ਤਜਰਬਾ ਅਤੇ ਕਮਾਈ ’ਚ ਵੀ ਭਾਰਤੀ ਪੇਸ਼ੇਵਰ ਅੱਗੇ
ਪਿਛਲੇ ਦਿਨਾਂ ਅੰਦਰ ਬਰਤਾਨੀਆ ਵਿਚ ਇਕ ਨਸਲੀ ਗੈਰ ਬਰਾਬਰੀ ਦੇ ਦੋਸ਼ਾਂ ਦੌਰਾਨ ਇਕ ਸਰਕਾਰੀ ਸਰਵੇ ਰਿਪੋਰਟ ਅਨੁਸਾਰ ਬਰਤਾਨੀਆ ’ਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਪ੍ਰਤਿਭਾਸ਼ਾਲੀ ਹੁੰਦੇ ਹਨ ਤੇ ਉਹ ਛੇਤੀ ਹੀ ਉੱਚ ਆਮਦਨ ਵਾਲੇ ਸਮੂਹ ’ਚ ਸ਼ਾਮਲ ਹੋ ਜਾਂਦੇ ਹਨ। ਇਹ ਗੱਲ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਕਰਵਾਈ ਗਈ ਸਮੀਖਿਆ ’ਚ ਸਾਹਮਣੇ ਆਈ ਹੈ।
ਨਸਲੀ ਤੇ ਜਾਤੀ ਗ਼ੈਰ ਬਰਾਬਰੀ ਸਬੰਧੀ ਕਮਿਸ਼ਨ ਦੀ ਬੁੱਧਵਾਰ ਨੂੰ ਆਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਰਗੀ ਬਦਲਾਅ ਨਸਲੀ ਗ਼ੈਰ ਬਰਾਬਰੀ ਨੂੰ ਹੌਲੀ-ਹੌਲੀ ਦੂਰ ਕਰ ਦਿੰਦਾ ਹੈ। ਉਹ ਜੀਵਨ ਜੀਊਣ ਦੇ ਮੌਕਿਆਂ ’ਚ ਵੀ ਬਦਲਾਅ ਲਿਆਉਂਦਾ ਹੈ। ਅਜਿਹਾ ਪੂਰੇ ਬਰਤਾਨੀਆ ’ਚ ਮਹਿਸੂਸ ਕੀਤਾ ਜਾ ਰਿਹਾ ਹੈ। ਰਿਪੋਰਟ ’ਚ ਬੀਏਐੱਮਈ ਸ਼ਬਦ ਨੂੰ ਰੁਝਾਨ ਤੋਂ ਬਾਹਰ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਅਰਥ-ਬਲੈਕ, ਏਸ਼ੀਅਨ ਐਂਡ ਮਾਈਨਾਰਿਟੀ ਐਥਨਿਕ ਹੁੰਦਾ ਹੈ। ਇਨ੍ਹਾਂ ਨੂੰ ਬਰਤਾਨਵੀ ਇੰਡੀਅਨ ਦੇ ਨਾਂ ਵਰਗੀ ਪਛਾਣ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਕਮਿਸ਼ਨ ਨੇ ਕਿਹਾ ਹੈ ਕਿ ਸਿੱਖਿਆ ਦੇ ਖੇਤਰ ’ਚ ਮਿਲਣ ਵਾਲੀਆਂ ਕਾਮਯਾਬੀਆਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਵਿਦਿਆਰਥੀ ਸਮਾਜ ਦੇ ਕਿਸੇ ਵਰਗ ਨਾਲ ਹੋਣ। ਉਨ੍ਹਾਂ ਦੀ ਜਨਤਕ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਕਾਮਯਾਬ ਵਿਦਿਆਰਥੀਆਂ ਨੂੰ ਪੂਰੇ ਯੁਨਾਈਟਡ ਕਿੰਗਡਮ (ਯੂਕੇ) ਲਈ ਮਿਸਾਲ ਦੇ ਤੌਰ ’ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਸਾਰੇ ਵਰਗਾਂ ਦੇ ਵਿਦਿਆਰਥੀ ਉਨ੍ਹਾਂ ਤੋਂ ਪ੍ਰੇਰਿਤ ਹੋਣ। ਪ੍ਰੀਖਿਆ ਨਤੀਜੇ ਦੱਸਦੇ ਹਨ ਕਿ ਬਰਤਾਨੀਆ ’ਚ ਰਹਿਣ ਵਾਲੇ ਭਾਰਤੀ, ਬੰਗਲਾਦੇਸ਼ੀ ਤੇ ਸਿਆਹਫਾਮ ਅਫਰੀਕੀ ਮੂਲ ਦੇ ਵਿਦਿਆਰਥੀ ਆਮ ਗੋਰੇ ਵਿਦਿਆਰਥੀਆਂ ਤੋਂ ਬਿਹਤਰ ਕਾਰਗੁਜ਼ਾਰੀ ਦਿਖਾ ਰਹੇ ਹਨ। ਇਹ ਸਿਫ਼ਾਰਸ਼ ਸਿੱਖਿਆ ਨਾਲ ਜੁਡ਼ੇ ਮਾਮਲਿਆਂ ਦੇ ਸਲਾਹਕਾਰ ਡਾ. ਟੋਨੀ ਸਿਵੇਲ ਦੀ ਪ੍ਰਧਾਨਗੀ ਵਾਲੇ ਕਮਿਸ਼ਨ ਦੀ ਕਮੇਟੀ ਨੇ ਕੀਤੀ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਆਸ਼ਾਵਾਦ ਇਹ ਹੈ ਕਿ ਹੋਰ ਦੇਸ਼ਾਂ ਤੋਂ ਆਏ ਲੋਕ ਸਿੱਖਿਆ ਪ੍ਰਾਪਤੀ ’ਚ ਖ਼ੁਦ ਨੂੰ ਸਮਰਪਿਤ ਕਰ ਦਿੰਦੇ ਹਨ। ਸਿੱਖਿਆ ਪ੍ਰਤੀ ਉਨ੍ਹਾਂ ਦਾ ਸਮਰਪਣ ਆਮ ਬਰਤਾਨਵੀ ਲੋਕਾਂ ਤੋਂ ਵੱਧ ਹੁੰਦਾ ਹੈ। ਇਸ ਦੇ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ ਤੇ ਹੌਲੀ-ਹੌਲੀ ਵਿਦੇਸ਼ ਤੋਂ ਆਏ ਲੋਕਾਂ ਦੀ ਆਰਥਿਕ-ਸਮਾਜਿਕ ਸਥਿਤੀ ਮਜ਼ਬੂਤ ਹੁੰਦੀ ਜਾਂਦੀ ਹੈ। ਜਿਵੇਂ-ਜਿਵੇਂ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੁੰਦੀ ਜਾਂਦੀ ਹੈ, ਉਵੇਂ-ਉਵੇਂ ਨਸਲੀ ਗ਼ੈਰ ਬਰਾਬਰੀ ਦੇ ਹਾਲਾਤ ਲੰਘਦੇ ਚਲੇ ਜਾਂਦੇ ਹਨ। 258 ਪੰਨਿਆਂ ਦੀ ਇਸ ਰਿਪੋਰਟ ’ਚ ਕਈ ਮਾਮਲਿਆਂ ’ਚ ਸਿੱਖਿਆ ਵਿਭਾਗ ਨੂੰ ਸਿਫ਼ਾਰਸ਼ ਕੀਤੀ ਗਈ ਹੈ। ਰਿਪੋਰਟ ’ਚ ਸਾਲ 2019 ਦੀ ਮਿਸਾਲ ਦੇ ਕੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਆਇਰਿਸ਼ ਚੀਨੀ ਤੇ ਭਾਰਤੀ ਮੂਲ ਦੇ ਲੋਕਾਂ ਦੀ ਆਮਦਨ ਵਧ ਰਹੀ ਹੈ। 2019 ’ਚ ਆਮ ਬਰਤਾਨਵੀ ਨਾਗਰਿਕ ਤੋਂ ਇਹ ਆਮਦਨ 2.3 ਫ਼ੀਸਦੀ ਵਧੇਰੇ ਰਹੀ।ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਇਸ ਰਿਪੋਰਟ ਮੁਤਾਬਕ ਜਿੱਥੇ ਭਾਰਤੀ ਵਿਦਿਆਰਥੀ ਬੜੀ ਵਾਹ ਵਾਹ ਖੱਟ ਰਹੇ ਹਨ ਇਹ ਬੜੇ ਮਾਣ ਵਾਲੀ ਗੱਲ ਹੈ।
ਅਮਨਜੀਤ ਸਿੰਘ ਖਹਿਰਾ