ਬਰਨਾਲਾ/ਮਹਿਲ ਕਲਾਂ-ਫ਼ਰਵਰੀ 2021-(ਗੁਰਸੇਵਕ ਸੋਹੀ)-
ਸਾਂਝੇ ਕਿਸਾਨ ਮੋਰਚੇ ਵਿੱਚ ਸ਼ਹੀਦ ਕਿਸਾਨ ਪ੍ਰੀਵਾਰਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਣਦਾ ਮੁਆਵਜਾ ਅਦਾ ਨਾਂ ਕੀਤੇ ਜਾਣ ਖਿਲਾਫ ਡੀਸੀ ਦਫਤਰ ਬਰਨਾਲਾ ਦਾ ਮੁਕੰਮਲ ਘਿਰਾਉ ਕੀਤਾ ਗਿਆ। ਜਥੇਬੰਦੀਆਂ ਦੇ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ, ਪਰਮਿੰਦਰ ਸਿੰਘ ਹੰਢਿਆਇਆ, ਭੋਲਾ ਸਿੰਘ ਛੰਨਾਂ, ਕਰਨੈਲ ਸਿੰਘ ਗਾਂਧੀ, ਸੋਹਣ ਸਿੰਘ ਚੀਮਾ, ਗੁਰਮੇੁਲ ਸਿੰਘ , ਨਛੱਤਰ ਸਿੰਘ ਸਹੌਰ , ਗੁਰਮੇਲ ਰਾਮ ਸ਼ਰਮਾ, ਗੁਰਚਰਨ ਸਿੰਘ ਅੇਡਵੋਕੇਟ, ਅਮਰਜੀਤ ਕੌਰ ਅਤੇ ਦਰਸ਼ਨ ਸਿੰਘ ਮਹਿਤਾ ਨੇ ਕਿਹਾ ਕਿ ਪਿੰਡ ਸੰਘੇੜਾ ਦੇ ਕਿਸਾਨ ਕੁਲਵਿੰਦਰ ਸਿੰਘ, ਅਤਰ ਸਿੰਘ ਵਾਲਾ ਦੇ ਕਿਸਾਨ ਗੁਰਦੇਵ ਸਿੰਘ ਅਤੇ 8 ਫਰਬਰੀ ਨੂੰ ਸ਼ਹੀਦ ਹੋਏ ਕਿਸਾਨ ਆਗੂ ਬਲਵੀਰ ਸਿੰਘ ਭਦੌੜ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਮੁਆਵਜਾ ਰਾਸ਼ੀ ਪੰਜ ਲੱਖ ਰੁ. ਅਦਾ ਕਰਨ ਤੋਂ ਜਿਲ੍ਹਾ ਪ੍ਰਸ਼ਾਸ਼ਨ ਲਗਤਾਰ ਆਨਾਕਾਨੀ ਕਰ ਰਿਹਾ ਹੈ।ਬੁਲਾਰਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਿਸਾਨੀ ਸੰਘਰਸ਼ ਨਾਲ ਹੇਜ ਜਿਤਾਉਣ ਦਾ ਖੇਖਣ ਕਰ ਰਹੀ ਹੈ।ਦੂਜੇ ਪਾਸੇ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੰਵਾਉਣ ਵਾਲੇ ਪ੍ਰੀਵਾਰਾਂ ਪ੍ਰਤੀ ਰਤੀ ਭਰ ਵੀ ਗੰਭੀਰ ਨਹੀਂ ਹੈ। ਮੁਆਵਜਾ ਹਾਸਲ ਕਰਨ ਲਈ ਵੀ ਧਰਨੇ/ਮੁਜਾਹਰੇ ਕਰਨੇ ਪੈ ਰਹੇ ਹਨ। ਅਜਿਹਾ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਡੀਸੀ ਦਫਤਰ ਬਰਨਾਲਾ ਦਾ ਘਿਰਾਓ ਅਣਮਿਥੇ ਸਮੇਂ ਲਈ ,ਜਦ ਤੱਕ ਤਿੰਨੇ ਪ੍ਰੀਵਾਰਾਂ ਨੂੰ ਮੁਆਵਜਾ ਰਾਸ਼ੀ ਦੇ ਚੈੱਕ ਨਹੀਂ ਮਿਲ ਜਾਂਦੇ ਲਗਾਤਾਰ ਜਾਰੀ ਰਹੇਗਾ।ਸਾਂਝਾ ਕਿਸਾਨ ਮੋਰਚਾ ਵੱਲੋਂ 132 ਦਿਨਾਂ ਤੋਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਚੱਲ ਰਹੇ ਲਗਾਤਾਰ ਸੰਘਰਸ਼ ਨੂੰ ਵੀ ਡੀਸੀ ਦਫਤਰ ਬਰਨਾਲਾ ਅੱਗੇ ਤਬਦੀਲ ਕਰ ਦਿੱਤਾ ਹੈ।ਯਾਦ ਰਹੇ ਕਿਸਾਨ ਆਗੂ ਬਲਵੀਰ ਸਿੰਘ ਭਦੌੜ ਦੀ ਲਾਸ਼ ਦਾ ਸਸਕਾਰ ਅੱਜ ਤੀ*ਜੇ ਦਿਨ ਵੀ ਜਿਲ੍ਹਾ ਪ੍ਰਸ਼ਾਸ਼ਨ ਦੇ ਸ਼ਹੀਦ ਪ੍ਰੀਵਾਰਾਂ ਪ੍ਰਤੀ ਨਾਂਪੱਖੀ ਵਤੀਰੇ ਕਾਰਨ ਨਹੀਂ ਹੋ ਸਕਿਆ।ਆਗੂਆਂ ਕਿਹਾ ਕਿ ਡੀਸੀ ਬਰਨਾਲਾ ਅਤੇ ਸ਼ਹੀਦ ਕਿਸਾਨ ਬਲਵੀਰ ਸਿੰਘ ਦਾ ਸਸਕਾਰ ਤਿੰਨੇ ਸ਼ਹੀਦ ਪ੍ਰੀਵਾਰਾਂ ਲਈ ਮਾਆਵਜੇ ਦੇ ਚੈੱਕ, ਸਰਕਾਰੀ ਨੌਕਰੀ ਅਤੇ ਕਰਜਾ ਖਤਮ ਤੋਂ ਬਾਅਦ ਹੀ ਕੀਤਾ ਜਾਵੇਗਾ। ਬੁਲਾਰਿਆਂ ਪੰਜਾਬ ਦੀ ਕੈਪਟਨ ਹਕੂਮਤ ਦੀ ਵੀ ਮੋਦੀ ਸਰਕਾਰ ਦੇ ਸਨਮਾਨ ਹੀ ਤੁਲਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਵਿਧਾਨ ਸਭਾ ਅੰਦਰ ਖੇਤੀ ਵਿਰੋਧੀ ਤਿੰਨੇ ਬਿਲਾਂ ਨੂੰ ਰੱਦ ਕਰਨ ਲਈ ਮਤਾ ਅਤੇ ਸਰਬਪਾਰਟੀ ਮੀਟਿੰਗਾਂ ਦਾ ਢਕੌਂਜ ਰਚਿਆ ਹਾ ਰਿਹਾ ਹੈ। ਦੂਜੇ ਜਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਦਾ ਕਹਿਣਾ ਕਿ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਮੁਆਵਜਾ ਦੇਣ ਲਈ ਬਜਟ ਓਵਰਡਰਾਫਟ ਹੋਣ ਕਰਦੇ ਅਦਾਇਗੀ ਨਹੀਂ ਕੀਤੀ ਜਾ ਸਕਦੀ। ਬੁਲਾਰਿਆਂ ਸਵਾਲ ਕੀਤਾ ਕਿ ਜੇਕਰ ਸਰਕਾਰ ਸ਼ਹੀਦਾਂ ਦੇ ਪ੍ਰੀਵਾਰਾਂ ਲਈ ਮੁਆਵਜਾ ਰਾਸ਼ੀ ਅਦਾ ਕਰਨ ਵਾਸਤੇ ਪੈਸਾ ਨਹੀਂ ਤਾਂ ਲੋਕਾਂ ਦਾ ਟੈਕਸਾਂ ਦਾ ਪੈਸਾ ਜਾਂਦਾ ਕਿੱਥੇ ਹੈ।ਇਹੋ ਗੱਲ ਮੋਦੀ ਹਕੂਮਤ ਆਖਦੀ ਹੈ ਕਿ ਐਮਐਸਪੀ ਲਾਗੂ ਕਰਨ ਲਈ ਪੈਸਾ ਨਹੀਂ ,ਪਰ ਉੱਚ ਅਮੀਰ ਘਰਾਣਿਆਂ ਨੂੰ ਅਰਬਾਂ,ਖਰਬਾਂ ਰੁ.ਦੀਆਂ ਛੋਟਾਂ ਅਤੇ ੳੇਨ੍ਹਾਂ ਦਾ ਕਰਜਾ ਵੱਟੇ ਖਾਤੇ ਪਾੳੇਣ ਵੇਲੇ ਖਜਾਨੇ ਨੱਕੋ-ਨੱਕ ਭਰਿਆ ਰਹਿੰਦਾ ਹੈ।ਇਸ ਸਮੇਂ ਕਰਮਜੀਤ ਸਿੰਘ ਭਦੌੜ, ਲਖਵੀਰ ਸਿੰਘ ਦੁੱਲਮਸਰ, ਨੇਕਦਰਸ਼ਨ ਸਿੰਘ ਸਹਿਜੜਾ,ਬਿੱਕਰ ਸਿੰਘ ਅੋਲਖ,ਹਰਚਰਨ ਸਿੰਘ ਚੰਨਾ, ਮੇਲਾ ਸਿੰਘ ਕੱਟੂ,ਬਲਵੰਤ ਸਿੰਘ ਚੀਮਾ ਨੇ ਵੀ ਵਿਚਾਰ ਪੇਸ਼ ਕੀਤੇ। ਨਰਿੰਦਰਪਾਲ ਸਿੰਗਲਾ,ਜਗਦੇਵ ਸਿੰਘ ਭੁਪਾਲ ਅਤੇ ਹੇਮ ਰਾਜ ਠੁੱਲੀਵਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਆਖਰੀ ਖਬਰਾਂ ਲਿਖੇ ਜਾਣ ਤੱਕ ਡੀ ਸੀ ਦਫਤਰ ਦਾ ਮੁਕੰਮਲ ਘਿਰਾਓ ਜਾਰੀ ਸੀ।