ਸਤਲੁਜ,ਬਿਆਸ ਅਤੇ ਰਾਵੀ ਦੇ ਪਾਣੀ ਦੀ ਵਰਤੋਂ ਖੇਤੀ ਅਤੇ ਪੀਣ ਲਈ ਕਰਾਂਗੇ
ਨਸ਼ਾ ਵੇਚਣ ਵਾਲੀਆਂ ਵੱਡੀਆਂ ਮੱਛੀਆਂ ਨੂੰ ਭੇਜਾਂਗੇ ਸਲਾਖਾਂ ਦੇ ਪਿੱਛੇ
ਅੰਮ੍ਰਿਤਸਰ 14 ਮਈ (ਰਣਜੀਤ ਸਿੱਧਵਾਂ) : ਸਾਡੀ ਸਰਕਾਰ ਨੇ 10 ਦਿਨਾਂ ਦੇ ਅੰਦਰ- ਅੰਦਰ ਪੰਚਾਇਤੀ ਰਾਜ ਦੀ ਕਰੀਬ 1200 ਏਕੜ ਜਮੀਨ ਤੇ ਕਬਜ਼ਾ ਛੁਡਾਇਆ ਹੈ ਅਤੇ ਆਉਦੇ ਕੁਝ ਹੀ ਦਿਨਾਂ ਵਿਚ ਬਾਕੀ ਪੰਚਾਇਤੀ ਜਮੀਨਾਂ ਤੋ ਵੀ ਨਜ਼ਾਇਜ਼ ਕਬਜੇ ਛੁਡਾ ਲਏ ਜਾਣਗੇ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ. ਕੁਲਦੀਪ ਸਿੰਘ ਧਾਲੀਵਾਲ ਪੇੰਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਰਿਹਾਇਸ਼ੀ ਕਾਲੋਨੀ ਅਲਫਾ ਸਿਟੀ ਦੀ ਹਦੂਦ ਵਿੱਚ ਪੈਦੇ ਗਰਾਮ ਪੰਚਾਇਤ ਭਗਤੂਪੁਰਾ ਦੇ ਸਰਕਾਰੀ ਰਸਤੇ ਅਤੇ ਖਾਲ੍ਹਾਂ ਦੀ ਜ਼ਮੀਨ ਸਸਤੇ ਰੇਟਾਂ ਵਿੱਚ ਵੇਚ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੇਰੇ ਵਲੋ ਖੁਦ ਇਸ ਕੇਸ ਦੀ ਜਾਂਚ ਪੜਤਾਲ ਕੀਤੀ ਗਈ ਹੈ ਅਤੇ 41 ਕਨਾਲ 10 ਮਰਲੇ ਦੇ ਰਸਤੇ ਨੂੰ ਗ੍ਰਾਮ ਪੰਚਾਇਤ ਭਗਤੂਪੁਰਾ ਨੇ ਮਤਾ ਪਾ ਕੇ ਅਤੇ ਸਰਕਾਰ ਵਲੋਂ ਮੰਜ਼ੂਰੀ ਮਿਲਣ ਤੋ ਬਾਅਦ ਹੀ 43 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀ ਕਾਰਵਾਈ ਪੁਰਾਣੀ ਸਰਕਾਰ ਵੱਲੋਂ ਹੀ ਕੀਤੀ ਗਈ ਸੀ । ਸ. ਧਾਲੀਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੇਚੀ ਗਈ ਜ਼ਮੀਨ ਦੀ ਰਕਮ ਪੰਚਾਇਤ ਦੇ ਨਾਂ ਤੇ ਐੱਫ਼.ਡੀ ਕਰਵਾ ਦਿੱਤੀ ਗਈ ਹੈ ਅਤੇ ਗਰਾਮ ਪੰਚਾਇਤ ਕੇਵਲ ਇਸ ਰਕਮ ਦੇ ਵਿਆਜ ਲੈ ਕੇ ਵਰਤ ਸਕਦੀ ਹੈ ਨਾ ਕਿ ਐੱਫ਼.ਡੀ ਦੇ ਪੈਸੇ ਨੂੰ ਖਰਚ ਕਰਕੇ। ਸ. ਧਾਲੀਵਾਲ ਨੇ ਦੱਸਿਆ ਕਿ ਪਹਿਲਾਂ ਸਰਕਾਰ ਨੇ ਇਸ ਜ਼ਮੀਨ ਦਾ ਰੇਟ 29 ਲੱਖ ਰੁਪਏ ਨਿਰਧਾਰਤ ਕੀਤਾ ਸੀ ਪਰੰਤੂ ਗਰਾਮ ਪੰਚਾਇਤ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋ ਬਾਅਦ ਮੁੜ ਸਰਕਾਰ ਵੱਲੋਂ ਇਸਦਾ ਰੇਟ 53 ਲੱਖ ਰੁਪਏ ਨਿਰਧਾਰਤ ਕੀਤਾ ਗਿਆ ਪ੍ਰੰਤੂ ਮੌਜੂਦਾ ਕੁਲੈਕਟਰ ਰੇਟ ਅਤੇ ਉਸ ਸਮੇ ਦੇ ਡਿਪਟੀ ਕਮਿਸ਼ਨਰ ਵੱਲੋਂ ਰੇਟ ਨੂੰ ਵਿਚਾਰਨ ਉਪਰੰਤ ਅਤੇ ਗਰਾਮ ਪੰਚਾਇਤ ਦੀ ਸਹਿਮਤੀ ਨਾਲ ਇਸਦਾ ਰੇਟ 43 ਲੱਖ ਰੂੁਪਏ ਪ੍ਰਤੀ ਏਕੜ ਨਿਰਧਾਰਤ ਹੋਇਆ ਸੀ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸ. ਧਾਲੀਵਾਲ ਨੇ ਦੱਸਿਆ ਕਿ ਅੱਜ ਹੀ ਤਰਨਤਾਰਨ ਵਿਖੇ 100 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚਾਹੇ ਉਹ ਕੋਈ ਵੀ ਹੋਵੇ ਕਿਸੇ ਨੂੰ ਵੀ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਨਹੀ ਕਰਨ ਦਿੱਤਾ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੀਆਂ ਵੱਡੀਆਂ ਮੱਛੀਆਂ ਨੂੰ ਜ਼ਲਦ ਹੀ ਸਲਾਖਾਂ ਦੇ ਪਿੱਛੇ ਸੁੁੱਟਿਆ ਜਾਵੇਗਾ ਅਤੇ ਇਸ ਸਬੰਧੀ ਮੁੱਖ ਮੰਤਰੀ ਸ. ਭਗਵੰਤ ਮਾਨ ਵਲੋ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲਸ ਅਧਿਕਾਰੀਆਂ ਨੂੰ ਇਸ ਸਬੰਧੀ ਸਪਸ਼ਟ ਨਿਰਦੇਸ਼ ਦੇ ਦਿੱਤੇ ਗਏ ਹਨ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਸ. ਧਾਲੀਵਾਲ ਨੇ ਦੱਸਿਆ ਕਿ ਸਤਲੁਜ, ਬਿਆਸ ਅਤੇ ਰਾਵੀ ਦੇ ਪਾਣੀ ਦੀ ਵਰਤੋਂ ਖੇਤੀ ਅਤੇ ਪੀਣ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸਾਡੇ ਕੰਮਕਾਜ਼ ਤੋ ਬੁਖਲਾ ਗਈਆਂ ਹਨ ਅਤੇ ਫਿਜੂਲ ਬਿਆਨ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਜਾਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਹਰਪ੍ਰੀਤ ਸਿੰਘ ਸੂਦਨ ਅਤੇ ਜਿਲ੍ਹਾਂ ਵਿਕਾਸ ਤੇ ਪੰਚਾਇਤ ਅਧਿਕਾਰੀ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ, ਡਾਇਰੈਕਟਰ ਲੋਕ ਸੰਪਰਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਪ੍ਰਵੀਨ ਪੁਰੀ, ਸਤਪਾਲ ਸਿੰਘ ਸੋਖੀ, ਗੁਰਿੰਦਰ ਸਿੰਘ ਜੌਹਲ, ਪ੍ਰਭਵੀਰ ਸਿੰਘ ਬਰਾੜ, ਡਾ. ਮਹਾਂ ਲੋਵੋਯਾ ਗੌਵਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।