You are here

ਯੂ.ਕੇ. 'ਚ 35000 ਕੈਂਸਰ ਮਰੀਜ਼ਾਂ ਦੀ ਮੌਤ ਦਾ ਕਾਰਨ ਬਣਨ ਦਾ ਖ਼ਤਰਾ

ਮਾਨਚੈਸਟਰ,  ਜੁਲਾਈ 2020 (ਗਿਆਨੀ ਅਮਰੀਕ ਸਿੰਘ ਰਾਠੌਰ)-  ਯੂ. ਕੇ. 'ਚ ਕੈਂਸਰ ਦੀ ਜਾਂਚ ਅਤੇ ਇਲਾਜ 'ਚ ਦੇਰੀ ਹੋਣ ਕਾਰਨ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ | ਵਿਗਿਆਨੀਆਂ ਅਨੁਸਾਰ ਇਹ ਗਿਣਤੀ 7000 ਤੱਕ ਹੋ ਸਕਦੀ ਹੈ, ਪਰ ਜੇ ਸਥਿਤੀ ਹੋਰ ਮਾੜੀ ਹੋ ਗਈ ਤਾਂ 35000 ਤੱਕ ਲੋਕਾਂ ਦੀ ਮੌਤ ਹੋ ਸਕਦੀ ਹੈ | ਚਿੰਤਾ ਦੀ ਗੱਲ ਇਹ ਹੈ ਕਿ ਕੋਵਿਡ-19 ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਦੀ ਆਮ ਜਾਂਚ, ਤੁਰੰਤ ਭਰਤੀ ਸਿਫ਼ਾਰਸ਼ਾਂ ਅਤੇ ਇਲਾਜ ਕਰਨ 'ਚ ਦੇਰੀ ਕਰਨੀ ਪਈ ਹੈ ਜਾਂ ਉਨ੍ਹਾਂ ਦੀਆਂ ਅਪਾਇੰਟਮੈਂਟਾਂ ਰੱਦ ਹੋਈਆਂ ਹਨ | ਰਾਸ਼ਟਰੀ ਸਿਹਤ ਸੰਸਥਾ ਇੰਗਲੈਂਡ ਨੇ ਕਿਹਾ ਹੈ ਕਿ ਉਹ ਕੈਂਸਰ ਜਾਂਚ ਅਤੇ ਇਲਾਜ ਸੇਵਾਵਾਂ ਜਲਦੀ ਬਹਾਲ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ | ਹੈਲਥ ਕੇਅਰ ਰਿਸਰਚ ਹਬ ਫ਼ਾਰ ਕੈਂਸਰ ਦੇ ਡੈਟਾ ਕੈਨ ਦੁਆਰਾ ਕੀਤੇ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੌਤਾਂ ਦੀ ਗਿਣਤੀ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਇਨ੍ਹਾਂ ਸੇਵਾਵਾਂ ਨੂੰ ਆਮ ਵਾਂਗ ਬਹਾਲ ਕਰਨ 'ਚ ਕਿੰਨਾ ਸਮਾਂ ਲੱਗੇਗਾ | ਡਾਟਾ ਕੈਨ ਦੇ ਵਿਗਿਆਨੀ ਪ੍ਰੋ: ਮਾਰਕ ਲਾਅਲਰ ਨੇ ਕਿਹਾ ਹੈ ਕਿ ਸ਼ੁਰੂਆਤੀ ਅੰਕੜੇ ਬਹੁਤ ਹੀ ਚਿੰਤਾਜਨਕ ਸਨ | ਐਨ.ਐੱਚ.ਐਸ. ਅਨੁਸਾਰ ਅਪ੍ਰੈਲ 'ਚ ਜੀ ਪੀ (ਨਿੱਜੀ ਡਾਕਟਰ) ਕੋਲ ਜਾਣ ਵਾਲੇ ਲੋਕਾਂ ਦੀ ਗਿਣਤੀ 'ਚ 60 ਫ਼ੀਸਦੀ ਗਿਰਾਵਟ ਹੋਈ ਸੀ | ਮਈ 'ਚ ਕੈਂਸਰ ਲਈ ਤੁਰੰਤ ਅੱਗੇ ਭੇਜਣ ਜਾਰੀ ਕੀਤੀਆਂ ਜਾਣ ਵਾਲੀਆਂ ਸਿਫ਼ਾਰਸ਼ਾਂ ਦੀ ਗਿਣਤੀ 45 ਫ਼ੀਸਦੀ ਘਟੀਆਂ ਹਨ |