You are here

ਕਰੋਨਾ ਮਹਾਂਮਾਰੀ ਕਾਰਨ ਲੱਗੇ ਮਿੰਨੀ ਲੌਕਡਾਊਨ ਤੋਂ ਵਪਾਰੀ ਵਰਗ ਹੋਇਆ ਪ੍ਰੇਸ਼ਾਨ

ਸਾਬਕਾ ਵਿਧਾਇਕ ਕਲੇਰ ਦੀ ਅਗਵਾਈ ’ਚ ਵਪਾਰੀ ਵਰਗ ਐਸ.ਡੀ.ਐਮ. ਤੇ ਤਹਿਸੀਲਦਾਰ ਨੂੰ ਮਿਲਿਆ
ਜਗਰਾਉਂ, ਮਈ (ਅਮਿਤ ਖੰਨਾ  )-ਕਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਏ ਮਿੰਨੀ ਲੌਕਡਾਊਨ ਕਾਰਨ ਕੱਪੜਾ, ਮਨਿਆਰੀ ਤੇ ਬੂਟਾ ਵਾਲਾ ਵਪਾਰੀ ਪੂਰੀ ਤਰ੍ਹਾਂ ਪੇ੍ਰਸ਼ਾਨ ਹੈ। ਪਿੱਛਲੇ ਸਾਲ ਵੀ ਲੌਕਡਾਊਨ ਲੱਗਣ ਕਾਰਨ ਕੰਮਾਂ-ਕਾਜਾਂ ਦਾ ਬੁਰਾ ਹਾਲ ਹੈ, ਉਪਰੋਂ ਸਰਕਾਰ ਵੱਲੋਂ ਜ਼ਰੂਰੀ ਵਸਤੂਆਂ ਦੀਆਂ ਚੀਜ਼ਾਂ ਦੇ ਰੇਟ ਅਸਮਾਨੀ ਚੜ੍ਹਾ ਕੇ ਗਰੀਬਾਂ ਤੋਂ ਰੋਟੀ ਖੋਹੀ ਜਾ ਰਹੀ ਹੈ। ਅੱਜ ਪ੍ਰੇਸ਼ਾਨ ਵਪਾਰੀ ਵਰਗ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਸਾਬਕਾ ਵਿਧਾਇਕ ਐਸ. ਆਰ. ਕਲੇਰ ਵੱਲੋਂ ਯਤਨ ਕੀਤੇ ਗਏ। ਸਾਬਕਾ ਵਿਧਾਇਕ ਐਸ. ਆਰ. ਕਲੇਰ ਦੀ ਅਗਵਾਈ ’ਚ ਵਪਾਰੀ ਵਰਗ ਐਸ. ਡੀ. ਐਮ. ਨਰਿੰਦਰ ਸਿੰਘ ਧਾਲੀਵਾਲ ਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੂੰ ਮਿਲਿਆ, ਜਿੱਥੇ ਵਪਾਰੀਆਂ ਨੇ ਮੰਗ ਪੱਤਰ ਸੌਪ ਕੇ ਦੁਕਾਨਾਂ ਖੁੱਲ੍ਹਵਾਉਣ ਦੀ ਮੰਗ ਕੀਤੀ। ਇਸ ਮੌਕੇ ਐਸ. ਡੀ. ਐਮ. ਤੇ ਤਹਿਸੀਲਦਾਰ ਨੇ ਕਿਹਾ ਕਿ ਡੀ. ਸੀ. ਸਾਹਿਬ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਦੁਕਾਨਾਂ ਨਾ ਖੋਲ੍ਹਣ ਦਿੱਤੀਆਂ ਜਾਣ ਪ੍ਰੰਤੂ ਇਸ ਦੇ ਬਾਵਜੂਦ ਵੀ ਅਸੀ ਤੁਹਾਡੀ ਗੱਲ ਡੀ. ਸੀ. ਸਾਹਿਬ ਨਾਲ ਕਰਾਂਗੇ ਤੇ ਦੁਕਾਨਾਂ ਖੁੱਲ੍ਹਵਾਉਣ ਸਬੰਧੀ ਇਜਾਜਤ ਮੰਗੀ ਜਾਵੇਗੀ। ਇਸ ਮੌਕੇ ਸਾਬਕਾ ਵਿਧਾਇਕ ਐਸ. ਆਰ. ਕਲੇਰ ਨੇ ਕਿਹਾ ਕਿ ਕਰੋਨਾ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ, ਜਿਸ ਤੋਂ ਸਾਨੂੰ ਬਚਾਅ ਰੱਖਣ ਦੀ ਲੋੜ ਹੈ ਪ੍ਰੰਤੂ ਦੂਜੇ ਪਾਸੇ ਸਰਕਾਰ ਨੇ ਲੌਕਡਾਊਨ ਲਗਾਕੇ ਵਪਾਰੀਆਂ ਦਾ ਕੰਮ-ਕਾਜ ਠੱਪ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਲਗਾਉਣ ਵੀ ਜ਼ਰੂਰੀ ਹੈ ਪਰ ਸਰਕਾਰ ਨੂੰ ਗਰੀਬਾਂ ਤੇ ਵਪਾਰੀਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਦੇਸ਼ ਦੀ ਜਨਤਾ ਨੂੰ ਬਚਾਉਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਨ। ਇਸ ਮੌਕੇ ਕਲਾਸ ਮਾਰਚੈਡ ਐਸੋਸੀਏਸ਼ਨ ਤੋਂ ਦੀਪਇੰਦਰ ਸਿੰਘ ਭੰਡਾਰੀ ਤੇ ਹਰਦੇਵ ਸਿੰਘ ਬੌਬੀ, ਰੇਡੀਮੇਟ ਐਸੋਸੀਏਸ਼ਨ ਤੋਂ ਪ੍ਰਧਾਨ ਰੋਹਿਤ ਗੋਇਲ, ਗੁਰਸ਼ਰਨ ਸਿੰਘ ਮਿਗਲਾਨੀ, ਅਮਰੀਕ ਸਿੰਘ ਚਾਲਵਾ ਤੇ ਗਗਨਦੀਪ ਸਿੰਘ ਸਰਨਾ ਤੋਂ ਇਲਾਵਾ ਬੂਟਾ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਹਾਜ਼ਰ ਸਨ।