ਧੀ ਦਾ ਬਾਪੂ ਨਾਲ ਸੰਵਾਦ ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ……
ਧੀ…
ਉੱਡੀ ਉੱਡੀ ਵੇ ਕਾਵਾਂ, ਲੰਮੀ ਉਡਾਰੀ ਭਰ
ਜਿੱਥੇ ਮੇਰਾ ਬਾਪੂ ਗਿਆ,ਪਹੁੰਚ ਉਸ ਨਗਰ
ਦੱਸ ਮੈਨੂੰ ਉਸਦਾ ਕੀ ਹਾਲ ਹੈ
ਬੇ ਰੌਣਕਾਂ, ਜਾਂ ਚਿਹਰਾ ਲਾਲ ਹੈ
ਬੱਦਲ ਮੰਡਰਾ ਰਹੇ ਮੌਤ ਦੇ ਵਿੱਚ ਦਿੱਲੀ ਅਸਮਾਨ
ਗੱਡ ਝੰਡੇ ਦਰਬਾਰ ਦੀ ਹਿੱਕ 'ਤੇ ਬਹਿ ਗਏ ਕਿਸਾਨ
ਆਖੀਂ ਬਾਪੂ ਨੂੰ ਬਾਕੀ ਸਭ ਠੀਕ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਬਾਪੂ…
ਨੀਂ ਧੀ ਧੀਆਨੀਏ, ਨੀਂ ਲਾਡੋ ਰਾਣੀਏ
ਕਿਵੇਂ ਲਾਡ ਲੜਾਵਾਂ,ਚੁੱਕ ਗੋਦੀ ਕਿਵੇਂ ਤੈਨੂੰ ਖਿਡਾਵਾਂ
ਵਿੱਚ ਲਾਮ ਦੇ ਕੁੱਦ ਕੇ ਤੇਰਾ ਭਵਿੱਖ ਬਚਾਵਾਂ
ਆਪਣੇ ਹੋ ਗਏ ਵੈਰੀ, ਪਾਉਣ ਕਿਰਤ 'ਤੇ ਡਾਕੇ
ਲਿਆ ਲੋਹਾ ਵੈਰੀਆਂ ਨਾਲ, ਵਿੱਚ ਦਿੱਲੀ ਆਕੇ
ਲੂੰ ਕੰਡੇ ਖੜੇ ਨੇ, ਦਿੱਲੀ ਮੰਗਦੀ ਸ਼ਹਾਦਤ ਹੈ
ਹੌਂਸਲੇ ਤੇਰੇ ਬਾਪੂ ਦੀ ਬਾਦਸ਼ਾਹਤ ਹੈ….
ਧੀ…
ਤੇਰੇ ਬਗੈਰ ਬਲਦਾਂ ਦੀ ਜੋੜੀ ਉਦਾਸ ਹੈ
ਤੇਰੇ ਦੂਰ ਹੋਣ ਦਾ ਇਨਾਂ ਨੂੰ ਅਹਿਸਾਸ ਹੈ
ਫ਼ਿਕਰ ਨਾ ਕਰੀਂ ਛੋਟੇ ਵੀਰੇ ਨਾਲ ਮੈਂ ਖੇਤਾਂ ਨੂੰ ਜਾਵਾਂ
ਮੈਂ ਹੀ ਮੋੜਾਂ ਨੱਕੇ, ਮੈਂ ਹੀ ਪਾਣੀ ਲਾਵਾਂ
ਕੰਮ ਸੰਨੀ ਦਾ ਕਰਾਂ, ਪਸ਼ੂਆਂ ਨੂੰ ਪੱਠੇ ਪਾਵਾਂ
ਧੀ ਮੁੰਡਿਆਂ ਤੋਂ ਘੱਟ ਨਹੀਂ, ਖਿੱਚਤੀ ਨਵੀਂ ਲੀਕ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਬਾਪੂ…
ਤੇਰੇ ਵਰਗੀ ਇਕ ਸੋਹਣੀ ਧੀ ਸਾਡੇ ਕੋਲ ਸੀ ਆਈ
ਗਰਮਾ ਗਰਮ ਚਾਹ ਉਸਨੇ ਸਾਨੂੰ ਸੀ ਪਿਆਈ
ਜਦ ਮੈਂ ਪੁੱਛਿਆ ਕੌਣ ਹੈ ਤੂੰ
ਬੋਲੀ ਉਹ ਮੈਂ ਹਾਂ ਧੀ ਧਿਆਣੀ, ਬਾਪੂ ਦੀ ਲਾਡੋ ਰਾਣੀ
ਦੇਣ ਲੱਗਾ ਜਦ ਸ਼ਗਨ ਮੈਂ ਉਸ ਨੂੰ
ਫੜ ਹੱਥ ਮੇਰਾ ਸਿਰ ਰੱਖਿਆ ਆਪਣੇ
ਕਹਿੰਦੀ ਇਹ ਮੇਰਾ ਮਾਣ ਹੈ
ਖੇਤਾਂ ਦਾ ਰਾਜਾ ਬਾਪੂ ਮੇਰਾ ਕਿਸਾਨ ਹੈ….
ਧੀ…
ਆਖ ਗੱਦੀਨਸ਼ੀਨ ਨੂੰ ਸੱਚੇ ਮਨ ਨਾਲ ਮਸਲਾ ਨਿਬੇੜੇ
ਜੇ ਕਿਰਤੀ ਮਰ ਗਿਆ, ਆ ਜਾਊ ਦੁਸ਼ਮਣ ਦੇਸ਼ ਦੇ ਵਿਹੜੇ
ਬਿਗਾਨੇ ਨਹੀਂ, ਅਸੀਂ ਇਸ ਧਰਤੀ ਦੇ ਜਾਏ
ਜੂਨ ਮਾੜੀ ਸਾਡੀ, ਤੈਨੂੰ ਭੋਰਾ ਤਰਸ ਨਾ ਆਏ
ਵੇਖ ਹੜ ਧਰਤੀ ਪੁੱਤਰਾਂ ਦਾ ਜਾਂਦੀ ਨਜ਼ਰ ਜਿਥੋਂ ਤੀਕ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਬਾਪੂ…
ਕਿਸਾਨ, ਵਪਾਰੀ ਤੇ ਦਿਹਾੜੀਦਾਰ ਗਏ ਰਲ
ਪਾ ਲਿਆ ਘੇਰਾ, ਲਿਆ ਚਾਰੋਂ ਪਾਸੋਂ ਪਿੜ ਮੱਲ
ਦੇਖੇ ਸਾਰੀ ਦੁਨੀਆਂ ਸਾਡੇ ਵੱਲ
ਰੋਸ਼ ਸਾਡੇ ਨਾਲ "ਲਾਲ ਪੱਥਰ" ਫਟਣਗੇ
ਜੁਝਾਰੂ ਜ਼ੁਲਮ ਦੇ ਅੱਗੇ ਸਦਾ ਡੱਟਣਗੇ
ਕਾਲੇ ਕਾਨੂੰਨਾਂ ਨੇ ਮਚਾਤਾ ਬਵਾਲ ਹੈ
ਹੁਣ ਦੇਸ਼ ਦੇ ਭਵਿੱਖ ਦਾ ਸਵਾਲ ਹੈ….
ਧੀ…
ਤੂੰ ਸਿਆਸਤੀ ਨਹੀਂ, ਤੂੰ ਰਿਆਸਤੀ ਨਹੀਂ
ਨਾ ਤੂੰ ਦਰਬਾਰੀ, ਨਾ ਤੂੰ ਸਰਕਾਰੀ
ਹਰ ਵਕਤ ਰੱਖੀਂ ਤਿਆਰੀ
ਸਾਸ਼ਕ ਦੀ ਆਕੜ ਭਾਰੀ
ਸੀਸ ਨਾ ਝੁੱਕੇ ਤੇਰਾ ਜਦ ਚਲਾਊ ਜ਼ੁਲਮੀ ਆਰੀ
ਤੇਰੇ ਕਾਰਜ ਤੋਂ ਲੈਣੀ ਦੁਨੀਆਂ ਨੇ ਸੀਖ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਬਾਪੂ…
ਇਕ ਹੋਰ ਤੇਰੇ ਜਿਹੀ ਸ਼ੇਰ ਧੀ ਆਈ
ਆਣ ਉਸ ਨੇ ਲੰਗਰ ਵਿਚ ਸੇਵਾ ਕਰਾਈ
ਸਿਰ ਹੱਥ ਮੈਂ ਰੱਖਿਆ, ਉਸ ਘੁੱਟ ਗਲਵੱਕੜੀ ਪਾਈ
ਸੱਦਿਆ ਪਿਤਾ ਮੈਨੂੰ, ਇਕ ਗੱਲ ਦਿਲ ਖੋਲ ਸੁਣਾਈ
ਆਖਿਆ ਤੂੰ ਸਾਡੀ ਪੱਤ ਦਾ ਰਾਖਾ ,ਨਹੀਂ ਖਾਲੀਸਤਾਨੀ
ਸਾਨੂੰ ਇਹ ਸੂਝ ਹੋ ਗਈ
ਦਿੱਲੀ ਤੇਰੇ ਹੱਥਾਂ 'ਚ ਮਹਿਫੂਜ਼ ਹੋ ਗਈ….
ਧੀ…
ਕਿਸਾਨ ਭਾਰਤ ਦੀ ਪੱਤ ਖ਼ਾਤਰ ਜੀਵੇ
ਕਿਸਾਨਾਂ ਦੀ ਮੱਤ ਉੱਚੀ ਮਨ ਨੀਵੇਂ
ਜੇ ਆ ਗਈ ਉਹ ਘੜੀ
ਲਗਾ ਦਿਉ ਸੀਸ ਵਾਰਨ ਦੀ ਝੱੜੀ
ਤਖ਼ਤ ਨੂੰ ਨਵਾਂ ਅਹਿਸਾਸ ਕਰਾਉਣਾ
ਖੂਨ ਦੇ ਕੇ ਇਹਦੀ ਪਿਆਸ ਬੁਝਾਉਣਾ
ਖੜ ਮੇਰੇ ਨਾਲ ਗਏ ਹੁਣ ਤਾਂ ਸਾਰੇ ਸ਼ਰੀਕ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਬਾਪੂ…
ਧੀਏ ਤੇਰੇ ਨਾਲ ਹੈ ਵਾਅਦਾ
ਖਾਲੀ ਹੱਥ ਮੁੜਨ ਦਾ ਨਹੀਂ ਇਰਾਦਾ
ਜੋਸ਼ ਸਿਖ਼ਰਾਂ 'ਤੇ, ਲਹੂ ਵਿਚ ਉਬਾਲ ਹੈ
ਜਿੱਤਣੀ ਹੈ ਲੜਾਈ, ਬਨਾਉਣੀ ਮਿਸਾਲ ਹੈ
ਕਾਣ ਨਹੀਂ ਕਰਦੇ ਦੇਵਾਂਗੇ ਕੁਰਬਾਨੀ
ਸਿਰ ਤੇਰਾ ਉੱਚਾ ਕਰਾਂਗੇ ਲਾਡੋ ਰਾਣੀ
ਖ਼ਤਮ ਕਰਨਾ ਇਹ ਬਵਾਲ ਹੈ….
ਧੀ…
ਫ਼ਕਰ ਹੈ ਮਨੂੰ ਤੇਰੀ ਧੀ ਹੋਣ ਦਾ
ਵੇਲਾ ਹੈ ਹੁਣ ਜਿੱਤ ਦਾ ਪਰਚਮ ਲਹਿਰਾਉਣ ਦਾ
ਜਿੱਤ ਮੁੜ ਆਉਣ ਦਾ ਸੁਨੇਹਾ ਲਿਆ ਕਾਵਾਂ
ਤੇਰੇ ਆਉਣ ਦਾ ਚਾਅ ਮਨਾਵਾਂ
ਗੁੰਨ ਪਾਂਡੋ ਘਰੇ ਲਿਪ ਪੋਚਾ ਲਾਵਾਂ
ਧੀ ਤੇਰੀ ਆਜ਼ਾਦ ਭਾਰਤ ਦੀ ਵਸਨੀਕ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਬਾਪੂ…
ਜੇ ਮੋਇਆ ਮੈਂ, ਨਾ ਤੂੰ ਘਬਰਾਈਂ
ਨਾ ਅੱਖੀਆਂ ਵਿਚ ਹੰਝੂ ਲਿਆਂਈ
ਮੋਢਾ ਦੇ ਕੇ ਘਾਟ ਸਮਸ਼ਾਨ ਲੈ ਜਾਈਂ
ਲਾਂਬੂ ਮੇਰੀ ਦੇਹ ਨੂੰ ਲਾਈਂ
ਮਾਂ ਭੋਇੰ ਨੂੰ ਲੋੜ ਤੇਰੇ ਬਾਪ ਦੀ
ਲੜ ਰਹੇ ਹਾਂ ਲੜਾਈ ਇਨਸਾਫ਼ ਦੀ….
ਧੀ…
ਕੁੱਝ ਫੁੱਲ ਖਿੜੇ ਨੇ ਆਪਣੇ ਵਿਹੜੇ
ਖੁਸ਼ਬੂਆਂ ਦੇ ਬਣ ਗਏ ਨੇ ਖੇੜੇ
ਹੁਣ ਫੁੱਲਾਂ ਦਾ ਮੈਂ ਹਾਰ ਬਣਾਵਾਂ
ਜਿੱਤ ਕੇ ਆਵੇਂ ਤੂੰ
ਤੇਰੇ ਗਲ ਵਿਚ ਪਾਵਾਂ
ਸ਼ਹੀਦੀ ਜਾਮਾਂ ਜੇ ਪੀ ਗਿਆ
ਤੇਰੀ ਮੜੀ ਤੇ ਚੜਾਵਾਂ
ਹੁਣ ਇਹੀ ਮੇਰਾ ਗੀਤ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਚੰਦਰ ਪ੍ਰਕਾਸ਼
ਸਾਬਕਾ ਸੂਚਨਾ ਕਮਿਸ਼ਨਰ ਪੰਜਾਬ
ਬਠਿੰਡਾ
ਮੋ. 98154-37555, 98762-15150
ਇਹ ਕਵਿਤਾ ਉਨਾਂ ਬਹਾਦਰ ਧੀਆਂ ਨੂੰ ਸਮੱਰਪਿਤ ਹੈ ਜਿਹੜੀਆਂ ਆਪਣੇ ਬਾਪ, ਜੋ ਦਿੱਲੀ ਦੀ ਹੱਦ 'ਤੇ ਬੈਠਾ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਜਾਨ ਦੀ ਬਾਜ਼ੀ ਲਗਾਉਣ ਲਈ ਠਾਣ ਚੁੱਕਿਆ ਹੈ, ਦਾ ਸਾਥ ਦੇ ਰਹੀਆਂ ਹਨ।