਲਾ/ਮਹਿਲ ਕਲਾਂ-ਮਈ- (ਗੁਰਸੇਵਕ ਸਿੰਘ ਸੋਹੀ)- ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਜਿਲ੍ਹਾ ਬਰਨਾਲਾ ਦੀ ਅਹਿਮ ਮੀਟਿੰਗ ਚਿੰਟੂ ਪਾਰਕ ਬਰਨਾਲਾ ਵਿਖੇ ਮਾਸਟਰ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਫਾਈ ਸੇਵਕਾਂ ਵੱਲੋਂ ਪਿਛਲੇ ਸਮੇਂ ਤੋਂ ਵਿੱਢੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦਿਆਂ ਸਾਥੀ ਕਰਮਜੀਤ ਸਿੰਘ ਬੀਹਲਾ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸਮਾਜ ਪ੍ਰਤੀ ਸਭ ਤੋਂ ਅਹਿਮ ਸੇਵਾਵਾਂ ਨੂੰ ਦੇਖਦੇ ਹੋਏ ਸਮੁੱਚੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ। ਕਰੋਨਾ ਕਾਲ ਦੇ ਭਿਆਨਕ ਸਮੇਂ ਦੌਰਾਨ ਵੀ ਇਹ ਕਾਮੇ ਆਪਣੀ ਜਾਨ ਜੋਖਮ ਵਿਚ ਪਾ ਕੇ ਆਪਣੀਆਂ ਸੇਵਾਵਾਂ ਨੂੰ ਬੜੀ ਇਮਾਨਦਾਰੀ ਤੇ ਤਨਦੇਹੀ ਨਾਲ ਪੂਰੇ ਰਿਸਕ ਵਿੱਚ ਨਿਭਾ ਰਹੇ ਹਨ। ਪੰਜਾਬ ਸਰਕਾਰ ਇੱਕ ਪਾਸੇ ਇਹਨਾਂ ਨੂੰ ਫਰੰਟ ਕਰੋਨਾ ਵਾਰੀਅਰ ਦਾ ਸਰਟੀਫਿਕੇਟ ਦੇ ਰਹੀ ਹੈ ਤੇ ਦੂਜੇ ਪਾਸੇ ਬਹੁਤ ਨਿਗੂਣੀਆਂ ਤਨਖਾਹਾਂ ਦੇ ਕੇ ਇਹਨਾਂ ਦਾ ਸੋਸ਼ਣ ਕਰ ਰਹੀ ਹੈ।
ਮੀਟਿੰਗ ਵਿਚ ਹਾਜਰ ਪੰਜਾਬ ਸੁਬਾਰਡੀਨੇਟ ਸਰਵਿਸ਼ਜ ਫੈਡਰੇਸ਼ਨ ਦੇ ਆਗੂ ਅਨਿਲ ਕੁਮਾਰ, ਹਰਿੰਦਰ ਮੱਲ੍ਹੀਆਂ, ਦਰਸ਼ਨ ਚੀਮਾ ਨੇ ਕਿਹਾ ਕਿ ਸਰਕਾਰ ਆਪਣੀ ਦੋਗਲੀ ਨੀਤੀ ਨੂੰ ਛੱਡ ਕੇ ਦੋ ਧਿਰੀ ਗੱਲਬਾਤ ਰਾਹੀਂ ਮਸਲੇ ਦਾ ਤੁਰੰਤ ਨਿਬੇੜਾ ਕਰੇ ਅਤੇ ਸਾਰੀਆਂ ਹੀ ਹੱਕੀ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਦਾ ਐਲਾਨ ਕਰੇ। ਸਾਥੀਆਂ ਨੇ ਕਿਹਾ ਕਿ 31 ਮਈ ਦਿਨ ਸੋਮਵਾਰ ਨੂੰ ਜੇ.ਪੀ.ਐਮ.ਓ. ਵੱਲੋਂ ਪੂਰੇ ਪੰਜਾਬ ਵਿੱਚ ਸਫਾਈ ਸੇਵਕਾਂ ਦੇ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇ.ਪੀ.ਐਮ.ਓ. ਵੱਲੋਂ ਸਫਾਈ ਸੇਵਕਾਂ ਦੀਆਂ ਮੰਗਾਂ ਦੇ ਪੂਰਨ ਹੱਲ ਤੱਕ ਲਗਾਤਾਰ ਸੰਘਰਸ਼ ਵਿੱਚ ਹਾਜਰੀ ਦਿੱਤੀ ਜਾਵੇਗੀ ਤੇ ਪੰਜਾਬ ਸਰਕਾਰ ਦੇ ਨੱਕ ਵਿਚ ਦਮ ਕੀਤਾ ਜਾਵੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਤੇਜਿੰਦਰ ਸਿੰਘ ਤੇਜੀ, ਗੁਲਸ਼ਨ ਕੁਮਾਰ, ਵਿੰਦਰ ਸਿੰਘ, ਅਸੋਕ ਕੁਮਾਰ, ਰਕੇਸ ਕੁਮਾਰ, ਸੁਰਿੱਦਰ ਸਰਮਾ ਆਦਿ ਹਾਜਰ ਸਨ ।