ਮਹਿਲ ਕਲਾਂ/ਬਰਨਾਲਾ-ਜਨਵਰੀ 2021-(ਗੁਰਸੇਵਕ ਸੋਹੀ)
ਉੱਘੇ ਐੱਨ.ਆਰ.ਆਈ ਅਤੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਚਰਨ ਸਿੰਘ ਗੁਰਮ ਦੀ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ ਲੁਧਿਆਣਾ ਤੋਂ ਦਿੱਲੀ ਕਿਸਾਨੀ ਸੰਘਰਸ਼ ਲਈ ਸਿੰਘੂ ਬਾਰਡਰ ਅਤੇ ਕੁੰਡਲੀ ਬਾਰਡਰ ਲਈ ਕਾਫਲਾ ਰਵਾਨਾ ਹੋਇਆ ।ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਗੁਰਮ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਸਾਨੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਇਸ ਜਨ ਹਿੱਤ ਸੰਘਰਸ਼ ਲਈ ਬਹੁਤ ਫ਼ਿਕਰਮੰਦ ਹਨ। ਉਨ੍ਹਾਂ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ।ਉਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੋਦੀ ਜੀ !ਅਜੇ ਵੀ ਤੁਹਾਡੇ ਕੋਲ ਵਕਤ ਹੈ,ਕਾਲੇ ਕਾਨੂੰਨ ਰੱਦ ਕਰ ਦਿਓ ।ਨਹੀਂ ਤਾਂ ਆਉਣ ਵਾਲੇ ਸਮੇਂ ਚ ਲੋਕਾਂ ਨੇ ਤੁਹਾਨੂੰ ਬੁਰੀ ਤਰਾਂ ਰੱਦ ਕਰ ਦੇਣਾ ਹੈ।ਫਿਰ ਬੀਤਿਆ ਵੇਲਾ ਹੱਥ ਨਹੀਂ ਆਉਣਾ। ਉਨ੍ਹਾਂ ਕਿਸਾਨੀ ਸੰਘਰਸ਼ ਲਈ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ ਆਪਾਂ ਸਾਰੇ ਪਾਰਟੀਆਂ ਨੂੰ ਪਾਸੇ ਰੱਖ ਕੇ, ਆਪਣੀਆਂ ਜ਼ਮੀਨਾਂ ਲਈ,ਆਪਣੇ ਹੱਕਾਂ ਲਈ ਅੱਗੇ ਹੋ ਕੇ ਅਗਵਾਈ ਕਰੀਏ ਅਤੇ ਇਸ ਦਿੱਲੀ ਕਿਸਾਨੀ ਸੰਘਰਸ਼ ਵਿੱਚੋਂ ਜਿੱਤ ਪ੍ਰਾਪਤ ਕਰੀਏ ।
ਇਸ ਸਮੇਂ ਉਨ੍ਹਾਂ ਨਾਲ ਬਲਦੇਵ ਸਿੰਘ ਵਾਲੀਆ,ਗੁਰਇਕਬਾਲ ਸਿੰਘ,ਨਵਨੀਤ ਸਿੰਘ,ਰਾਜਪਾਲ ਵਰਮਾ, ਸ਼ਮਸ਼ੇਰ ਸਿੰਘ,ਸੁਖਵਿੰਦਰ ਸਿੰਘ ਤੇ ਮੋਹਨ ਲਾਲ ਤੋਂ ਇਲਾਵਾ ਹੋਰ ਸਾਥੀ ਸ਼ਾਮਲ ਸਨ ।