You are here

ਰੁਲਦਾ ਸਿੰਘ ਹੱਤਿਆ ਕਾਂਡ ਦੀ ਸ਼ਾਜ਼ਿਸ਼ ਰਚਣ ਚ   ਇੰਗਲੈਂਡ ਦੇ ਤਿੰਨ ਸਿੱਖ ਗ੍ਰਿਫ਼ਤਾਰ   

ਲੰਡਨ, ਦਸੰਬਰ 2020 -(ਗਿਆਨੀ ਰਵਿੰਦਰਪਾਲ ਸਿੰਘ  )-

ਯੂਕੇ ਵਿੱਚ ਤਿੰਨ ਬਰਤਾਨਵੀ ਸਿੱਖਾਂ ਨੂੰ ਭਾਰਤ ’ਚ 2009 ਵਿੱਚ ਹੱਤਿਆ ਦੀ ਸਾਜ਼ਿਸ਼ ਰਚਣ ਵਿੱਚ ਸ਼ਮੂਲੀਅਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਯੂਕੇ ਪੁਲੀਸ ਅਨੁਸਾਰ ਇਹ ਗ੍ਰਿਫ਼ਤਾਰੀਆਂ 21 ਦਸੰਬਰ ਨੂੰ ਵੱਡੇ ਤੜਕੇ ਵੈਸਟ ਮਿਡਲੈਂਡਜ਼ ਪੁਲੀਸ ਵਲੋਂ ਹਵਾਲਗੀ ਵਾਰੰਟਾਂ ਦੀ ਪਾਲਣਾ ਕਰਦਿਆਂ ਕੀਤੀਆਂ ਗਈਆਂ। ਤਿੰਨਾਂ ਨੂੰ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟਸ ਕੋਰਟ ਵਿੱਚ ‘ਸਖ਼ਤ ਸ਼ਰਤਾਂ’ ਹੇਠ ਜ਼ਮਾਨਤ ਮਿਲ ਗਈ। ਬਿਆਨ ਅਨੁਸਾਰ, ‘‘ਦੋ ਵਿਅਕਤੀ, ਉਮਰ 37 ਤੇ 40 ਸਾਲ, ਨੂੰ ਕੋਵੈਂਟਰੀ ’ਚ ਗ੍ਰਿਫ਼ਤਾਰ ਕੀਤਾ ਗਿਆ ਅਤੇ 38 ਵਰ੍ਹਿਆਂ ਦੇ ਇੱਕ ਵਿਅਕਤੀ ਨੂੰ ਵੁਲਵਰਹੈਂਪਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਨੂੰ ਭਾਰਤ ਵਿੱਚ 2009 ਵਿੱਚ ਹੱਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ।’’

ਤਿੰਨਾਂ ਵਲੋਂ ਹੁਣ ਭਾਰਤ ਨੂੰ ਹਵਾਲਗੀ ਦਿੱਤੇ ਜਾਣ ਸਬੰਧੀ ਕਾਰਵਾਈ ਦਾ ਸਾਹਮਣਾ ਕੀਤੇ ਜਾਣ ਦੀ ਸੰਭਾਵਨਾ ਹੈ। ਯੂਕੇ ਵਿੱਚ ਕੁਝ ਵੱਖਵਾਦੀ ਸਿੱਖ ਸਮੂਹਾਂ ਨੇ ਦਾਅਵਾ ਕੀਤਾ ਹੈ ਕਿ ਅਜਿਹੀ ਕਾਰਵਾਈ ਲਈ ਆਦੇਸ਼ ’ਤੇ ਦਸਤਖ਼ਤ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕੀਤੇ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤਰਫ਼ੋਂ ਸਿੱਖ ਪ੍ਰੈੱਸ ਐਸੋਸੀਏਸ਼ਨ ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 2009 ਵਿੱਚ ਆਰਐੱਸਐੱਸ ਦੇ ਸੀਨੀਅਰ ਮੈਂਬਰ ਰੁਲਦਾ ਸਿੰਘ, ਜਿਸ ਨੂੰ ਪਟਿਆਲਾ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਹਫ਼ਤੇ ਬਾਅਦ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਦੀ ਹੱਤਿਆ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ। ਇਸ ਵਿੱਚ ਅੱਗੇ ਦੋਸ਼ ਲਾਇਆ ਗਿਆ ਕਿ ਇਹ ਕਾਰਵਾਈ ਵਿਦੇਸ਼ ਸਕੱਤਰ ਡੌਮਨਿਕ ਰਾਬ ਦੀ ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਫੇਰੀ ਨਾਲ ਸਬੰਧਤ ਹੈ। ਸਿੱਖ ਫੈਡਰੇਸ਼ਨ ਯੂਕੇ ਦੇ ਮੁਖੀ ਅਮਰੀਕਾ ਸਿੰਘ ਨੇ ਕਿਹਾ, ‘‘ਜੇਕਰ ਤਿੰਨਾਂ ਦੀ ਹਵਾਲਗੀ ਦਿੱਤੀ ਜਾਂਦੀ ਹੈ, ਤਾਂ ਉਨ੍ਹਾਂ ਉੱਪਰ ਲਾਜ਼ਮੀ ਤੌਰ ’ਤੇ ਤਸ਼ੱਦਦ ਢਾਹਿਆ ਜਾਵੇਗਾ ਅਤੇ ਇਨਸਾਫ਼ ਦਾ ਕੋਈ ਰਾਹ ਨਹੀਂ ਬਚੇਗਾ।’’