You are here

ਸੰਸਦ ਵੱਲ ਮਾਰਚ ਕਰਨ ਲਈ ਧੱਕੇ ਨਾਲ ਤਰੀਕ ਮੰਗਣਾ ਇਨ੍ਹਾਂ ਨੌਜਵਾਨ ਜਥੇਬੰਦੀਆਂ ਦਾ ਇਹ ਫ਼ੈਸਲਾ ਸਹੀ ਨਹੀਂ

ਸੰਯੁਕਤ ਮੋਰਚੇ ਦੇ ਆਗੂਆਂ ਨੂੰ ਘੇਰਨ ਦੀ ਕਾਰਵਾਈ ਦੀ ਜ਼ੋਰਦਾਰ ਨਿੰਦਾ -ਜੋਗਿੰਦਰ ਸਿੰਘ ਉਗਰਾਹਾਂ  

ਨਵੀਂ ਦਿੱਲੀ 24 ਅਪ੍ਰੈਲ 2021 ( (ਗੁਰਸੇਵਕ ਸੋਹੀ) ) ਦਿੱਲੀ ਦੇ ਟਿਕਰੀ ਬਾਰਡਰ 'ਤੇ ਪਕੋੜਾ ਚੌਕ ਨੇੜੇ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਹੁੰਦਿਆਂ ਸੰਘਰਸ਼ ਦੋਖੀ ਤਾਕਤਾਂ ਦੇ ਹੱਥਾਂ 'ਚ ਖੇਡ ਰਹੇ ਕੁਝ ਅਨਸਰਾਂ ਵੱਲੋਂ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਘੇਰਨ ਦੀ ਕਾਰਵਾਈ ਦੀ ਜ਼ੋਰਦਾਰ ਨਿੰਦਾ ਕੀਤੀ ਤੇ ਇਸ ਕਾਰਵਾਈ ਨੂੰ ਸੰਘਰਸ਼ ਨੂੰ ਹਰਜਾ ਪਹੁੰਚਾਊ ਕਾਰਵਾਈ ਕਰਾਰ ਦਿੱਤਾ। ਕੱਲ੍ਹ ਦੀ ਘਟਨਾ ਬਾਰੇ ਟਿੱਪਣੀ ਕਰਦਿਆਂ ਸ੍ਰੀ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸੰਸਦ ਮਾਰਚ ਦੀ ਤਰੀਕ ਐਲਾਨਣ ਦੀ ਮੰਗ ਦਾ ਵਿਖਾਵਾ ਕਰ ਰਹੇ ਇਹਨਾਂ ਅਨਸਰਾਂ ਦਾ ਇਹ ਵਿਹਾਰ ਹੀ ਸੰਸਦ ਮਾਰਚ ਨੂੰ ਮੁਲਤਵੀ ਕਰਨ ਦੀ ਵਜ੍ਹਾ ਹੈ। ਕਿਉਂਕਿ ਇਹ ਤਾਕਤਾਂ ਸੰਸਦ ਮਾਰਚ ਦੇ ਐਕਸ਼ਨ ਰਾਹੀਂ ਮੁੜ 26 ਜਨਵਰੀ ਵਰਗੀਆਂ ਘਟਨਾਵਾਂ ਦੁਹਰਾਉਣਾ ਚਾਹੁੰਦੀਆਂ ਹਨ। ਸਰਕਾਰ ਪਹਿਲਾਂ ਹੀ ਇਸ ਸੰਘਰਸ਼ ਅੰਦਰ ਹਿੰਸਕ ਟਕਰਾਅ ਦਾ ਮਾਹੌਲ ਪੈਦਾ ਕਰਕੇ ਸੰਘਰਸ਼ 'ਤੇ ਹਮਲਾ ਬੋਲਣਾ ਚਾਹੁੰਦੀ ਹੈ ਤੇ ਇਹ ਸੰਘਰਸ਼ ਦੋਖੀ ਤਾਕਤਾਂ ਮੋਦੀ ਸਰਕਾਰ ਦਾ ਇਹ ਮਨਸੂਬਾ ਹੋਰ ਸੌਖਾ ਕਰਨ ਦਾ ਸਾਧਨ ਬਣ ਰਹੀਆਂ ਹਨ। ਆਪਣੇ ਸੌਡ਼ੇ ਸਿਆਸੀ ਤੇ ਫਿਰਕੂ ਮੰਤਵਾਂ ਲਈ ਸੰਘਰਸ਼ ਅੰਦਰ ਘੁਸਪੈਠ ਕਰ ਰਹੇ ਚੱਕਵੀੰ ਸੁਰ ਵਾਲੇ ਇਹਨਾਂ ਫਿਰਕੂ ਤੇ ਭੜਕਾਊ ਅਨਸਰਾਂ ਨਾਲੋਂ ਸਭਨਾਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਤੇ ਸੰਘਰਸ਼ ਹਿਤੈਸ਼ੀ ਹਿੱਸਿਆਂ ਨੂੰ ਨਿਖੇੜੇ ਦੀ ਲਕੀਰ ਖਿੱਚਣੀ ਚਾਹੀਦੀ ਹੈ ਤੇ ਇਨ੍ਹਾਂ ਦੇ ਅਜਿਹੇ ਮਨਸੂਬੇ ਫੇਲ੍ਹ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਪਹਿਲੀ ਵਾਰ ਅਜਿਹੇ ਲੰਮੇ ਘੋਲ ਦਾ ਤਜ਼ਰਬਾ ਨਹੀਂ ਹੰਢਾ ਰਹੀ।20 ਸਾਲ ਦਾ ਪੁਰਾਣਾ ਇਤਿਹਾਸ ਹੈ ਜਥੇਬੰਦੀ ਦਾ ਜੋ ਕਣਕ ਝੋਨੇ ਦੀ ਖਰੀਦ ਜਾਰੀ ਰੱਖਣ , ਕੁਰਕੀਆਂ ਦੇ ਅਮਲ ਨੂੰ ਰੋਕਣ ਅਤੇ ਬਿਜਲੀ ਮੁਆਫ਼ੀ ਬਹਾਲ ਰੱਖਣ ਲਈ ਸੂਬਾ ਸਰਕਾਰ ਨਾਲ ਲੰਮੇ ਤੇ ਜਾਨ ਹੂਲਵੇਂ ਘੋਲ ਲੜ ਚੁੱਕੀ ਹੈ। 20-25 ਜਾਨਾਂ ਵੀ ਇਨ੍ਹਾਂ ਘੋਲਾਂ ਵਿੱਚ ਲੇਖੇ ਲਗਾ ਚੁੱਕੀ ਆ। ਸਰਕਾਰ ਨਾਲ ਸੰਘਰਸ਼ ਦੌਰਾਨ ਸਰਕਾਰ ਦੀ ਮਾੜੀ ਸਿਆਸੀ ਹਾਲਤ ਅਤੇ ਲੋਕਾਂ ਦੀ ਤਾਕਤ ਅਤੇ ਲੜਾਕੂ ਇਰਾਦਾ ਅੰਗ ਕੇ ਟੱਕਰ ਦੇਣ ਵਾਲੀ ਪੰਜਾਬ ਵਿੱਚ ਸਭ ਤੋਂ ਵੱਧ ਲੜਾਕੂ ਅਤੇ ਅਨੁਸ਼ਾਸਨ ਰੱਖਣ ਵਾਲੀ ਜਥੇਬੰਦੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਕੋਰੋਨਾ ਮਹਾਂਮਾਰੀ ਦੇ ਲੱਛਣ ਜ਼ਾਹਿਰ ਹੋਣ ਵਾਲੇ ਅੰਦੋਲਨਕਾਰੀ ਦੇ ਇਲਾਜ ਦੇ ਪ੍ਰਬੰਧ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। ਇਸ ਦੇ ਬਚਾਅ ਲਈ ਠੰਢੇ ਪਾਣੀ ਤੋਂ ਪਰਹੇਜ਼ ਅਤੇ ਮਾਮੂਲੀ ਖੰਘ,ਜ਼ੁਕਾਮ,ਬੁਖਾਰ ਦੀਆਂ ਦਵਾਈਆਂ ਹਰ ਇੱਕ ਕੋਲ ਪਹੁੰਚਾਈਆਂ ਜਾਣਗੀਆਂ।ਸਰਕਾਰ ਕਰੋਨਾ ਬਹਾਨੇ ਸ਼ਾਹੀਨ ਬਾਗ ਵਾਲਾ ਫਾਰਮੂਲਾ ਕਿਸਾਨੀ ਅੰਦੋਲਨ 'ਤੇ ਲਾਗੂ ਕਰਨ ਦਾ ਯਤਨ ਕਰ ਰਹੀ ਹੈ।

ਬਠਿੰਡਾ ਜ਼ਿਲ੍ਹੇ ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਕੁਝ ਜਥੇਬੰਦੀਆਂ ਦੀ ਸਮਝ ਮੁਤਾਬਕ ਕਾਲੇ ਕਾਨੂੰਨਾਂ ਵਿਰੁੱਧ ਮੌਜੂਦਾ ਲੜਾਈ ਹਾਲਤਾਂ ਮੁਤਾਬਕ ਸਿੱਧੀ ਟੱਕਰ ਲੈਣ ਵਾਲੀ ਨਹੀਂ ਹੈ। ਅਜਿਹਾ ਪੈਂਤੜਾ ਸਰਕਾਰ ਨੂੰ ਸੰਘਰਸ਼ ਕੁਚਲਣ ਦਾ ਮੌਕਾ ਦੇਣ ਬਰਾਬਰ ਹੈ। ਵੱਡੀਆਂ ਜਨਤਕ ਲਾਮਬੰਦੀਆਂ ਵਾਲੇ ਸ਼ਾਂਤਮਈ ਜਾਨ-ਹੂਲਵੇਂ ਸੰਘਰਸ਼ ਅਜੋਕੇ ਸਮੇਂ ਦੀ ਮੰਗ ਹਨ।ਸਰਕਾਰ ਅਜਿਹੇ ਸਿਰੜੀ ਅੰਦੋਲਨ ਨੂੰ ਖਦੇੜਨ ਦੇ ਬਹਾਨੇ ਲੱਭ ਰਹੀ ਹੈ।ਇਸੇ ਲਈ ਤਜਰਬੇਕਾਰ ਲੀਡਰਸ਼ਿਪ ਬਹਾਨੇ ਦੇਣ ਤੋਂ ਬਚਣ ਲਈ ਸੋਚ ਸਮਝ ਕੇ ਕਦਮ ਰੱਖ ਰਹੀ ਹੈ।ਘੋਲ ਨਿੱਤ ਨਵੇਂ ਸਿੱਟੇ ਕੱਢ ਰਿਹਾ ਹੈ।ਅੱਜ ਦੀ ਸਟੇਜ ਤੋਂ ਗੁਰਭਿੰਦਰ ਸਿੰਘ ਕੋਕਰੀ ਕਲਾਂ,ਮਨਜੀਤ ਸਿੰਘ ਘਰਾਚੋਂ, ਗੁਰਪ੍ਰੀਤ ਸਿੰਘ ਨੂਰਪੁਰਾ ਅਤੇ ਬਲਦੇਵ ਸਿੰਘ ਬਡਬਰ ਨੇ ਵੀ ਸੰਬੋਧਨ ਕੀਤਾ।