ਆਪਣੀ ਧੀ ਨੂੰ ਵੀ ਦਿਉ
ਸਿੱਖਿਆ
ਬਚਪਨ ਤੋਂ ਹੀ,
ਕਿਵੇਂ ਲੜਨਾ ਹੈ
ਨਾਲ ਖਤਰਿਆਂ ਦੇ।
ਜ਼ਰੂਰਤ ਹੈ ਧੀਆਂ ਨੂੰ
ਕਰਨ ਲਈ ਉਤਸ਼ਾਹਿਤ,
ਹਰ ਪੱਖ ਤੋਂ ।
ਜੂਝਣ ਦੀ ਹਰ ਕਰੜੀ
ਅਜਮਾਇਸ਼ ਤੋਂ
ਅਤੇ ਜ਼ਿੰਦਗੀ ਦੀ
ਹਰ ਲੜਾਈ ਲੜਨੇ ਲਈ।
ਸਿਖਾਉਣੀ ਪਵੇਗੀ ਉਸਨੂੰ
ਕਰਨੀ ਹੈ
ਕਿਵੇਂ “ ਸੈਲਫ ਡੀਫੈਂਸ”
ਦਵਾ ਦਿਉ ਪੂਰੀ ਦੀ ਪੂਰੀ
ਟਰੇਨਿੰਗ
ਮਾਰਸ਼ਲ ਆਰਟਸ ਦੀ।
ਸਿਖਣੀ ਪਵੇਗੀ ਹਰ
ਮਰਦਾਨਵੀਂ ਖੇਡ
ਕਰਨ ਲਈ ਹਰ ਮੈਦਾਨ
ਫ਼ਤਿਹ ।
ਉਸਦੀ ਅੰਦਰੂਨੀ ਤਾਕਤ ਨੂੰ
ਲੋੜ ਹੈ ਜਗਾਉਣ ਦੀ।
ਹਰ ਧੀ ਦੀ,
ਅੰਤਰ ਆਤਮਾਂ ਨੂੰ
ਚਾਹੀਦਾ ਹੈ ਉਸਦੇ,
ਮਾਂ-ਬਾਪ ਵੱਲੋਂ ਦਿੱਤਾ ਹੌਸਲਾ।
ਛੱਡ ਦਿਉ ਉਸਦੇ ਜਨਮ ਤੋਂ ਹੀ,
ਕਹਿਣਾ ਬੇਗਾਨੀ ਧੀ।
ਜਾਣਾ ਏ ਬੇਗਾਨੇ ਘਰ।
ਸਮਾਜ ਦੇ ਕਹੇ
ਅਜਿਹੇ ਲਫ਼ਜ਼ ਹੀ
ਕਰ ਦਿੰਦੇ ਨੇ ਔਰਤ ਦੇ
ਮਨੋਬਲ ਦਾ ਖਾਤਮਾਂ
ਹਮੇਸ਼ਾਂ ਲਈ।
ਨਾ ਕਰੋ ਉਸਨੂੰ ਕਹਿ ਕੇ
ਖਫਾ ਕਿ ਤੂੰ ਤਾਂ ਭਾਰ ਏਂ,
ਸਾਡੇ ਤੇ।
ਆਪਣੀ ਸਿੱਖਿਆ ਵਿੱਚ
ਦੱਸ ਦਿਉ ਧੀ ਆਪਣੀ ਨੂੰ
ਤੂੰ ਬਣਨਾ ਏ
ਆਪਣੀ ਅਤੇ ਸਮਾਜ ਦੀ
ਹਰ ਧੀ ਦੀ,
ਰੱਖਿਅਕ ਧੀ।
ਦੇ ਕੇ ਔਰਤ ਨੂੰ
ਉੱਚਾ ਰੁੱਤਬਾ ਆਪ।
ਨਹੀਂ ਮਰਨ ਦੇਣਾ ਕੁੱਖ ਵਿੱਚ
ਨਾਂ ਹੀ ਦੇਣਾ ਹੈ ਜਿਉਦਿਆਂ
ਹੀ ਸੜਨ।
ਹਰ ਧੀ ਨੇ ਵੀ
ਰਹਿਣਾ ਹੈ
ਤਿਆਰ-ਬਰ-ਤਿਆਰ
ਲੜਨ ਲਈ ਸਮੇਂ ਦੀ ਹਰ
ਛੋਟੀ ਅਤੇ ਵੱਡੀ
ਲੜਾਈ।
ਤਾਂ ਜੋ ਨਾਂ ਹੋਵੇ
ਕਿਸੇ ਧੀ ਦਾ ਕੁੱਖ ਤੋਂ ਲੈ ਕੇ,
ਸਹੁਰੇ ਘਰ ਦੀਆਂ
ਦਹਿਲੀਜ਼ਾਂ ਤੱਕ ਦਾ
ਕਦੇ ਕੋਈ ਕਤਲ ।
ਜਸਵੰਤ ਕੌਰ ਕੰਗ ਬੈਂਸ
ਲੈਸਟਰ ਯੂ ਕੇ