ਲੁਧਿਆਣਾ , ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ )- ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੁਆਰਾ ਆਈ ਈ ਡੀ ਕੰਪੋਨੈਂਟ ਦੇ ਤਹਿਤ ਅੱਜ ਮੰਦਬੁੱਧੀ ਬੱਚਿਆਂ ਦੀ ਕੌਂਸਲਿੰਗ ਲਈ ਤਿਆਰ ਕੀਤੇ ਗਏ ਕੌਂਸਲਿੰਗ ਰੂਮ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫਸਰ (ਅ ਸ) ਸ੍ਰੀਮਤੀ ਰਾਜਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ ਕੁਲਦੀਪ ਸਿੰਘ ਦੁਆਰਾ ਕੀਤਾ ਗਿਆ। ਇਸ ਕੌਂਸਲਿੰਗ ਰੂਮ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਇਹ ਕੌਂਸਲਿੰਗ ਰੂਮ ਸਮੱਗਰ ਸਿੱਖਿਆ ਅਭਿਆਨ, ਲੁਧਿਆਣਾ ਦੇ ਦਫ਼ਤਰ ਵਿੱਚ ਤਿਆਰ ਕੀਤਾ ਗਿਆ ਹੈ ਜਿੱਥੇ ਜ਼ਿਲ੍ਹੇ ਦੇ ਸਪੈਸ਼ਲ ਐਜੂਕੇਟਰ ਮੈਡਮ ਪ੍ਰਦੀਪ ਕੌਰ ਜ਼ਰੂਰਤ ਅਨੁਸਾਰ ਮੰਦਬੁੱਧੀ ਬੱਚਿਆਂ ਦੀ ਕੌਂਸਲਿੰਗ ਕਰਨਗੇ ਅਤੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਲਈ ਲੋੜੀਂਦੇ ਸੁਝਾਅ ਵੀ ਦੇਣਗੇ। ਉਪ ਜ਼ਿਲ੍ਹਾ ਸਿੱਖਿਆ ਅਫਸਰ ਸ ਕੁਲਦੀਪ ਸਿੰਘ ਨੇ ਦੱਸਿਆ ਕਿ ਦਿਵਿਆਂਗ ਬੱਚਿਆਂ ਲਈ ਕੰਮ ਕਰਨ ਵਾਲੇ ਆਈ ਡੀ ਵਿੰਗ ਵੱਲੋਂ ਦਿਵਿਆਂਗ ਬੱਚਿਆਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਵਿਚ ਹੋਰ ਨਿਖਾਰ ਆਵੇਗਾ ਕਿਉਂਕਿ ਕਈ ਵਾਰ ਇਨ੍ਹਾਂ ਬੱਚਿਆਂ ਨਾਲ ਵਿਚਰਦੇ ਹੋਏ ਮਾਪਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇ। ਉਨ੍ਹਾਂ ਦੀ ਮੁਸ਼ਕਲ ਦਾ ਹੱਲ ਕਰਨ ਲਈ ਅਤੇ ਇਨ੍ਹਾਂ ਬੱਚਿਆਂ ਦੀ ਸਮਰੱਥਾ ਅਤੇ ਕਾਬਲੀਅਤ ਦੇ ਅਨੁਸਾਰ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਨ ਲਈ ਉਨ੍ਹਾਂ ਦੀ ਕੌਂਸਲਿੰਗ ਅਤੇ ਅਸੈਸਮੈਂਟ ਵੀ ਇੱਥੇ ਕੀਤੀ ਜਾਵੇਗੀ। ਇਸ ਸਮੇਂ ਬੀ ਪੀ ਈ ਓ ਸ੍ਰੀਮਤੀ ਭੁਪਿੰਦਰ ਕੌਰ, ਜ਼ਿਲਾ ਆਈ ਈ ਡੀ ਕੋਆਰਡੀਨੇਟਰ ਗੁਲਜ਼ਾਰ ਸ਼ਾਹ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਮੈਡਮ ਪਰਦੀਪ ਕੌਰ, ਜ਼ਿਲ੍ਹਾ ਫਿਜ਼ਿਓਥ੍ਰੈਪਿਸਟ ਪ੍ਰੀਤੀ ਤੱਗੜ, ਅਸਿਸਟੈਂਟ ਪ੍ਰਾਜੈਕਟ ਕੋਆਰਡੀਨੇਟਰ ਸੀਮਾ ਗੋਇਲ ਅਤੇ ਸਮੱਗਰ ਸਿੱਖਿਆ ਅਭਿਆਨ ਦਾ ਪੂਰਾ ਸਟਾਫ ਹਾਜ਼ਰ ਸੀ।