ਜਗਰਾਉਂ ਜਨਵਰੀ 2021(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)
ਡੀ ਏ ਵੀ ਸੀ ਪਬਲਿਕ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਕੂਲ ਸਦਾ ਹੀ ਹਰ ਤਰ੍ਹਾਂ ਦੇ ਮੁਕਾਬਲੇ, ਪ੍ਰੀਖਿਆਵਾਂ ਵਿੱਚ ਵਧ ਚੜ ਕੇ ਹਿੱਸਾ ਲੈਂਦਾ ਰਿਹਾ ਹੈ। ਇਸੇ ਪ੍ਰਕਿਰਿਆ ਅਧੀਨ ਹਮਿੰਗ ਬਰਡ ਐਜੂਕੇਸ਼ਨ ਦਵਾਰਾ ਰਾਸ਼ਟਰੀ ਪੱਧਰ ਤੇ ਸਪੈਲ ਬੀ ਓਲਪੀਅਡ ਦਾ ਰਾਸ਼ਟਰੀ ਪੱਧਰ ਤੇ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਡੀ ਏ ਵੀ ਸੀ ਪਬਲਿਕ ਸਕੂਲ ਜਗਰਾਉਂ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਪਹਿਲੇ ਪੱਧਰ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ।ਪਹਿਲੇ ਦਰਜੇ ਦੀ ਪ੍ਰੀਖਿਆ ਤੋਂ ਬਾਅਦ 36 ਵਿਦਿਆਰਥੀਆਂ ਨੇ ਦੂਜੇ ਦਰਜੇ ਦੀ ਪ੍ਰੀਖਿਆ ਨੂੰ ਪਾਰ ਕੀਤਾ। ਇਸ ਮੁਕਾਬਲੇ ਵਿਚ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਦੇਵਾਂਗ ਸਿੰਗਲਾ ਨੇ ਰਾਸ਼ਟਰੀ ਪੱਧਰ ਤੇ ਤੀਸਰਾ ਅਤੇ ਰਾਜ ਪੱਧਰ ਤੇ ਪਹਿਲਾਂ ਦਰਜਾ ਹਾਸਲ ਕੀਤਾ। ਉਸਦੀ ਜਿੱਤ ਨੇ ਪੂਰੇ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ। ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਦੇਵਾਂਗ ਸਿੰਗਲਾ ਨੂੰ ਹਮਿੰਡ ਬਰਡ ਵਲੋਂ ਸੋਨ ਤਮਗਾ ਅਤੇ ਟੈਬਲੇਟ ਨਾਲ ਸਨਮਾਨਿਆ ਗਿਆ। ਪ੍ਰਿੰਸੀਪਲ ਸਾਹਿਬ ਨੇ ਸਾਰਿਆਂ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਮਿਹਨਤ ਅਤੇ ਇਕਾਗਰਤਾ ਦਾ ਪੱਲਾ ਫੜ ਕੇ ਤਰੱਕੀ ਦੀਆਂ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਆ।