You are here

ਕੈਬਨਿਟ ਮੰਤਰੀ ਵੱਲੋਂ ਸਮਾਰਟ ਸਿਟੀ/ਏ.ਐਮ.ਆਰ.ਯੂ.ਟੀ ਤਹਿਤ 64.60 ਕਰੋੜ ਦੀ ਲਾਗਤ ਵਾਲੇ 3 ਮੈਗਾ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ

ਲੁਧਿਆਣਾ 'ਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਵੇਂ ਯੁੱਗ ਦੀ ਸ਼ੁਰੂਆਤ - ਭਾਰਤ ਭੂਸ਼ਣ ਆਸ਼ੂ

 

ਨਗਰ ਨਿਗਮ ਕੰਟਰੋਲ ਸੈਂਟਰ/ਲੁਧਿਆਣਾ ਸੇਫ਼ ਸਿਟੀ ਤੇ ਮਿੰਨੀ ਰੋਜ਼ ਗਾਰਡਨ ਦੇ ਸੁੰਦਰੀਕਰਨ ਲਈ ਰੱਖੇ ਨੀਂਹ ਪੱਥਰ

 

ਖੰਨਾ ਵਿਖੇ 29 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ ਜ਼ਿਲ੍ਹੇ ਦੇ ਲੋਕਾਂ ਨੂੰ ਸਮਰਪਿਤ

 

ਲੁਧਿਆਣਾ, ਫਰਵਰੀ 2021 (ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )

ਜ਼ਿਲੇ ਭਰ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਦੇ ਉਦੇਸ਼ ਨਾਲ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਲੁਧਿਆਣਾ ਸਮਾਰਟ ਸਿਟੀ ਅਤੇ ਅਟਲ ਮਿਸ਼ਨ ਤਹਿਤ ਮੁੜ ਸੁਰਜੀਤੀ ਅਤੇ ਅਰਬਨ ਟਰਾਂਸਫਾਰਮੇਸ਼ਨ (ਏ.ਐਮ.ਆਰ.ਯੂ.ਟੀ) ਪ੍ਰੋਗਰਾਮ ਤਹਿਤ 64.60 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਮੈਗਾ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 1078 ਕਰੋੜ ਰੁਪਏ ਦੀ ਲਾਗਤ ਵਾਲੇ ਨਿਗਮ ਪ੍ਰਾਜੈਕਟਾਂ ਦੇ ਵਰਚੁਅਲ ਲਾਂਚ ਵਿੱਚ ਹਿੱਸਾ ਲੈਂਦੇ ਹੋਏ ਕੈਬਨਿਟ ਮੰਤਰੀ ਦੇ ਨਾਲ ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਹੋਰਨਾਂ ਨੇ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਵਿੱਚ 35.96 ਕਰੋੜ ਰੁਪਏ ਦੀ ਲਾਗਤ ਨਾਲ ਨਗਰ ਨਿਗਮ ਕੰਟਰੋਲ ਸੈਂਟਰ/ਲੁਧਿਆਣਾ ਸੇਫ਼ ਸਿਟੀ ਦੀ ਸਥਾਪਨਾ, 3.48 ਕਰੋੜ ਦੀ ਲਾਗਤ ਨਾਲ ਮਿੰਨੀ ਰੋਜ਼ ਗਾਰਡਨ ਦਾ ਸੁੰਦਰੀਕਰਨ ਅਤੇ ਨਵੀਨੀਕਰਣ ਸ਼ਾਮਲ ਹਨ ਅਤੇ ਖੰਨਾ ਵਿਖੇ 29 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ 25.16 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਹੈ।

ਸ੍ਰੀ ਆਸ਼ੂ ਨੇ ਦੱਸਿਆ ਕਿ ਲੁਧਿਆਣਾ ਸੇਫ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਵਿਚ ਪਹਿਲਾਂ ਹੀ 1442 ਸੀ.ਸੀ.ਟੀ.ਵੀ. ਕੈਮਰੇ ਕਾਰਜਸ਼ੀਲ ਹਨ ਅਤੇ ਹੁਣ 300 ਹੋਰ ਕੈਮਰੇ ਸ਼ਹਿਰ ਵਿਚ ਕੂੜਾ ਸੁੱਟਣ ਵਾਲੀਆਂ ਥਾਂਵਾਂ, ਸ਼ਹਿਰ ਦੀਆਂ ਅਤਿ ਸੰਵੇਦਨਸ਼ੀਲ ਥਾਂਵਾ 'ਤੇ ਸਥਾਪਤ ਕੀਤੇ ਜਾਣਗੇ। ਐਸ.ਟੀ.ਪੀਜ਼ ਅਤੇ ਬੁੱਢੇ ਨਾਲੇ ਵਿਖੇ 30 ਵਾਹਨਾਂ 'ਤੇ ਮਾਊਂਟਿਡ ਕੈਮਰੇ ਅਤੇ 600 ਬਾਹਰੀ ਆਈ.ਆਰ. ਇਲੁਮੀਨੇਟਰ, 200 ਮੀਟਰ ਦੀ ਰੇਂਜ ਨਾਲ ਜੀਰੋ ਵਿਜ਼ੀਬਿਲਟੀ ਦੌਰਾਨ ਬਿਹਤਰ ਨਿਗਰਾਨੀ ਲਈ ਲਗਾਏ ਜਾਣਗੇ, ਜਿਵੇਂ ਕਿ ਨਿਗਮ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ, ਕੂੜੇ ਦੇ ਢੇਰ ਆਦਿ ਲਈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 6 ਮਹੀਨਿਆਂ ਦੇ ਅੰਦਰ ਮੁਕੰਮਲ ਹੋ ਜਾਵੇਗਾ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਮਿੰਨੀ ਰੋਜ਼ ਗਾਰਡਨ ਪ੍ਰਾਜੈਕਟ ਦੇ ਸੁੰਦਰੀਕਰਨ ਅਤੇ ਨਵੀਨੀਕਰਣ ਅਧੀਨ ਸੋਫਟਸਕੈਪਿੰਗ, ਪੌਦੇ ਅਤੇ ਘਾਹ ਲਗਾਉਣਾ, ਐਂਫੀਥੀਏਟਰ, ਫਵਾਰੇ, ਬੈਡਮਿੰਟਨ ਕੋਰਟ, ਪਰਗੋਲਾਸ, ਕੈਨੋਪੀ, ਕਿਡਜ਼ ਪਲੇਅ, ਓਪਨ ਜਿੰਮ ਤੋਂ ਇਲਾਵਾ ਹੋਰ ਸਹੂਲਤਾ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 3.48 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਵੀ ਅਗਲੇ 12 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।

ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਖੰਨਾ ਵਿਖੇ ਐਮ.ਆਰ.ਯੂ.ਟੀ. ਪ੍ਰਾਜੈਕਟ ਤਹਿਤ 29 ਐਮ.ਐਲ.ਡੀ. ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਮੁਕੰਮਲ ਹੋ ਗਿਆ ਹੈ।

ਸ੍ਰੀ ਆਸ਼ੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੁਧਿਆਣਾ ਦੇ ਸਰਬਪੱਖੀ ਵਿਕਾਸ ਲਈ ਠੋਸ ਉਪਰਾਲੇ ਕਰ ਰਹੀ ਹੈ ਅਤੇ ਇਹ ਪ੍ਰਮੁੱਖ ਪ੍ਰਾਜੈਕਟ ਸਥਾਨਕ ਸ਼ਹਿਰ ਵਾਸੀਆਂ ਦੀ ਤਰੱਕੀ ਦਾ ਰਾਹ ਪੱਧਰਾ ਕਰਨਗੇ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਵਿੱਚ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਲਾਭ ਪਹੁੰਚ ਸਕੇ।

ਇਹ ਸਮਾਰੋਹ ਜ਼ਿਲ੍ਹੇ ਦੇ ਕਈ ਥਾਵਾਂ 'ਤੇ ਇਕੋ ਸਮੇਂ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਨਗਰ ਕੌਂਸਲਰਾਂ ਅਤੇ ਵੱਖ-ਵੱਖ ਇਲਾਕਿਆਂ ਦੇ ਵਸਨੀਕਾਂ ਨੇ ਹਿੱਸਾ ਲਿਆ।

ਇਸ ਮੌਕੇ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸ੍ਰੀਮਤੀ ਸਰਬਜੀਤ ਕੌਰ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਸ.ਕਰਨਜੀਤ ਸਿੰਘ ਸੋਨੀ ਗਾਲਿਬ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।