ਗੁਰੂ ਘਰਾਂ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਦੀ ਮਰਿਯਾਦਾ ਹੈ ਅਤੇ ਕੜਾਹ ਪ੍ਰਸ਼ਾਦਿ ਸੰਗਤਾਂ ਨੂੰ ਵਰਤਾਇਆ ਜਾਣਾ ਚਾਹੀਦਾ ,ਪਤਾਸਿਆਂ ਦਾ ਪ੍ਰਸ਼ਾਦਿ ਮਨਮਤ-ਬੀਬੀ ਜਗੀਰ ਕੌਰ
ਅੰਮ੍ਰਿਤਸਰ,ਮਾਰਚ 2021- (ਜਸਮੇਲ ਗਾਲਿਬ / ਮਨਜਿੰਦਰ ਗਿੱਲ)-
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਦੀ ਆਸਥਾ ਜੁੜੀ ਹੋਈ ਹੈ। ਉਥੇ ਹੀ ਗੁਰੂ ਘਰ ਦੇ ਮਿਲਣ ਵਾਲੇ ਪ੍ਰਸ਼ਾਦ ਦੇ ਨਾਲ ਵੀ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਲਏ ਫ਼ੈਸਲੇ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਤਾਸਿਆਂ ਦਾ ਪ੍ਰਸ਼ਾਦ ਜੋ ਕਿ ਸੰਗਤ ਨੂੰ ਅਰਦਾਸ ਕਰਵਾਉਣ ਜਾਂ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰਨ ਤੇ ਦਿੱਤਾ ਜਾਂਦਾ ਸੀ ਬੰਦ ਕਰ ਦਿੱਤਾ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਮ ਦਿਨਾਂ ਵਿਚ ਇਕ ਕੁਇੰਟਲ ਦੇ ਕਰੀਬ ਪਤਾਸਿਆਂ ਦਾ ਪ੍ਰਸ਼ਾਦ ਸੰਗਤਾਂ ਨੂੰ ਵਰਤਾਇਆ ਜਾਂਦਾ ਸੀ, ਜਦ ਕਿ ਦਿਨ ਦਿਹਾੜ਼ੇ ਦੇ ਦਿਨਾਂ ਵਿੱਚ ਡੇਢ ਕੁਇੰਟਲ ਤੋਂ ਵੀ ਵੱਧ ਪ੍ਰਸ਼ਾਦ ਸੰਗਤਾਂ ਨੂ ਅਰਦਾਸ ਸਕਰਵਾਉਂਣ ਸਮੇਂ ਦਿੱਤਾ ਜਾਂਦਾ ਸੀ, ਜਿਸ ਨੂੰ ਘਰ ਲੈਜਾਣਾ ਬਹੁਤ ਹੀ ਅਸਾਨ ਤੇ ਸੰਭਾਲ ਕਰਨੀ ਵੀ ਸੋਖੀ ਹੁੰਦੀ ਸੀ। ਕੜਾਹ ਪ੍ਰਸ਼ਾਦਿ ਤਿਆਰ ਕਰਨ ਵਾਲੀ ਥਾਂ 'ਤੇ ਹੀ ਪਤਾਸਿਆਂ ਦਾ ਪ੍ਰਸ਼ਾਦਿ ਵੀ ਮਰਿਯਾਦਾ ਅਨੁਸਾਰ ਤਿਆਰ ਕੀਤਾ ਜਾਂਦਾ ਸੀ, ਜਿਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇੱਥੇ ਦਸਣਯੋਗ ਹੈ ਕਿ ਬੀਬੀ ਜਗੀਰ ਕੌਰ ਜਦੋਂ 2004 ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ ਸਨ, ਉਦੋਂ ਵੀ ਉਨ੍ਹਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਪਤਾਸਿਆਂ ਦਾ ਪ੍ਰਸ਼ਾਦ ਅਤੇ ਸਿਰੋਪਾਓ ਦੇਣ ਦੀ ਮਨਾਹੀ ਕੀਤੀ ਸੀ, ਜਿਸ ਨੂੰ ਪਰਿਕਰਮਾ ਵਿਚ ਸਥਿਤ ਇਕ ਕਮਰੇ ਵਿਚ ਕਾਊਂਟਰ ਲਗਾ ਕੇ ਸਿਰੋਪਾਓ ਤੇ ਪ੍ਰਸ਼ਾਦ ਪੰਜ ਸੌ ਰੁਪਏ ਵਿੱਚ ਦੇਣ ਲਈ ਕਿਹਾ ਸੀ। ਜਿਸ ਨੂੰ ਬਾਅਦ ਵਿੱਚ ਮੁੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਿਛਲੇ ਸਮੇਂ ਵਿਚ ਸਿਰਪਾਓ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੇਣਾ ਬੰਦ ਕਰ ਦਿੱਤਾ, ਜਿਸ ਦਾ ਕਾਊਂਟਰ ਪਰਿਕਰਮਾਂ ਵਿਚ ਪਿੰਨੀ ਪ੍ਰਸ਼ਾਦ ਦੇ ਨਾਲ ਲਗਾਇਆ ਗਿਆ ਹੈ, ਜਿਸ ਨੂੰ 151 ਰੁਪਏ ਭੇਟਾ ਲੈ ਕੇ ਦਿੱਤਾ ਜਾਂਦਾ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਘਰਾਂ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਦੀ ਮਰਿਯਾਦਾ ਹੈ ਅਤੇ ਕੜਾਹ ਪ੍ਰਸ਼ਾਦਿ ਸੰਗਤਾਂ ਨੂੰ ਵਰਤਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਹਰ ਆਉਣ ਵਾਲੀ ਸੰਗਤ ਨੂੰ ਕੜਾਹ ਪ੍ਰਸ਼ਾਦਿ ਦਿੱਤਾ ਜਾਂਦਾ ਹੈ। ਪਤਾਸਿਆਂ ਦਾ ਪ੍ਰਸ਼ਾਦਿ ਮਨਮਤ ਅਤੇ ਇਹ ਕਿਸੇ ਕਿਸੇ ਨੂੰ ਹੀ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੰਗਤ ਨੂੰ ਪਤਾਤਸਿਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਅਤੇ ਕੁਝ ਸੰਗਤਾਂ ਨੂੰ ਮੰਗ ਕਰਨ 'ਤੇ ਵੀ ਉੱਥੋਂ ਦੇ ਮੌਜੂਦਾ ਅਰਦਾਸੀਏ ਸਿੰਘ ਜਾਂ ਡਿਊਟੀ ਤੇ ਹੋਰ ਸੇਵਾਦਾਰਾਂ ਵੱਲੋਂ ਮਨਾ ਕੀਤਾ ਜਾਂਦਾ ਹੈ ਤਾਂ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜਦੀ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਦਿ ਦੇ ਰੂਪ ਵਿਚ ਕੜਾਹ ਪ੍ਰਸ਼ਾਦਿ ਹਰੇਕ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਸਮੇਂ ਵਰਤਾਇਆ ਜਾਂਦਾ ਹੈ।