You are here

ਦਿੱਲੀ ਵਿਸ਼ੇਸ਼ ਸੰਮੇਲਨ ਵਾਲੇ ਜੀ - 20 ਦੇ ਸਾਮਰਾਜਵਾਦੀਆਂ ਦਾ ਸਵੱਦੀ ਕਲਾਂ ਵਿਖੇ ਫੂਕਿਆ ਪੁਤਲਾ - ਦਸ਼ਮੇਸ਼ ਯੂਨੀਅਨ

ਮੁੱਲਾਂਪੁਰ ਦਾਖਾ 9  ਸਤੰਬਰ (ਸਤਵਿੰਦਰ ਸਿੰਘ ਗਿੱਲ)ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਵੱਲੋਂ ਸਵੱਦੀ ਕਲਾਂ ਵਿਖੇ ਜੀ - 20 ਵਾਲੇ ਸਾਮਰਾਜਵਾਦੀ  ਮੁਲਕਾਂ ਦੀ ਅਗਵਾਈ ਹੇਠਲੇ 9 - 10 ਸਤੰਬਰ ਦੇ ਦਿੱਲੀ ਵਿਸੇਸ਼ ਸੰਮੇਲਨ ਦੇ ਡਟਵੇਂ ਤੇ ਜਚਵੇਂ ਵਿਰੋਧ ਵਜੋਂ ਜੱਥੇਬੰਦੀ ਦੇ ਕੈਂਪ ਦਫ਼ਤਰ ਸਾਹਮਣੇ ਰੋਹ - ਭਰਪੂਰ ਜਨਤਕ ਰੈਲੀ ਕੀਤੀ ਗਈ,ਜਿਸ ਵਿਚ ਇਲਾਕੇ ਦੇ ਕਿਸਾਨ, ਮਜ਼ਦੂਰ ਤੇ ਨੌਜਵਾਨ ਵੀਰਾਂ ਨੇ ਸਮੂਲੀਅਤ ਕੀਤੀ।
        ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਆਗੂਆਂ - ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ,ਜ਼ਿਲਾ ਸਕੱਤਰ ਜਸਦੇਵ ਸਿੰਘ ਲਲਤੋਂ,ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ,ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਡਾਕਟਰ ਗੁਰਮੇਲ ਸਿੰਘ ਕੁਲਾਰ ਨੇ ਵਰਨਣ ਕੀਤਾ ਕਿ ਜੀ - 20 ਗਰੁੱਪ ਵਾਲੀ ਸੰਸਥਾ ਵਾਲੇ ਸਾਮਰਾਜਵਾਦੀ ਮੁਲਕ , ਜਿੱਥੇ ਪੂਰੀ ਦੁਨੀਆ ਦੇ ਸਾਰੇ ਪਛੜੇ ਮੁਲਕਾਂ ਦੇ ਹਰ ਖੇਤਰ ਨੂੰ ਆਪਣੀ ਮੰਡੀ ਬਣਾ ਕੇ ਅੰਨ੍ਹੀ ਲੁੱਟ ਮਚਾ ਰਹੇ ਹਨ, ਉਥੇ ਭਾਰਤ ਵਰਗੀ ਵਿਸ਼ਾਲ ਮੰਡੀ ' ਚ ਆਪਣੀਆ ਕਾਰਪੋਰੇਟ ਕੰਪਨੀਆਂ ਦੇ ਸਰਮਾਏ ਦੇ ਨਿਵੇਸ਼ ਰਾਹੀਂ ਲੁੱਟ-ਖਸ਼ੁੱਟ ਅਤੇ ਮੁਨਾਫ਼ੇਖੋਰੀ ' ਚ ਹੋਰ ਤੇਜ਼ੀ ਲਿਆਉਣ ਦੇ ਮਕਸਦ ਨਾਲ ਇਹ ਵਿਸ਼ੇਸ਼ ਸੰਮੇਲਨ ਰਚਿਆ ਜਾ ਰਿਹਾ ਹੈ।
       ਆਗੂਆਂ ਨੇ ਸਪੱਸ਼ਟ ਕੀਤਾ ਕਿ ਸਾਮਰਾਜੀ ਕਾਰਪੋਰੇਟਾਂ ਆਪਣੀਆਂ ਖੇਤੀ ਉਪਜਾਂ ਦੀਆ ਦਰਾਮਦਾਂ ਲਈ ਵਪਾਰਕ ਸ਼ਰਤਾਂ ਖ਼ਤਮ ਕਰਵਾਉਣ ਦੇ ਟੀਚੇ ' ਤੇ ਪੂਰਾ ਜ਼ੋਰ ਲਾ ਰਹੀਆਂ ਹਨ, ਜਿਸਦੇ ਸਿੱਟੇ ਵਜੋਂ ਖੇਤੀ ਖੇਤਰ ਅਤੇ ਕਿਸਾਨੀ ਦੀ ਤਬਾਹੀ ਲਈ ਰਾਹ ਪੱਧਰਾ ਹੋਵੇਗਾ।ਇਸ ਤੋਂ ਇਲਾਵਾ ਫੌਜੀ ਖ਼ੇਤਰ ਲਈ ਆਧੁਨਿਕ ਹਥਿਆਰਾਂ ਦੇ ਵੱਡੇ ਸੌਦੇ , ਸਿੱਖਿਆ ਖੇਤਰ ਦੀਆ ਵਿਦੇਸ਼ੀ ਯੂਨੀਵਸਿਟੀਆਂ ਅਤੇ ਸਿਹਤ - ਖੇਤਰ ਦੇ ਵਿਦੇਸ਼ੀ ਹਸਪਤਾਲਾਂ , ਪਰਮਾਣੂ - ਪਲਾਂਟਾਂ ਸੰਬੰਧੀ ਭਾਰਤ ਦੀ ਦਲਾਲ ਮੋਦੀ ਹਕੂਮਤ ਅਤੇ ਵੱਖ - ਵੱਖ ਸਾਮਰਾਜੀ ਮੁਲਕਾਂ ਵਿਚਕਾਰ ਵੱਡੇ ਸਮਝੌਤੇ ਕੀਤੇ ਜਾਣਗੇ। ਜਿਸ ਨਾਲ ਵਿਦੇਸ਼ੀ ਲੁੱਟ ਤੇ ਮੁਨਾਫ਼ੇ ' ਚ ਭਾਰੀ ਤੇਜ਼ੀ ਆਵੇਗੀ।
        ਰੈਲੀ ਦੇ ਅੰਤ ' ਚ ਜੀ - 20 ਦੇ ਸਾਮਰਾਜਵਾਦੀ ਮੁਲਕਾਂ ਦੇ ਲੁਟੇਰੇ ਆਗੂਆਂ ਦਾ ਪੁਤਲਾ ਫੂਕਿਆ ਗਿਆ ਅਤੇ " ਸਾਮਰਾਜੀਓ ਵਾਪਸ ਜਾਓ " ਦੀ ਹੱਕੀ ਆਵਾਜ਼ ਬੁਲੰਦ ਕੀਤੀ ਗਈ।
         ਅੱਜ ਦੀ ਮੀਟਿੰਗ ' ਚ ਹੋਰਨਾਂ ਤੋਂ ਇਲਾਵਾ - ਜਸਵੰਤ ਸਿੰਘ ਮਾਨ,ਅਵਤਾਰ ਸਿੰਘ ਤਾਰ,ਸੁਰਜੀਤ ਸਿੰਘ ਸਵੱਦੀ,ਗੁਰਸੇਵਕ ਸਿੰਘ ਸੋਨੀ ਸਵੱਦੀ ,ਗੁਰਚਰਨ ਸਿੰਘ ਤਲਵੰਡੀ,ਅਮਰਜੀਤ ਸਿੰਘ ਖੰਜਰਵਾਲ,ਬਲਵੀਰ ਸਿੰਘ ਪੰਡੋਰੀ,ਗੁਰਦੀਪ ਸਿੰਘ ਮੰਡਿਆਣੀ,ਜੱਥੇਦਾਰ ਗੁਰਮੇਲ ਸਿੰਘ ਢੱਟ,ਦਰਸ਼ਨ ਸਿੰਘ ਗੁੜੇ,ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ,ਅਵਤਾਰ ਸਿੰਘ ਸੰਗਤਪੁਰਾ,ਸਰਵਿੰਦਰ ਸਿੰਘ ਸੁਧਾਰ,ਬਲਤੇਜ ਸਿੰਘ ਸਿੱਧਵਾਂ ਉਚੇਚੇ  ਤੌਰ ਤੇ ਹਾਜ਼ਰ ਹੋਏ।