You are here

ਪਿੰਡ ਟਿੱਬਾ ਵਿਖੇ ਬੀਕੇਯੂ ਏਕਤਾ ਡਕੌਂਦਾ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਲਾਮਬੰਦੀ।

ਮਹਿਲ ਕਲਾਂ/ਬਰਨਾਲਾ-ਫਰਵਰੀ 2021  (ਗੁਰਸੇਵਕ ਸਿੰਘ ਸੋਹੀ )-

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਟਿੱਬਾ ਵਿਖੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਵਿੱਚ ਹੋਰ ਵਧੇਰੇ ਲਾਮਬੰਦੀ ਲਈ ਪ੍ਰੋਗਰਾਮ ਕਰਵਾਇਆ ਗਿਆ।ਇਸ ਸਮੇਂ ਸੰਬੋਧਨ ਕਰਦਿਆਂ ਆਗੂਆਂ ਜਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਈਨਾਂ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਜੱਗਾ ਸਿੰਘ ਛਾਪਾ, ਗੁਰਮੇਲ ਠੁੱਲੀਵਾਲ, ਪਿਸ਼ੌਰਾ ਸਿੰਘ ਹਮੀਦੀ, ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨ ਖੇਤੀ ਖੇਤਰ ਸਮੇਤ ਪੇਂਡੂ ਸੱਭਿਅਤਾ ਦੇ ਉਜਾੜੇ ਲਈ ਲਿਆਂਦੇ ਗਏ ਹਨ। ਮੁਲਕ ਦੇ 50 ਕਰੋੜ ਕਿਸਾਨ ਅਤੇ ਪੇਂਡੂ ਖੇਤਰ ਦੀ 60 % ਵਸੋਂ ਖੇਤੀ ਖੇਤਰ ਉੱਪਰ ਨਿਰਭਰ ਹੈ। ਇਸ ਨੂੰ ਉਜਾੜੇ ਦੇ ਮੂੰਹ ਧੱਕ ਦਿੱਤਾ ਜਾਵੇਗਾ । ਇਸ ਦਾ ਫਾਇਦਾ ਚੰਦ ਕੁ ਉੱਚ ਅਮੀਰ ਘਰਾਣਿਆਂ(ਅਡਾਨੀ-ਅੰਬਾਨੀ ਸਮੇਤ ਹੋਰਨਾਂ) ਨੂੰ ਹੋਵੇਗਾ।ਇਹ ਕਾਨੂੰਨ ਮੋਦੀ ਸਰਕਾਰ ਵੱਲੋਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ,ਸੰਸਾਰ ਬੈਂਕ ਜਿਹੀਆਂ ਸਾਮਰਾਜੀ ਲੁਟੇਰੀਆਂ ਸੰਸਥਾਂਵਾਂ ਦੇ ਦਿਸ਼ਾ ਨਿਰਦੇਸ਼ਨਾਂ ਤਹਿਤ ਲਿਆਦੇ ਗਏ ਹਨ। ਇਹ ਸੰਸਥਾਵਾਂ ਅਮੀਰ ਮੁਲਕਾਂ ਦੇ ਹਿੱਤਾਂ ਤੇ ਮੁਨਾਫੇ ਲਈ ਕੰਮ ਕਰਦੀਆਂ ਹਨ। ਰਾਜ ਕਰਨ ਵਾਲੇ ਸਮੇਂ ਸਮੇਂ ਦੇ ਹਾਕਮ ਇਨ੍ਹਾਂ ਸੰਸਥਾਵਾਂ ਇਨ੍ਹਾਂ ਦੀ ਕਠਪੁਤਲੀਆਂ ਬਣ ਇਨ੍ਹਾਂ ਦੇ ਹਿੱਤਾਂ ਲਈ ਕੰਮ ਕਰਦੀਆਂ ਹਨ। ਮੁਲੰਮਾ ਲੋਕ ਹਿੱਤਾਂ ਦਾ ਚਾੜਿਆ ਜਾਂਦਾ ਹੈ। ਇਸ ਲਈ ਸਾਡੀ ਲੜਾਈ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ। ਹੋਰ ਵਧੇਰੇ ਵਿਸ਼ਾਲ ਘੇਰੇ ਅਤੇ ਤਿੱਖੇ ਸੰਘਰਸ਼ਾਂ ਰਾਹੀਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇਗਾ। ਸਭਨਾਂ ਵਰਗਾਂ (ਕਿਸਾਨਾਂ-ਮਜਦੂਰਾਂ ਸਮੇਤ ਹੋਰਨਾਂ ਮਿਹਨਤਕਸ਼ ਵਰਗਾਂ) ਨੂੰ ਇਸ ਲੜਾਈ ਦਾ ਹਿੱਸਾ ਬਨਣਾ ਹੋਵੇਗਾ।ਅਖੀਰ ਵਿੱਚ ਪੰਜਾਬੀ ਯੂਨੀਵਰਸਿਟੀ ਦੀ ‘ਲੜਾਂਗੇ ਸਾਥੀ’ ਇਨਾਇਤ ਅਲੀ ਦੀ ਅਗਵਾਈ ਹੇਠ ਨਾਟਕ ਟੀਮ ਨੇ ‘ਜੰਗ ਜਾਰੀ ਹੈ’ ਨਾਟਕ ਪੇਸ਼ ਕਰਕੇ ਕਿਸਾਨਾਂਮਜਦੂਰਾਂ ਦੇ ਉਜਾੜੇ ਅਤੇ ਸੰਘਰਸ਼ ਕਰਨ ਲਈ ਪ੍ਰੇਰਨ ਦੀ ਹੂ-ਬ-ਹੂ ਤਸਵੀਰ ਪੇਸ਼ ਕੀਤੀ।ਇਸ ਸਮਾਗਮ ਵਿੱਚ ਨੌਜਵਾਨਾਂ ਅਤੇ ਕਿਸਾਨ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਇਸ ਮੌਕੇ ਪਿੰਡ ਇਕਾਈ ਪ੍ਰਧਾਨ ਹਰਦੇਵ ਸਿੰਘ ਚੀਮਾ ,ਦੀਵਾਨ ਸਿੰਘ ਸੀਨੀਅਰ ਮੀਤ ਪ੍ਰਧਾਨ ,ਪ੍ਰੀਤਮ ਸਿੰਘ ਮੀਤ ਪ੍ਰਧਾਨ, ਮਨਜਿੰਦਰ ਸਿੰਘ  ਖਜ਼ਾਨਚੀ ,ਦਰਬਾਰਾ ਸਿੰਘ  ਜਨਰਲ ਸਕੱਤਰ ,ਲਖਵੀਰ ਸਿੰਘ ਪ੍ਰੈੱਸ ਸਕੱਤਰ ਅਤੇ ਰਾਜਿੰਦਰ ਸਿੰਘ ਦਵਿੰਦਰ ਸਿੰਘ, ਜੋਗਿੰਦਰ ਸਿੰਘ, ਰਾਜਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।