ਲੰਡਨ, ਜਨਵਰੀ 2021 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲਾ ਭਾਰਤ ਦਾ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਗਣਤੰਤਰ ਦਿਵਸ ਦੀ ਪਰੇਡ ਮੌਕੇ ਮੁੱਖ ਮਹਿਮਾਨ ਹੋਣਾ ਸੀ। ਇੰਗਲੈਂਡ ’ਚ ਕਰੋਨਾਵਾਇਰਸ ਦੇ ਨਵੇਂ ਰੂਪ ਦੇ ਵਧ ਰਹੇ ਕੇਸਾਂ ਕਾਰਨ ਪੈਦਾ ਹੋਏ ਸੰਕਟ ਕਾਰਨ ਉਨ੍ਹਾਂ ਭਾਰਤ ਦਾ ਦੌਰਾ ਰੱਦ ਕੀਤਾ ਹੈ। ਜੌਹਨਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ’ਤੇ ਆਪਣੇ ਭਾਰਤ ਦੌਰੇ ’ਤੇ ਨਾ ਆਉਣ ਦਾ ਅਫ਼ਸੋਸ ਜਤਾਇਆ ਹੈ। ਸ੍ਰੀ ਮੋਦੀ ਨੂੰ ਇਹ ਜਾਣਕਾਰੀ ਉਸ ਸਮੇਂ ਦਿੱਤੀ ਗਈ ਹੈ ਜਦੋਂ ਇਕ ਦਿਨ ਪਹਿਲਾਂ ਬੋਰਿਸ ਜੌਹਨਸਨ ਨੇ ਮੁਲਕ ਵਾਸੀਆਂ ਨੂੰ ਸੰਬੋਧਨ ਕਰਦਿਆਂ ਇੰਗਲੈਂਡ ’ਚ ਨਵੇਂ ਸਿਰੇ ਤੋਂ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਸੀ। ਉਂਜ ਉਨ੍ਹਾਂ ਸੰਕੇਤ ਦਿੱਤੇ ਹਨ ਕਿ ਉਹ ਜੀ-7 ਸਿਖਰ ਸੰਮੇਲਨ ਤੋਂ ਪਹਿਲਾਂ ਅਤੇ ਇਸ ਸਾਲ ਦੇ ਪਹਿਲੇ ਅੱਧ ਦੌਰਾਨ ਭਾਰਤ ਦਾ ਦੌਰਾ ਕਰ ਸਕਦੇ ਹਨ। ਡਾਊਨਿੰਗ ਸਟਰੀਟ ਦੇ ਤਰਜਮਾਨ ਨੇ ਕਿਹਾ,‘‘ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਆਪਣੇ ਭਾਰਤੀ ਹਮਰੁਤਬਾ ਮੋਦੀ ਨਾਲ ਫੋਨ ’ਤੇ ਗੱਲਬਾਤ ਕਰਕੇ ਇਸ ਮਹੀਨੇ ਐਲਾਨੇ ਗਏ ਭਾਰਤ ਦੌਰੇ ’ਤੇ ਆਉਣ ’ਚ ਅਸਮਰੱਥਤਾ ਪ੍ਰਗਟਾਈ ਹੈ।’’ ਉਨ੍ਹਾਂ ਕਿਹਾ ਕਿ ਮੁਲਕ ’ਚ ਕਰੋਨਾਵਾਇਰਸ ਦੇ ਨਵੇਂ ਰੂਪ ਦੇ ਤੇਜ਼ੀ ਨਾਲ ਫੈਲਣ ਕਾਰਨ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਯੂਕੇ ’ਚ ਮੌਜੂਦ ਰਹਿਣਾ ਮਹੱਤਵਪੂਰਨ ਹੈ ਤਾਂ ਜੋ ਉਹ ਵਾਇਰਸ ਕਾਰਨ ਮੁਲਕ ’ਚ ਬਣ ਰਹੇ ਹਾਲਾਤ ’ਤੇ ਧਿਆਨ ਕੇਂਦਰਿਤ ਕਰ ਸਕਣ। ਦੋਵੇਂ ਆਗੂਆਂ ਨੇ ਭਾਰਤ ਅਤੇ ਇੰਗਲੈਂਡ ਦੇ ਦੁਵੱਲੇ ਰਿਸ਼ਤਿਆਂ ਪ੍ਰਤੀ ਵਚਨਬੱਧਤਾ ਪ੍ਰਗਟਾਈ ਹੈ ਅਤੇ ਮਹਾਮਾਰੀ ਨਾਲ ਸਿੱਝਣ ਸਮੇਤ ਦੋਵੇਂ ਮੁਲਕਾਂ ਵਿਚਕਾਰ ਨੇੜਲੀ ਸਾਂਝ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਤਰਜਮਾਨ ਨੇ ਕਿਹਾ ਕਿ ਸ੍ਰੀ ਜੌਹਨਸਨ ਨੇ ਮੌਜੂਦਾ ਵਰ੍ਹੇ ਦੇ ਪਹਿਲੇ ਅੱਧ ’ਚ ਭਾਰਤ ਦੌਰੇ ਦੀ ਆਸ ਜਤਾਈ ਹੈ। ਯੂਕੇ ਦੀ ਮੇਜ਼ਬਾਨੀ ਹੇਠ ਹੋਣ ਵਾਲੇ ਜੀ-7 ਸਿਖਰ ਸੰਮੇਲਨ ’ਚ ਨਰਿੰਦਰ ਮੋਦੀ ਮਹਿਮਾਨ ਵਜੋਂ ਹਾਜ਼ਰੀ ਭਰਨਗੇ।