ਮਹਿਲ ਕਲਾਂ/ਬਰਨਾਲਾ-ਅਪ੍ਰੈਲ- (ਗੁਰਸੇਵਕ ਸਿੰਘ ਸੋਹੀ)- ਕੋਵਿਡ-19 ਮਹਾਂਮਾਰੀ ਦੇ ਕਹਿਰ ਦੌਰਾਨ ਲੰਘੇ ਸਾਲ 2020 ਵਿੱਚ ਪੰਜਾਬ ਸਰਕਾਰ ਵੱਲੋਂ ਕੋਰੋਨਾ ਪੈਰਾ ਮੈਡੀਕਲ ਵਲੰਟੀਅਰ (ਕਰੋਨਾ ਯੋਧੇ) ਸਿਹਤ ਵਿਭਾਗ ਵੱਲੋਂ ਭਰਤੀ ਕੀਤੇ ਗਏ ਸਨ ਪਰ ਹੁਣ ਇਨ੍ਹਾਂ ਕਰੋਨਾ ਯੋਧਿਆਂ ਨੂੰ ਪੰਜਾਬ ਸਰਕਾਰ ਨੇ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ ਜਦਕਿ ਇਨ੍ਹੀਂ ਦਿਨੀਂ ਕੋਵਿਡ ਮਹਾਂਮਾਰੀ ਨਾਲ ਪੰਜਾਬ ਸਮੇਤ ਦੇਸ਼ ਭਰ ਵਿੱਚ ਕੀਮਤੀ ਜਾਨਾਂ ਮੌਤ ਦੇ ਮੂੰਹ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸਮਾਜਿਕ ਸੰਸਥਾ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਅਤੇ ਤੇਜ਼ ਤਰਾਰ ਆਗੂ ਕੁਲਵੰਤ ਸਿੰਘ ਟਿੱਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਮ ਲੋਕਾਂ ਲਈ ਸਿਹਤ ਸੇਵਾਵਾਂ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਹਨ ਜਦਕਿ ਕੋਰੋਨਾ ਮਹਾਂਮਾਰੀ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਨ੍ਹਾਂ ਪੈਰਾ ਮੈਡੀਕਲ ਵਲੰਟੀਅਰਾਂ ਨੇ ਕੋਵਿਡ ਪੀੜਤ ਮਰੀਜ਼ਾਂ ਦੀ ਸਾਂਭ ਸੰਭਾਲ ਕੀਤੀ ਅਤੇ ਉਨ੍ਹਾਂ ਦੀ ਜਾਨ ਬਚਾਈ ਪਰ ਪੰਜਾਬ ਸਰਕਾਰ ਨੇ ਇਸ ਔਖੀ ਘੜੀ ਵਿੱਚ ਸਾਥ ਦੇਣ ਵਾਲੇ ਇਨ੍ਹਾਂ ਕੋਰੋਨਾ ਯੋਧਿਆਂ ਨੂੰ ਨੌਕਰੀ ਤੋਂ ਫ਼ਾਰਗ ਕਰਕੇ ਇਕ ਤਰ੍ਹਾਂ ਨਾਲ ਬੇਰੁਜ਼ਗਾਰ ਕਰ ਦਿੱਤਾ ਹੈ ਜੋ ਇੱਕ ਤਾਨਾਸ਼ਾਹੀ ਦਾ ਸਬੂਤ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪੈਰਾਮੈਡੀਕਲ ਵਲੰਟੀਅਰਾਂ ਨੂੰ ਤੁਰੰਤ ਨੌਕਰੀ ਤੇ ਬਹਾਲ ਕੀਤਾ ਜਾਵੇ ਤਾਂ ਕਿ ਕੌਮੀ ਆਫਤ ਨਾਲ ਟਾਕਰਾ ਕਰਨ ਵਿੱਚ ਸਰਕਾਰ ਦਾ ਸਾਥ ਦੇਣ ਵਾਲੇ ਨੌਜਵਾਨ ਧੀਆਂ ਪੁੱਤਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਮਾਹੀ, ਡਾਇਰੈਕਟਰ ਡਾ ਮਿੱਠੂ ਮੁਹੰਮਦ ਮਹਿਲ ਕਲਾਂ, ਹਰਵਿੰਦਰ ਸਿੰਘ ਸਰਾਂ ਸ਼ੇਰਪੁਰ, ਮੀਡੀਆ ਇੰਚਾਰਜ ਬਲਵਿੰਦਰ ਸਿੰਘ ਹੇਡ਼ੀਕੇ, ਡਾ ਸਰਬਜੀਤ ਸਿੰਘ ਖੇੜੀ, ਸੰਸਾਰ ਸਿੰਘ ਪੰਚ ਕ੍ਰਿਪਾਲੇਵਾਲ, ਜਸਵੀਰ ਸਿੰਘ ਸ਼ੇਰਗਿੱਲ, ਜਸਪਾਲ ਸਿੰਘ ਬੀਰੀ, ਗੁਰਪਿਆਰ ਸਿੰਘ ਟਿੱਬਾ, ਡਾ ਗੁਰਪ੍ਰੀਤ ਨਾਹਰ, ਸੁਖਵਿੰਦਰ ਸਿੰਘ ਕਾਕਾ ਵਜੀਦਕੇ ਅਤੇ ਅਜੀਤ ਸਿੰਘ ਦੁੱਗਲ ਆਦਿ ਆਗੂ ਹਾਜ਼ਰ ਸਨ।