You are here

ਲੁਧਿਆਣਾ ਦੇ 100 ਫੀਸਦ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਸਾਫ ਪੀਣ ਯੋਗ ਪਾਣੀ ਉਪਲੱਬਧ - ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ

ਪੰਜਾਬ ਸਰਕਾਰ ਸਾਰੇ ਸਰਕਾਰੀ ਸਕੂਲਾਂ 'ਚ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਹੈ ਵਚਨਬੱਧ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ 'ਹਰ ਘਰ ਪਾਣੀ, ਹਰ ਘਰ ਸਫਾਈ' ਤਹਿਤ ਜ਼ਿਲ੍ਹਾ ਲੁਧਿਆਣਾ ਦੇ 100 ਫੀਸਦ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਹੁਣ ਪੀਣ ਯੋਗ ਪਾਣੀ ਉਪਲੱਬਧ ਹੈ। ਕੁਝ ਸਮਾਂ ਪਹਿਲਾਂ, 18 ਸਰਕਾਰੀ ਸਕੂਲਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸ਼ੁਰੂਆਤ ਨਾਲ, ਜ਼ਿਲ੍ਹਾ ਲੁਧਿਆਣਾ ਦੇ ਸਾਰੇ ਸਕੂਲ ਕਵਰ ਕਰ ਲਏ ਗਏ ਹਨ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਾਲ-ਨਾਲ 5 ਸਰਕਾਰੀ ਸਕੂਲਾਂ ਵਿੱਚ ਰਿਵਰਸ ਓਸਮੋਸਿਸ (ਆਰ.ਓ.) ਸਿਸਟਮ ਵੀ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਸਕੂਲ ਅਤੇ ਆਂਗਨਵਾੜੀ ਸੈਂਟਰਾਂ ਕੋਲ ਹੁਣ ਸਾਫ਼ ਪੀਣ ਯੋਗ, ਹੱਥ ਧੋਣ, ਟਾਇਲਟ ਦੀ ਵਰਤੋਂ ਅਤੇ ਮਿਡ-ਡੇਅ ਮੀਲ ਖਾਣਾ ਬਣਾਉਣ ਲਈ ਪਾਣੀ ਉਪਲੱਬਧ ਹੈ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਰਚ, 2022 ਤੱਕ ਸੂਬੇ ਦੇ ਸਮੂਹ ਪੇਂਡੂ ਘਰਾਂ ਵਿੱਚ 100 ਫੀਸਦ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਟੀਚੇ ਨੂੰ ਪੂਰਾ ਕਰਨ ਲਈ ਮਿਸ਼ਨ 'ਹਰ ਘਰ ਪਾਣੀ, ਹਰ ਘਰ ਸਫਾਈ' ਦੀ ਸ਼ੁਰੂਆਤ ਕੀਤੀ ਸੀ। ਇਸ ਨਾਲ ਪੰਜਾਬ ਇਹ ਮਾਣ ਹਾਸਲ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਜਿਹੜੇ 18 ਸਕੂਲਾਂ ਵਿੱਚ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਗਿਆ ਹੈ ਉਨ੍ਹਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਢੋਲਣਵਾਲ, ਗੜ੍ਹੀ ਸ਼ੇਰੂ, ਹਾਦੀਵਾਲ, ਰਤਨਗੜ੍ਹ, ਚੱਕੀ, ਧੁੱਲੇਵਾਲ, ਕਊਂਕੇ, ਲੱਖੋਵਾਲ ਖੁਰਦ, ਮੰਡ ਸੁਖੇਵਾਲ, ਮਹਿੰਦੀਪੁਰ, ਰਹੀਮਾਬਾਦ ਕਲਾਂ, ਰਹੀਮਾਂਬਾਦ ਖੁਰਦ, ਸੈਂਸੋਵਾਲ ਕਲਾਂ, ਸ਼ੀਤਾਬਗੜ, ਉਦੋਵਾਲ ਕਲਾਂ ਅਤੇ ਸਲੇਮਪੁਰਾ ਅਤੇ ਸਰਕਾਰੀ ਮਿਡਲ ਸਕੂਲ ਮੰਗਲੀ ਟਾਂਡਾ ਅਤੇ ਰਹੀਮਾਬਾਦ ਖੁਰਦ ਸ਼ਾਮਲ ਹਨ।

ਪਿੰਡ ਹਾਦੀਵਾਲ ਦੇ ਨਵਦੀਪ ਸਿੰਘ ਨੇ ਉਨ੍ਹਾਂ ਦੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਵਿਦਿਆਰਥੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਉਪਲੱਬਧ ਨਹੀਂ ਸੀ, ਪਰ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੁਣ ਉਹ ਤੰਦਰੁਸਤ ਰਹਿ ਸਕਦੇ ਹਨ।