ਕਿਸਾਨ ਸ਼ਹੀਦੀਆਂ ਦੇ ਰਹੇ ਹਨ ਪਰ ਮੋਦੀ ਦੇ ਕੰਨ ਤੇ ਜੂੰ ਨਹੀਂ ਸਰਕਦੀ
ਸ੍ਰੀ ਮੁਕਤਸਰ ਸਾਹਿਬ-ਜਨਵਰੀ 2021- (ਗੁਰਸੇਵਕ ਸਿੰਘ ਸੋਹੀ)-
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਜੋ 3 ਆਰਡੀਨੈਂਸ ਪਾਸ ਕੀਤੇ ਹਨ ਉਨ੍ਹਾਂ ਨੂੰ ਵਾਪਸ ਕਰਨ ਦੇ ਲਈ ਅੱਜ 100 ਦਿਨਾਂ ਤੋਂ ਕਿਸਾਨ ਰੋੜਾਂ ਉੱਪਰ ਰੁਲ ਰਹੇ ਹਨ। ਅੱਜ ਦਿੱਲੀ ਦੇ ਵਿੱਚ ਕੜਾਕੇ ਦੀ ਹੱਡ ਚੀਰਵੀਂ ਠੰਢ ਵਿੱਚ ਸ਼ਹੀਦ ਹੋ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਨਸਾਫ ਟੀਮ ਦੇ ਪ੍ਰਧਾਨ ਸ੍ਰੀ ਜਗਮੀਤ ਸਿੰਘ ਜੱਗਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸੇ ਚੰਗੇ ਡਾਕਟਰ ਤੋਂ ਆਪਣੇ ਦਿਮਾਗ ਦੀ ਸਕੈਨ ਕਰਵਾ ਲੈਣੀ ਚਾਹੀਦੀ ਹੈ। ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਜਥੇਬੰਦੀਆਂ ਕਿਸਾਨ ਅਤੇ ਮਜ਼ਦੂਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦਿਨ ਰਾਤ ਸੜਕਾਂ ਉੱਪਰ ਤਿੱਖਾ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਗਮੀਤ ਜੱਗਾ ਜੀ ਨੇ ਕਿਹਾ ਹੈ ਕਿ ਹਰ ਵਰਗ ਦੇ ਕਿਸਾਨ ਮਜ਼ਦੂਰ ਨੂੰ ਦਿੱਲੀ ਜਾਣਾ ਚਾਹੀਦਾ ਹੈ ਤਾਂ ਹੀ ਅਸੀਂ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਜਿੱਤ ਪ੍ਰਾਪਤ ਕਰ ਸਕਾਂਗੇ। ਸੂਬੇ ਦੇ ਕਿਸਾਨ ,ਮਾਤਾ ,ਭੈਣਾਂ ਬਜ਼ੁਰਗਾਂ ਵੱਲੋਂ ਲਗਾਤਾਰ ਦਿੱਲੀ ਵਿਖੇ ਕੜਾਕੇ ਦੀ ਠੰਢ ਵਿੱਚ ਜ਼ੋਰਦਾਰ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੇ 3 ਕਿਸਾਨ ਵਿਰੋਧੀ ਫੈਸਲਿਆਂ ਖ਼ਿਲਾਫ਼ ਦਿੱਲੀ ਜਾ ਕੇ ਸੰਘਰਸ਼ ਕਰਨਾ ਹਰ ਵਰਗ ਦੇ ਲਈ ਸਮੇਂ ਦੀ ਮੁੱਖ ਲੋਡ਼ ਹੈ ਅਤੇ ਹਰ ਇਨਸਾਨ ਨੂੰ ਜਾਤ-ਪਾਤ,ਭਰਮ ਭੁਲੇਖੇ ਕੱਢਕੇ ਅੰਦੋਲਨ ਵਿੱਚ ਜਥੇਬੰਦੀਆਂ ਦਾ ਸਾਥ ਦੇਣਾਂ ਚਾਹੀਦਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਬਿੱਲ ਪਾਸ ਕੀਤੇ ਹਨ ਉਨ੍ਹਾਂ ਨੂੰ ਫੇਲ੍ਹ ਕਰਨ ਦੇ ਲਈ ਇਸ ਅੰਦੋਲਨ ਦੇ ਨਾਲ ਆਰ-ਪਾਰ ਦੀ ਲੜੀ ਜਾ ਰਹੀ ਲੜਾਈ ਦੇ ਵਿੱਚ ਕਾਫ਼ਲੇ ਬੰਨ੍ਹ ਕੇ ਦਿੱਲੀ ਜਾਣ ਲਈ ਪੁਰ ਜ਼ੋਰ ਅਪੀਲ ਕੀਤੀ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ। ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ।