ਲੰਡਨ, ਜਨਵਰੀ 2021 -(ਏਜੰਸੀ )
ਬਰਤਾਨੀਆ ਨੇ ਅਲੈਕਸ ਐਲਿਸ ਨੂੰ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਐਲਿਸ ਬਰਤਾਨੀਆ ਦੇ ਤਜਰਬੇਕਾਰ ਰਣਨੀਤਕ ਮਾਹਰ ਮੰਨੇ ਜਾਂਦੇ ਹਨ। ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਫਾਰਨ ਕਾਮਨਵੈਲਥ ਐਂਡ ਡਿਵੈੱਲਪਮੈਂਟ ਦਫਤਰ (ਐੱਫਸੀਡੀਓ) ਨੇ ਕੀਤੀ ਹੈ।
53 ਸਾਲਾ ਅਲੈਕਸ ਬਰਤਾਨੀਆ 'ਚ ਸੀਨੀਅਰ ਅਧਿਕਾਰੀ ਹਨ ਤੇ ਮੌਜੂਦਾ 'ਚ ਬਰਤਾਨੀਆ ਦੇ ਕੈਬਨਿਟ ਦਫ਼ਤਰ 'ਚ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ। ਨਵੀਂ ਦਿੱਲੀ 'ਚ ਉਹ ਸਰ ਫਿਲਿਪ ਵਾਰਟਨ ਦੀ ਜਗ੍ਹਾ ਲੈਣਗੇ। ਜੋ ਪਿਛਲੇ ਸਾਲ ਬਰਤਾਨੀਆ ਪਰਤ ਗਏ ਸਨ। ਉਨ੍ਹਾਂ ਨੂੰ ਉਥੇ ਨਵੇਂ ਵਿਭਾਗ ਐੱਫਸੀਡੀਓ 'ਚ ਸਥਾਈ ਵਧੀਕ ਸਕੱਤਰ ਬਣਾਇਆ ਗਿਆ ਹੈ। ਅਲੈਕਸ ਨੂੰ ਨਵੀਂ ਦਿੱਲੀ 'ਚ ਬਰਤਾਨੀਆ ਦੇ ਹਾਈ ਕਮਿਸ਼ਨਰ ਦਾ ਦਰਜਾ ਦਿੱਤਾ ਗਿਆ ਹੈ। ਅਲੈਕਸ ਰਣਨੀਤਕ ਤੇ ਸੁਰੱਖਿਆ ਮਾਮਲਿਆਂ ਦੇ ਮਾਹਰ ਮੰਨੇ ਜਾਂਦੇ ਹਨ। ਉਨ੍ਹਾਂ ਨੇ ਬਰਤਾਨੀਆ ਤੇ ਯੂਰਪੀਅਨ (ਈਯੂ) 'ਚ ਸੁਰੱਖਿਆ ਭਾਈਵਾਲੀ ਤੇ ਬ੍ਰੈਕਜਿਟ ਦੇ ਮਸਲਿਆਂ 'ਤੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 2013 ਤੇ 2017 'ਚ ਇਹ ਬ੍ਰਾਜ਼ੀਲ 'ਚ ਬਰਤਾਨੀਆ ਦੇ ਸਫ਼ੀਰ ਰਹੇ ਹਨ। 2007 ਤੇ 2010 'ਚ ਉਹ ਪੁਰਤਗਾਲ ਦੇ ਸਫ਼ੀਰ ਵੀ ਰਹੇ ਹਨ। ਵਿਦੇਸ਼ ਵਿਭਾਗ 'ਚ ਉਹ ਰਣਨੀਤਕ ਨਿਰਦੇਸ਼ਕ ਦੇ ਅਹੁਦੇ 'ਤੇ ਵੀ ਕੰਮ ਕਰ ਚੁੱਕੇ ਹਨ। ਯੂਰਪੀਅਨ ਯੂਨੀਅਨ ਦੇ ਮੁਖੀ ਦੀ ਕੈਬਨਿਟ 'ਚ ਮੈਂਬਰ ਵਜੋਂ ਕੰਮ ਕਰਦਿਆਂ ਉਨ੍ਹਾਂ ਨੇ ਊਰਜਾ, ਪੌਣ-ਪਾਣੀ ਤਬਦੀਲੀ, ਵਿਰੋਧੀਆਂ, ਵਿਕਾਸ, ਵਪਾਰ ਤੇ ਰਣਨੀਤਕ ਮਾਮਲਿਆਂ 'ਤੇ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਐਲਿਸ ਨੇ ਈਯੂ 'ਚ ਬਰਤਾਨੀਆ ਦੀ ਪ੍ਰਤੀਨਿਧਤਾ ਕਰਦਿਆਂ ਬਜਟ ਸਮੇਤ ਕਈ ਮਾਮਲਿਆਂ 'ਤੇ ਕੰਮ ਕੀਤਾ। ਐਲਿਸ ਨੇ ਸਿਵਲ ਸਰਵਿਸਿਜ਼ ਦੀ ਸ਼ੁਰੂਆਤ 'ਚ ਮੈਡਰਿਡ ਤੇ ਸਪੇਨ ਦੇ ਸਫ਼ਾਰਤਖਾਨੇ 'ਚ ਕੰਮ ਕੀਤਾ ਹੈ। ਕਰੀਅਰ ਦੇ ਸ਼ੁਰੂ 'ਚ ਹੀ ਦੱਖਣੀ ਅਫ਼ਰੀਕਾ 'ਚ ਨੈਲਸਨ ਮੰਡੇਲਾ ਦੀ ਰਿਹਾਈ ਤੋਂ ਬਾਅਦ ਬਹੁ-ਪਾਰਟੀ ਲੋਕਤੰਤਰ ਦੇ ਦੌਰ 'ਚ ਵੀ ਉਥੇ ਕੰਮ ਕੀਤਾ ਹੈ।