You are here

ਤਿੰਨ ਲੱਖ ਨੀਮ ਫੌਜੀ ਬਲਾਂ ਤੇ 20 ਲੱਖ ਪੁਲੀਸ ਮੁਲਾਜ਼ਮਾਂ ਨੇ ਦਿੱਤੀ ਚੋਣ ਡਿਊਟੀ

ਨਵੀਂ ਦਿੱਲੀ, ਮਈ -( ਜਨ ਸ਼ਕਤੀ ਨਿਊਜ਼)- ਸੱਤ ਗੇੜਾਂ ਵਾਲੀਆਂ ਲੋਕ ਸਭਾ ਚੋਣਾਂ ਦੇ ਅਮਲ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਐਤਕੀਂ ਨੀਮ ਫ਼ੌਜੀ ਬਲਾਂ ਦੇ ਤਿੰਨ ਲੱਖ ਜਵਾਨ ਤੇ 20 ਲੱਖ ਤੋਂ ਵੱਧ ਰਾਜਾਂ ਦੇ ਪੁਲੀਸ ਅਧਿਕਾਰੀ ਤੇ ਹੋਮਗਾਰਡ ਦੇ ਜਵਾਨ ਤਾਇਨਾਤ ਸਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੇ ਚੋਣ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਸੁਰੱਖਿਆ ਅਮਲੇ ਦੀ ਤਾਇਨਾਤੀ ਕੀਤੀ ਗਈ।
ਮੌਜੂਦਾ ਸੰਸਦੀ ਚੋਣਾਂ ਲਈ ਗ੍ਰਹਿ ਮੰਤਰਾਲੇ ਨੇ ਨੀਮ ਫੌਜੀ ਬਲਾਂ ਦੀਆਂ 3000 ਕੰਪਨੀਆਂ ਤਾਇਨਾਤ ਕੀਤੀਆਂ ਸਨ। 36 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੁੱਲ ਮਿਲਾ ਕੇ ਤਿੰਨ ਲੱਖ ਸੁਰੱਖਿਆ ਬਲ ਚੋਣ ਡਿਊਟੀ ’ਤੇ ਸਨ। ਸੁਰੱਖਿਆ ਬਲਾਂ ਦੀ ਆਮਦੋ-ਰਫ਼ਤ ਨਾਲ ਸਿੱਧੇ ਤੌਰ ’ਤੇ ਜੁੜੇ ਇਕ ਅਧਿਕਾਰੀ ਨੇ ਕਿਹਾ ਜੇਕਰ ਹਥਿਆਰਬੰਦ ਬਲਾਂ, ਭਾਰਤੀ ਰਿਜ਼ਰਵ ਬਟਾਲੀਅਨਾਂ ਤੇ ਹੋਮਗਾਰਡਾਂ ਦੇ ਜਵਾਨਾਂ ਨੂੰ ਵੀ ਗਿਣੀਏ ਤਾਂ ਇਹ ਅੰਕੜਾ ਲਗਪਗ 20 ਲੱਖ ਦੇ ਕਰੀਬ ਬਣਦਾ ਹੈ। ਭਾਰਤ ਦੀ ਪੁਲੀਸ ਫੋਰਸ ਦੀ ਕੁਲ ਨਫ਼ਰੀ 21 ਲੱਖ ਦੇ ਕਰੀਬ ਹੈ ਜਦੋਂਕਿ ਨੀਮ ਫੌਜੀ ਬਲਾਂ ਦਾ ਅੰਕੜਾ ਅੰਦਾਜ਼ਨ 10 ਲੱਖ ਹੈ। ਅਧਿਕਾਰੀ ਨੇ ਕਿਹਾ ਕਿ ਚੋਣ ਗੇੜ ਮੁਕੰਮਲ ਹੋਣ ਦੇ ਨਾਲ ਹੀ ਨੀਮ ਫੌਜੀ ਬਲਾਂ ਨੂੰ ਇਕ ਰਾਜ ਤੋਂ ਦੂਜੇ ਵਿੱਚ ਤਬਦੀਲ ਕਰ ਦਿੱਤਾ ਗਿਆ। ਚੋਣ ਡਿਊਟੀ ’ਤੇ ਤਾਇਨਾਤ ਨੀਮ ਫ਼ੌਜੀ ਬਲਾਂ ਦਾ ਮੁੱਖ ਫ਼ਰਜ਼ ਵੋਟਰਾਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ।