ਕੋਰੋਨਾ ਦੇ ਵਧਦੇ ਗ੍ਰਾਫ਼ ਨੇ ਇਕ ਹੋਰ ਵੱਡੀ ਛਾਲ ਮਾਰੀ
ਚੰਡੀਗੜ੍ਹ,ਮਾਰਚ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਵੀਰਵਾਰ ਨੂੰ ਸੂਬੇ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦਾ ਅੰਕੜਾ 10 ਹਜ਼ਾਰ ਦੇ ਪਾਰ ਪੁੱਜ ਗਿਆ ਹੈ। ਇਸ ਦੌਰਾਨ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਲੁਧਿਆਣਾ ਤੇ ਪਟਿਆਲਾ 'ਚ ਰਾਤ ਦਾ ਕਰਫਿਊ ਲਾ ਦਿੱਤਾ ਗਿਆ ਹੈ। ਉੱਥੇ ਰਾਤ 11 ਤੋਂ ਸਵੇਰੇ ਪੰਜ ਵਜੇ ਤਕ ਕਰਫਿਊ ਲਾਗੂ ਰਹੇਗਾ। 24 ਘੰਟਿਆਂ 'ਚ 1309 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਸਰਗਰਮ ਮਾਮਲੇ 10069 ਹੋ ਗਏ ਹਨ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ 1348 ਮਾਮਲੇ ਨਵਾਂਸ਼ਹਿਰ 'ਚ ਹਨ, ਜਲੰਧਰ 'ਚ 1331 ਤੇ ਐੱਸਏਐੱਸ ਨਗਰ (ਮੋਹਾਲੀ) 'ਚ ਇਹ ਗਿਣਤੀ 1156 ਪੁੱਜ ਗਈ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ 'ਚ 952, ਲੁਧਿਆਣਾ 'ਚ 915 ਤੇ ਪਟਿਆਲਾ 'ਚ 907 ਲੋਕ ਕੋਰੋਨਾ ਨਾਲ ਲੜਾਈ ਲੜ ਰਹੇ ਹਨ। ਪੂਰੇ ਸੂਬੇ 'ਚ 182 ਮਰੀਜ਼ਾਂ ਨੂੰ ਆਕਸੀਜਨ ਤੇ 20 ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ। ਸਿਹਤ ਵਿਭਾਗ ਮੁਤਾਬਕ ਵੀਰਵਾਰ ਨੂੰ ਸੂਬੇ 'ਚ ਜਲੰਧਰ 'ਚ ਸਭ ਤੋਂ ਜ਼ਿਆਦਾ 191 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ। ਜਦਕਿ ਕਪੂਰਥਲਾ 'ਚ 180, ਲੁਧਿਆਣਾ 'ਚ 152, ਮੋਹਾਲੀ 'ਚ 149, ਨਵਾਂਸ਼ਹਿਰ 'ਚ 141, ਪਟਿਆਲਾ 'ਚ 110 ਤੇ ਅੰਮਿ੍ਤਸਰ 'ਚ 97 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ।