ਨਿਹੰਗ ਸਿੰਘ ਖ਼ਾਲਸੇ ਦੀ ਲਾਡਲੀ ਫੌਜ
ਨਿਹੰਗ ਸਿੰਘਾਂ ਨਾਲ ਸਬੰਧਿਤ ਕੋਈ ਖਬਰ ਆਈ ਨਹੀਂ ਕਿ ਸਾਡੇ ਆਵਦੇ ਹੀ ਨਿਹੰਗ ਸਿੰਘਾਂ ਬਾਰੇ ਗਲਤ ਮਲਤ ਬੋਲਣਾ ਸ਼ੁਰੂ ਕਰ ਦਿੰਦੇ ਨੇ ।ਭੰਗ ਪੀਣੇ , ਨਸ਼ੇੜੀ ਤੇ ਹੋਰ ਪਤਾ ਨੀ ਕੀ ਕੀ ਖਿਤਾਬ ਬਖਸ਼ ਦਿੰਦੇ ਨੇ । ਸਾਡਾ ਸ਼ਿਕਵਾ ਰਿਹਾ ਹੈ ਕਿ ਪੰਜਾਬ ਦੇ ਮਸਲੇ ਹੋਣ ਜਾਂ ਖਾਲਸਾ ਰਾਜ ਦੀ ਗੱਲ ਹੋਵੇ , ਨਿਹੰਗ ਸਿੰਘ ਚੁੱਪ ਰਹਿੰਦੇ ਨੇ , ਕੋਈ ਦਿਲਚਸਪੀ ਨਹੀ ਲੈਂਦੇ । ਦਿਲਚਸਪੀ ਤਾਂ ਲੈਣ ਜੇ ਕਿਤੇ ਉਹਨਾਂ ਨੇ ਆਪਣੇ ਆਪ ਨੂੰ ਕਿਸੇ ਦਾ ਗੁਲਾਮ ਸਮਝਿਆ ਹੋਵੇ । ਨਿਹੰਗ ਸਿੰਘ ਆਪਣੇ ਆਪ ਨੂੰ ਸਿਰਫ ਅਕਾਲ ਪੁਰਖ ਦਾ ਗੁਲਾਮ ਮੰਨਦੇ ਨੇ ਨਾ ਕਿ ਕਿਸੇ ਸਰਕਾਰ ਜਾ ਸਟੇਟ ਦਾ । ਤੁਸੀਂ ਵੇਖਿਆ ਹੋਣਾ ਜਿੱਥੇ ਕਿਤੇ ਦਿਲ ਕਰਦਾ ਆਪਣੇ ਤੰਬੂ ਗੱਡ ਲੈਂਦੇ ਨੇ , ਘੋੜੇ ਬੰਨ ਲੈਂਦੇ ਨੇ , ਕਿਸੇ ਦੀ ਕੀ ਮਜਾਲ ਕਿ ਕੋਈ ਇਹਨਾ ਨੂੰ ਰੋਕ ਜਾਵੇ । ਰਹੀ ਨਕਲੀ ਬੰਦਿਆਂ ਦੀ ਗੱਲ ਤਾਂ ਦੱਸੋ ਨਕਲੀ ਬੰਦੇ ਕਿਹੜੇ ਦੇਸ, ਧਰਮ ਜਾਂ ਕੌਮ ਚ ਨਹੀ ਹਨ ।ਕੀ ਸਿੱਖ ਧਰਮ ਚ ਠੱਗਾਂ ਤੇ ਮਤਲਬਖੋਰਾਂ ਦੀ ਕੋਈ ਘਾਟ ਹੈ ? ਕੀ ਅਜਿਹੇ ਠੱਗਾਂ ਮਤਲਬਖੋਰਾਂ ਦੀ ਵਜਾ ਨਾਲ ਸਿੱਖ ਧਰਮ ਨੂੰ ਹੀ ਗਲਤ ਆਖਾਂਗੇ ? ਦਰਅਸਲ ਅਸੀਂ ਨਿਹੰਗ ਸਿੰਘਾਂ ਨੂੰ ਸਮਝ ਹੀ ਨਹੀਂ ਸਕੇ ਤੇ ਉਹਨਾਂ ਨੂੰ ਸਮਝਣਾ ਸਾਡੇ ਵੱਸ ਦਾ ਕੰਮ ਵੀ ਨਹੀਂ ਹੈ । ਨਿਹੰਗ ਸਿੰਘਾਂ ਨੂੰ ਸਮਝਣ ਲਈ ਕੋਈ ਮਹਾਰਾਜਾ ਰਣਜੀਤ ਸਿੰਘ ਚਾਹੀਦਾ ਹੈ । ਨਿਹੰਗ ਸਿੰਘਾਂ ਤੋਂ ਸੇਵਾ ਲਈ ਜਾ ਸਕਦੀ ਹੈ ਪਰ ਕਿਸ ਤਰਾਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਹੀ ਜਾਣਦੇ ਸਨ । ਤੁਸੀਂ ਪੜਿਆ ਸੁਣਿਆ ਹੋਵੇਗਾ ਕਿ ਬਾਬਾ ਅਕਾਲੀ ਫੂਲਾ ਸਿੰਘ ਜੀ ਆਪਣੇ ਜੱਥੇ ਸਮੇਤ ਅਜਾਦ ਵਿਚਰਦੇ ਸਨ । ਉਹ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਨਹੀ ਸਨ ਕਰਦੇ । ਪਰ ਫਿਰ ਵੀ ਜਦ ਵੀ ਮਹਾਰਾਜਾ ਜੀ ਨੂੰ ਲੋੜ ਪੈਂਦੀ ਸੀ ਤਾਂ ਮਹਾਰਾਜੇ ਦੀ ਬੇਨਤੀ ਤੇ ਜਦੇ ਹੀ ਬਾਬਾ ਅਕਾਲੀ ਫੂਲਾ ਸਿੰਘ ਜੀ ਬਿਨਾਂ ਕਿਸੇ ਸ਼ਰਤ , ਆਪਣੇ ਜੱਥੇ ਸਮੇਤ ਉਸਦੀ ਮੱਦਦ ਲਈ ਪਹੁੰਚ ਜਾਂਦੇ ਸਨ । ਕਦੇ ਸੋਚਿਆਂ ਕਿਉਂ ? ਕਿਉਂਕਿ ਮਹਾਰਾਜੇ ਨੂੰ ਸੇਵਾ ਲੈਣੀ ਆਉਂਦੀ ਸੀ । ਉਸਨੂੰ ਪਤਾ ਸੀ ਕਿ ਨਿਹੰਗ ਸਿੰਘ ਕੌਣ ਹਨ ਤੇ ਇਹਨਾ ਨਾਲ ਕਿਵੇਂ ਵਿਚਰਿਆ ਜਾ ਸਕਦਾ ਹੈ । ਨਿਹੰਗ ਸਿੰਘਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਹੋਈਆਂ ਕੁਝ ਦਿਲਚਸਪ ਘਟਨਾਵਾਂ ਚੋ ਦੋ ਕੁ ਘਟਨਾਵਾਂ ਬਾਰੇ ਲਿਖ ਰਿਹਾ ਹਾਂ । ਪੜ ਕੇ ਵੇਖ ਲੈਣਾ ਕਿ ਨਿਹੰਗ ਸਿੰਘਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਕੀ ਫਰਕ ਸੀ ।
ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਮਨਪਸੰਦ ਘੋੜੇ ਤੇ ਬੈਠ ਕੇ ਕਿਤੇ ਜਾ ਰਹੇ ਸਨ । ਰਸਤੇ ਚ ਅਚਾਨਕ ਕੁਝ ਨਿਹੰਗ ਸਿੰਘਾਂ ਨੇ ਮਹਾਰਾਜੇ ਦਾ ਰਾਹ ਰੋਕ ਲਿਆ । ਕਹਿੰਦੇ - ਆਹ ਘੋੜਾ ਬੜਾ ਸੋਹਣਾ , ਉਤਰ ਇਹਦੇ ਤੋਂ । ਫੌਜਾਂ ਨੂੰ ਚਾਹੀਦਾ । ਹੁਣ ਮੂਹਰੋ ਵੀ ਮਹਾਰਾਜਾ ਰਣਜੀਤ ਸਿੰਘ ਜੀ ਸਨ । ਕੋਈ ਰਾਜਿਆਂ ਵਾਲੀ ਧਾਂਕ ਨੀ ਵਿਖਾਈ । ਘੋੜੇ ਤੇ ਬੈਠੇ ਹੀ ਹੱਥ ਜੋੜ ਕੇ ਕਹਿੰਦੇ “ ਫੌਜੋ ਇਹ ਘੋੜਾ ਵੀ ਤੁਹਾਡਾ, ਇਹ ਰਾਜ ਵੀ ਤੁਹਾਡਾ ਤੇ ਰਾਜਾ ਵੀ ਤੁਹਾਡਾ । ਤੁਸੀਂ ਮੈਨੂੰ ਰਾਜਾ ਬਣਾਇਆ । ਜੇ ਤੁਹਾਨੂੰ ਆਪਣਾ ਬਣਾਇਆ ਰਾਜਾ ਘੋੜੇ ਤੇ ਬੈਠਾ ਸੋਹਣਾ ਨਹੀ ਲੱਗਦਾ ਤਾਂ ਇਹ ਘੋੜਾ ਤੁਸੀਂ ਲੈ ਜਾਉ । ਮਹਾਰਾਜੇ ਦਾ ਜਵਾਬ ਸੁਣ ਕੇ ਨਿਹੰਗ ਸਿੰਘ ਹੱਸਦੇ ਹੋਏ ਚਲੇ ਗਏ ।
ਇਸਦੇ ਨਾਲ ਹੀ ਇਕ ਹੋਰ ਬੜੀ ਦਿਲਚਸਪ ਵਾਰਤਾ ਹੈ । ਅੰਗਰੇਜਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਧੀ ਬਾਰੇ ਗੱਲਬਾਤ ਚੱਲ ਰਹੀ ਸੀ । ਮਹਾਰਾਜੇ ਲਈ ਇਹ ਬੜੀ ਕਠਿਨ ਸਥਿਤੀ ਸੀ ।ਆਖਰ ਆਪਣੇ ਦਰਬਾਰੀਆਂ ਨਾਲ ਕਾਫੀ ਲੰਮੀ ਸੋਚ ਵਿਚਾਰ ਮਗਰੋਂ ਮਹਾਰਾਜਾ ਜੀ ਚਾਹੁੰਦੇ ਸਨ ਕਿ ਅੰਗਰੇਜਾਂ ਨਾਲ ਸੰਧੀ ਕਰ ਲਈ ਜਾਵੇ ਤਾਂ ਜੋ ਅੰਗਰੇਜਾਂ ਵੱਲੋਂ ਨਿਸਚਿੰਤ ਹੋ ਕੇ ਉੱਤਰ ਪੱਛਮ ਵੱਲ ਪਠਾਣਾਂ ਨਾਲ ਮੱਥਾ ਲਾਇਆ ਜਾ ਸਕੇ ।ਸਤਲੁਜ ਨੂੰ ਹੱਦ ਮਿੱਥ ਕੇ ਅੰਗਰੇਜਾਂ ਨੂੰ ਮਹਾਰਾਜੇ ਦਾ ਖਤਰਾ ਹਮੇਸ਼ਾਂ ਲਈ ਟਲਦਾ ਸੀ ਤੇ ਮਹਾਰਾਜੇ ਨੂੰ ਅੰਗਰੇਜਾਂ ਦਾ । ਪਰ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਕੋਈ ਹਿੱਤ ਨਹੀ ਸੀ, ਉਹ ਅੰਗਰੇਜਾਂ ਨਾਲ ਜੰਗ ਕਰਨ ਲਈ ਅੜੇ ਹੋਏ ਸਨ । ਬਾਬਾ ਜੀ ਦਾ ਕਹਿਣਾ ਸੀ ਕਿ ਇਹ ਰਾਜ ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਮਿਲਿਆ ਹੈ ਅਤੇ ਖਾਲਸਾ ਰਾਜ ਦੀਆਂ ਹੱਦਾ ਵੀ ਖਾਲਸਾ ਹੀ ਤਹਿ ਕਰੇਗਾ । ਅੰਗਰੇਜ ਕੌਣ ਹੁੰਦੇ ਨੇ ਖਾਲਸਾ ਰਾਜ ਦੀਆਂ ਹੱਦਾ ਤਹਿ ਕਰਨ ਵਾਲੇ । ਮਹਾਰਾਜੇ ਲਈ ਹੁਣ ਸੰਧੀ ਤੋਂ ਵੱਧ ਜੇ ਕੋਈ ਮੁਸ਼ਕਿਲ ਸੀ ਤਾਂ ਉਹ ਸੀ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਸਮਝਾਉਣਾ । ਆਖਰ ਮਹਾਰਾਜਾ ਰਣਜੀਤ ਸਿੰਘ ਨੇ ਇਸਦਾ ਰਾਹ ਕੱਢ ਹੀ ਲਿਆ । ਮਹਾਰਾਜੇ ਨੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ “ ਖਾਲਾਸਾ ਰਾਜ ਦੀਆਂ ਹੱਦਾਂ ਖਾਲਸੇ ਨੇ ਹੀ ਤਹਿ ਕਰਨੀਆਂ ਹਨ । ਮੈਂ ਵੀ ਖਾਲਸੇ ਦਾ ਹਿੱਸਾ ਹਾਂ । ਇਸ ਲਈ ਤੁਸੀ ਸਤਲੁਜ ਵਾਲੇ ਪਾਸੇ ਹੱਦ ਤਹਿ ਕਰਨ ਦਾ ਅਧਿਕਾਰ ਰਣਜੀਤ ਸਿੰਘ ਨੂੰ ਦੇ ਦਿਉ । ਅਤੇ ਉੱਤਰ ਪੱਛਮ ਵੱਲ ਖਾਲਸਾ ਰਾਜ ਦੀਆਂ ਹੱਦਾਂ ਤਹਿ ਕਰਨ ਦਾ ਅਧਿਕਾਰ ਅਸੀਂ ਅਕਾਲੀ ਜੀ ਨੂੰ ਦਿੰਦੇ ਹਾਂ । ਇਸ ਤਰਾਂ ਇਹ ਮਾਮਲਾ ਨਿਬੇੜ ਲਿਆ ਗਿਆ । ਇਸ ਛੋਟੀ ਜਿਹੀ ਵਾਰਤਾਲਾਪ ਤੋਂ ਮਹਾਰਾਜੇ ਦੀ ਦੂਰ ਦ੍ਰਿਸ਼ਟੀ ਦੀ ਝਲਕ ਸਾਫ ਨਜਰੀਂ ਪੈਂਦੀ ਹੈ । ਕਿ ਉਹ ਆਪਣੀ ਗੱਲ ਮਨਵਾਉਣ ਤੋਂ ਪਹਿਲਾਂ ਖਾਲਸੇ ਦੀ ਮੰਨਦੇ ਸਨ ।ਸਾਨੂੰ ਅੱਜ ਆਪਣੇ ਫ਼ਰਜ਼ ਨੂੰ ਪਛਾਣਨਾ ਚਾਹੀਦਾ ਹੈ ਇਕ ਸਿੱਖ ਹੋਣ ਦੇ ਨਾਤੇ ਸਾਡੇ ਵਿਚ ਨਿਹੰਗ ਸਿੰਘਾਂ ਪ੍ਰਤੀ ਸਤਿਕਾਰ ਦੀ ਭਾਵਨਾ ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਨ ਦਾ ਜਜ਼ਬਾ ਜ਼ਰੂਰ ਹੋਣਾ ਚਾਹੀਦਾ ਹੈ
ਸਰਦਾਰ ਹਰਨਰਾਇਣ ਸਿੰਘ ਮੱਲੇਆਣਾ