ਕਾਬੁਲ /ਲੰਡਨ,ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੁਰਾਣੇ ਸ਼ਹਿਰ ਵਿਚਲੇ ਸ਼ੋਰ ਬਾਜ਼ਾਰ ਦੇ ਗੁਰਦੁਆਰਾ ਗੁਰੂ ਹਰਿਰਾਇ ਸਾਹਿਬ 'ਤੇ ਅੱਜ ਸਵੇਰੇ 7.45 ਵਜੇ ਹੋਏ ਅੱਤਵਾਦੀ ਹਮਲੇ 'ਚ 25 ਸਿੱਖਾਂ ਦੇ ਮਾਰੇ ਜਾਣ ਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਮਿ੍ਤਕਾਂ 'ਚ ਇਕ ਬੱਚਾ ਵੀ ਸ਼ਾਮਿਲ ਹੈ ਤੇ ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਇਸ ਸਬੰਧੀ ਅਫ਼ਗਾਨਿਸਤਾਨ ਤੋਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪੂਰੇ ਵਿਸ਼ਵ ਦੇ ਬਚਾਅ ਲਈ ਗੁਰਦੁਆਰਾ ਸਾਹਿਬ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਸਨ ਤੇ ਉਕਤ ਹਮਲਾ ਉਸ ਸਮੇਂ ਹੋਇਆ ਜਦੋਂ ਅਰਦਾਸ ਉਪਰੰਤ ਸੰਗਤ 'ਚ ਪ੍ਰਸ਼ਾਦਿ ਵਰਤਾਇਆ ਜਾ ਰਿਹਾ ਸੀ | ਅਫ਼ਗ਼ਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਹ ਹਮਲਾ ਅੱਤਵਾਦੀ ਸੰਗਠਨ ਆਈ. ਐਸ. ਆਈ. ਐਲ. (ਇਸਲਾਮਿਕ ਸਟੇਟ ਆਫ਼ ਇਰਾਕ ਐਾਡ ਦਿ ਲਿਵੇਂਟ) ਦੇ ਬੰਦੂਕਧਾਰੀਆਂ ਤੇ ਆਤਮਘਾਤੀ ਹਮਲਾਵਰਾਂ ਨੇ ਕੀਤਾ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਮਲਾ ਹੋਇਆ ਉਸ ਵੇਲੇ ਗੁਰਦੁਆਰਾ ਸਾਹਿਬ 'ਚ 150 ਦੇ ਕਰੀਬ ਸੰਗਤ ਹਾਜ਼ਰ ਸੀ | ਮੌਕੇ 'ਤੇ ਪਹੁੰਚ ਕੇ ਸੁਰੱਖਿਆ ਬਲਾਂ ਤੇ ਅਫ਼ਗ਼ਾਨ ਸਪੈਸ਼ਲ ਫੋਰਸ ਨੇ ਅੱਤਵਾਦੀਆਂ 'ਤੇ ਜਵਾਬੀ ਕਾਰਵਾਈ ਕੀਤੀ ਤੇ ਉੱਥੇ ਫਸੀ ਸੰਗਤ ਨੂੰ ਸੁਰੱਖਿਅਤ ਬਾਹਰ ਕੱਢਿਆ | ਦੱਸਿਆ ਜਾ ਰਿਹਾ ਹੈ ਕਿ ਅਫ਼ਗ਼ਾਨ ਸਪੈਸ਼ਲ ਫੋਰਸ ਨੇ ਕਰੀਬ ਇਕ ਦਰਜਨ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ, ਜਿਨ੍ਹਾਂ 'ਚੋਂ ਸਾਰੇ ਨੰਗੇ ਪੈਰੀਂ ਸਨ ਤੇ ਰੋ ਰਹੇ ਸਨ | ਸੂਤਰਾਂ ਮੁਤਾਬਿਕ ਉਕਤ ਹਮਲੇ 'ਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ 25 ਹੈ ਤੇ ਜ਼ਖ਼ਮੀ 60 ਤੋਂ ਵਧੇਰੇ ਹਨ | ਸਿਆਸਤਦਾਨ ਡਾ. ਅਨਾਰਕਲੀ ਕੌਰ ਹੋਨਾਰਯਾਰ ਨੇ ਦੱਸਿਆ ਕਿ ਤਾਲਿਬਾਨ ਨੇ ਉਕਤ ਹਮਲੇ 'ਚ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਜਦਕਿ ਸਾਈਟ ਇੰਟੈਲੀਜੈਂਸ ਗਰੁੱਪ (ਐਸ.ਆਈ.ਟੀ.ਈ.), ਜੋ ਕਿ ਹਥਿਆਰਬੰਦ ਅੱਤਵਾਦੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਵੇਖਦਾ ਹੈ, ਨੇ ਪੱਕੇ ਤੌਰ 'ਤੇ ਦਾਅਵਾ ਕੀਤਾ ਹੈ ਕਿ ਆਈ. ਐਸ. ਆਈ. ਐਲ. ਅੱਤਵਾਦੀ ਸਮੂਹ ਨੇ ਉੱਥੋਂ ਦੀ ਇਕ ਸਥਾਨਕ ਮੀਡੀਆ ਏਜੰਸੀ ਦੀ ਮਾਰਫ਼ਤ ਉਕਤ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਇਸੇ ਅੱਤਵਾਦੀ ਸਮੂਹ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਾਬੁਲ ਵਿਖੇ ਘੱਟ-ਗਿਣਤੀ ਸ਼ੀਆ ਮੁਸਲਮਾਨਾਂ ਦੇ ਇਕ ਇਕੱਠ 'ਤੇ ਹਮਲਾ ਕੀਤਾ ਸੀ, ਜਿਸ 'ਚ 32 ਲੋਕਾਂ ਦੀ ਮੌਤ ਹੋ ਗਈ | ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰਿਅਨ ਨੇ ਦੱਸਿਆ ਹੈ ਕਿ ਹਮਲੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਖੇਤਰ ਨੂੰ ਘੇਰ ਲਿਆ ਤੇ ਜਵਾਬੀ ਕਾਰਵਾਈ ਕੀਤੀ | ਜ਼ਿਕਰਯੋਗ ਹੈ ਕਿ ਅਫ਼ਗ਼ਾਨਿਸਤਾਨ 'ਚ ਸਿੱਖ ਭਾਈਚਾਰੇ ਦੀ ਜ਼ਿਆਦਾਤਰ ਆਬਾਦੀ ਜਲਾਲਾਬਾਦ ਤੇ ਕਾਬੁਲ 'ਚ ਹੈ ਤੇ ਉਨ੍ਹਾਂ 'ਤੇ ਇਹ ਪਹਿਲਾ ਹਮਲਾ ਨਹੀਂ, ਸਗੋਂ ਉਨ੍ਹਾਂ 'ਤੇ ਇਸ ਤੋਂ ਪਹਿਲਾਂ ਵੀ ਅਜਿਹੇ ਹਮਲਿਆਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ | ਅਜਿਹੇ ਹਮਲਿਆਂ ਦੇ ਡਰ ਤੋਂ ਹੀ ਹਾਲ ਹੀ ਦੇ ਸਾਲਾਂ 'ਚ ਵੱਡੀ ਗਿਣਤੀ 'ਚ ਅਫ਼ਗਾਨੀ ਸਿੱਖਾਂ ਤੇ ਹਿੰਦੂਆਂ ਵਲੋਂ ਭਾਰਤ 'ਚ ਪਨਾਹ ਦੀ ਮੰਗ ਕੀਤੀ ਗਈ | ਜ਼ਿਕਰਯੋਗ ਹੈ ਕਿ ਜਲਾਲਾਬਾਦ 'ਚ ਸਾਲ 2018 'ਚ ਹੋਏ ਆਤਮਘਾਤੀ ਹਮਲੇ 'ਚ 13 ਸਿੱਖ ਮਾਰੇ ਗਏ ਸਨ | ਉਕਤ ਹਮਲੇ ਦੀ ਜ਼ਿੰਮੇਵਾਰੀ ਵੀ ਆਈ. ਐਸ. ਆਈ. ਐਲ. ਨੇ ਲਈ ਸੀ | ਅਫ਼ਗ਼ਾਨਿਸਤਾਨ 'ਚ 300 ਤੋਂ ਵੀ ਘੱਟ ਸਿੱਖ ਪਰਿਵਾਰ ਰਹਿੰਦੇ ਹਨ ਤੇ ਜਲਾਲਾਬਾਦ ਤੇ ਕਾਬੁਲ 'ਚ ਇਕ-ਇਕ ਗੁਰਦੁਆਰਾ ਆਬਾਦ ਹੈ |
ਭਾਰਤ ਵਿਦੇਸ਼ ਮੰਤਰਾਲੇ ਵਲੋਂ ਨਿੰਦਾ
ਭਾਰਤ ਨੇ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਇਸ ਨਾਲ ਹਮਲੇ ਦੇ ਦੋਸ਼ੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਦੀ 'ਦਵੈਤਵਾਦੀ ਸੋਚ' ਪ੍ਰਤੀਬਿੰਬਤ ਹੁੰਦੀ ਹੈ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਮਿ੍ਤਕਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਤੇ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦਾ ਹੈ | ਮੰਤਰਾਲੇ ਅਨੁਸਾਰ ਭਾਰਤ, ਅਫਗਾਨਿਸਤਾਨ ਦੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਪ੍ਰਭਾਵਿਤ ਪਰਿਵਾਰਾਂ ਲਈ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ |
ਵਰਲਡ ਸਿੱਖ ਪਾਰਲੀਮੈਂਟ ਵਲੋਂ ਕਾਬੁਲ ਹਮਲੇ ਦੀ ਨਿੰਦਾ
ਵਰਲਡ ਸਿੱਖ ਪਾਰਲੀਮੈਂਟ ਨੇ ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ਕੀਤੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ | ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਭਾਈ ਜੋਗਾ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਸਥਾਨਕ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ | ਉਨ੍ਹਾਂ ਅਫ਼ਗਾਨਿਸਤਾਨ ਸਰਕਾਰ ਤੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਤੇ ਬਹੁਗਿਣਤੀ ਸਿੱਖ ਵਸੋਂ ਵਾਲੇ ਇਲਾਕਿਆਂ 'ਚ ਸੁਰੱਖਿਆ ਨੂੰ ਹੋਰ ਵਧਾਉਣ ਦੀ ਮੰਗ ਕੀਤੀ |
ਪਾਕਿਸਤਾਨ ਵਲੋਂ ਹਮਲੇ ਦੀ ਨਿੰਦਾ
ਇਸਲਾਮਾਬਾਦ (ਪੀ.ਟੀ.ਆਈ.)-ਪਾਕਿਸਤਾਨ ਨੇ ਅੱੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਲੋਂ ਅਫ਼ਗਾਨਿਸਤਾਨ 'ਚ ਗੁਰਦੁਆਰੇ 'ਤੇ ਕੀਤੇ ਘਿਨਾਉਣੇ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਪਾਕਿ ਵਿਦੇਸ਼ੀ ਵਿਭਾਗ ਵਲੋਂ ਜਾਰੀ ਬਿਆਨ ਅਨੁਸਾਰ ਅਜਿਹੇ ਨਫ਼ਰਤਯੋਗ ਹਮਲਿਆਂ ਦੀ ਕੋਈ ਰਾਜਨੀਤਕ, ਧਾਰਮਿਕ ਜਾਂ ਨੈਤਿਕ ਉੱਚਿਤਤਾ ਨਹੀਂ ਹੁੰਦੀ ਅਤੇ ਬਿਲਕੁਲ ਰੱਦ ਕਰ ਦੇਣਾ ਚਾਹੀਦਾ ਹੈ | ਪਾਕਿ ਵਿਦੇਸ਼ ਵਿਭਾਗ ਨੇ ਕਿਹਾ ਕਿ ਇਸ ਹਮਲੇ 'ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾਉਣ ਵਾਲਿਆਂ ਪ੍ਰਤੀ ਅਸੀਂ ਹਮਦਰਦੀ ਰੱਖਦੇ ਹਾਂ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ | ਅਸੀਂ ਅਫ਼ਗਾਨਿਸਤਾਨ ਦੇ ਭਾਈਚਾਰੇ ਦੇ ਲੋਕਾਂ ਨਾਲ ਆਪਣੀ ਇਕਜੁਟਤਾ ਦਾ ਪ੍ਰਗਟਾਵਾ ਵੀ ਕਰਦੇ ਹਾਂ | ਉਨ੍ਹਾਂ ਕਿਹਾ ਕਿ ਪਾਕਿਸਤਾਨ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕਰਦਾ ਹੈ | ਸਾਰੇ ਪੂਜਾ ਸਥਾਨ ਪਵਿੱਤਰ ਹਨ ਅਤੇ ਉਨ੍ਹਾਂ ਦੀ ਪਵਿੱਤਰਤਾ ਦਾ ਹਰ ਸਮੇਂ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ |
ਅਮਰੀਕਾ ਵਲੋਂ ਗੁਰਦੁਆਰੇ 'ਤੇ ਅੱਤਵਾਦੀ ਹਮਲੇ ਦੀ ਨਿੰਦਾ
ਵਾਸ਼ਿੰਗਟਨ (ਪੀ.ਟੀ.ਆਈ.)-ਅਮਰੀਕਾ ਨੇ ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਲੋਂ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਅਮਰੀਕੀ ਵਿਦੇਸ਼ ਮੰਤਰੀ ਦੀ ਦੱਖਣੀ ਅਤੇ ਮੱਧ ਏਸ਼ੀਆ ਲਈ ਕਾਰਜਕਾਰੀ ਸਹਾਇਕ ਏਲਿਸ ਜੀ ਵੈਲਸ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਸੀਂ ਮਿ੍ਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਦੁੱਖ ਦੀ ਘੜੀ 'ਚ ਭਾਈਚਾਰੇ ਦੇ ਨਾਲ ਖੜ੍ਹੇ ਹਾਂ |
ਮਾਰੇ ਗਏ ਸਿੱਖਾਂ ਦੀ ਸੂਚੀ ਜਾਰੀ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਹਰਿਰਾਇ ਸਾਹਿਬ 'ਚ ਆਤਮਘਾਤੀ ਹਮਲੇ ਦੌਰਾਨ ਸ਼ਹੀਦ ਹੋਏ ਸਿੱਖਾਂ 'ਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ, ਧਿਆਨ ਸਿੰਘ, ਅਵਤਾਰ ਸਿੰਘ, ਕੁਲਤਾਰ ਸਿੰਘ, ਹਰਦਿੱਤ ਸਿੰਘ, ਇਕਬਾਲ ਸਿੰਘ, ਕੁਲਵਿੰਦਰ ਸਿੰਘ, ਜਗਤਾਰ ਸਿੰਘ, ਭਗਤ ਸਿੰਘ, ਮੋਨ ਸਿੰਘ, ਜੀਵਨ ਸਿੰਘ, ਸ਼ੰਕਰ ਸਿੰਘ, ਪਰਮੀਤ ਸਿੰਘ, ਸਰਦਾਰ ਸਿੰਘ, ਸੁਰਜੁਨ ਸਿੰਘ ਸਮੇਤ ਬੀਬੀ ਪਰਮਜੀਤ ਕੌਰ, ਸੁਰਜੀਤ ਕੌਰ, ਸੁਰੀਲਾ ਕੌਰ, ਤਾਨੀਆ ਕੌਰ, ਜਗਤਾਰ ਕੌਰ, ਦਿਲਜੀਤ ਕੌਰ, ਹਰਜੀਤ ਕੌਰ ਤੇ ਬੀਬੀ ਜੈ ਕੌਰ ਦੇ ਨਾਂਅ ਸ਼ਾਮਿਲ ਹਨ |