ਕਰਨਾਲ, ਦਸੰਬਰ 2020 ( ਗੁਰਦੇਵ ਗ਼ਾਲਿਬ / ਗੁਰਕੀਰਤ ਸਿੰਘ ਜਗਰਾਉਂ )- ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਕੇਂਦਰ ਸਰਕਾਰ ਨੂੰ ਚੇਤਾਉਣ ਲਈ ਆਪਣੀ ਸ਼ਹਾਦਤ ਦੇ ਗਏ ਸੰਤ ਬਾਬਾ ਰਾਮ ਸਿੰਘ ਨੂੰ ਅੱਜ ਗੁਰਦੁਆਰਾ ੴ ਆਸ਼ਰਮ ਨਾਨਕਸਰ ਠਾਠ ਸਿੰਘੜਾ ਵਿਖੇ ਦੇਸ਼ ਵਿਦੇਸ਼ ਤੋਂ ਆਏ ਹਜ਼ਾਰਾਂ ਸ਼ਰਧਾਲੂਆਂ ਨੇ ਨੱਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਗੁਰਦੁਆਰਾ ਸਾਹਿਬ ਦੇ ਅਹਾਤੇ ਵਿਚ ਬਣਾਏ ਗਏ ਕਰੀਬ 4 ਫੁੱਟ ਉੱਚੇ ਅੰਗੀਠੇ 'ਤੇ ਉਨ੍ਹਾਂ ਦੀ ਦੇਹ ਨੂੰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਹਰਿਆਣਾ ਅਤੇ ਪੰਜਾਬ ਦੇ ਸਿਆਸੀ ਆਗੂਆਂ ਤੋਂ ਇਲਾਵਾ ਸੰਯੁਕਤ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਅਤੇ ਹੋਰਨਾਂ ਧਾਰਮਿਕ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾ 16 ਦਸੰਬਰ ਨੂੰ ਸੰਤ ਬਾਬਾ ਰਾਮ ਸਿੰਘ ਨੇ ਕੁੰਡਲੀ ਬਾਰਡਰ 'ਤੇ ਜਿੱਥੇ ਕਿਸਾਨ ਸੰਘਰਸ਼ ਕਰ ਰਹੇ ਹਨ, ਉੱਥੇ ਪਹੁੰਚ ਕੇ ਗੋਲੀ ਮਾਰ ਕੇ ਆਪਣੀ ਸ਼ਹਾਦਤ ਕਿਸਾਨ ਸੰਘਰਸ਼ ਦੇ ਸਮਰਥਨ ਵਿਚ ਦੇ ਦਿੱਤੀ ਸੀ।