ਲੰਡਨ, ਮਈ (ਅਮਰੀਕ ਸਿੰਘ ਰਾਠੌਰ)- ਵੈਸਟ ਮਿਡਲੈਂਡ ਦੇ ਮੇਅਰ ਐਾਡੀ ਸਟਰੀਟ ਨੇ ਵਿਸਾਖੀ ਸਮਾਗਮ ਮੌਕੇ ਗੁਰਦੁਆਰਾ ਸਾਹਿਬ ਨੂੰ ਮਸਜਿਦ ਕਹਿਣ ਦੀ ਗ਼ਲਤੀ ਨੂੰ ਸਵੀਕਾਰਦਿਆਂ ਸਿੱਖ ਭਾਈਚਾਰੇ ਪਾਸੋਂ ਮੁਆਫ਼ੀ ਮੰਗੀ ਹੈ | ਬ੍ਰਮਿੰਘਮ ਵਿਚ ਨਗਰ ਕੀਰਤਨ ਦੌਰਾਨ ਇਕ ਟੀ. ਵੀ. ਨਾਲ ਗੱਲਬਾਤ ਕਰਦਿਆਂ ਮੇਅਰ ਐਾਡੀ ਸਟਰੀਟ ਨੇ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਗੁਰੂ ਨਾਨਕ ਮਸਜਿਦ ਸਮੈਦਕਿ ਤੋਂ ਚੱਲੇ ਨਗਰ ਕੀਰਤਨ ਵਿਚ ਸ਼ਾਮਿਲ ਹੋ ਕੇ ਬਹੁਤ ਚੰਗਾ ਲੱਗਾ ਹੈ | ਉਨ੍ਹਾਂ ਦੀ ਇਸ ਗ਼ਲਤੀ ਨਾਲ ਸੋਸ਼ਲ ਮੀਡੀਆ 'ਤੇ ਤੁਰੰਤ ਵਿਵਾਦ ਛਿੜ ਗਿਆ ਕਿ ਜਿਨ੍ਹਾਂ ਭਾਈਚਾਰਿਆਂ ਦੀ ਉਹ ਨੁਮਾਇੰਦਗੀ ਕਰਦੇ ਹਨ ਉਨ੍ਹਾਂ ਨੂੰ ਸਮਝਣ ਵਿਚ ਨਾਕਾਮਯਾਬ ਰਹੇ ਹਨ | ਐਾਡੀ ਨੇ ਟਵਿੱਟਰ 'ਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਸਾਰੇ ਧਾਰਮਿਕ ਅਸਥਾਨ ਅਤੇ ਸਾਰੇ ਧਰਮਾਂ ਦੇ ਤਿਉਹਾਰ ਸਤਿਕਾਰਯੋਗ ਹਨ | ਮੈਂ ਸ਼ਬਦਾਂ ਲਈ ਮੁਆਫ਼ੀ ਮੰਗਦਾ ਹਾਂ | ਆਸ ਹੈ ਕਿ ਕੋਈ ਅਪਰਾਧ ਨਹੀਂ ਹੋਇਆ, ਖ਼ਾਸ ਤੌਰ 'ਤੇ ਗੁਰਦੁਆਰਾ ਗੁਰੂ ਨਾਨਕ ਜਿੱਥੇ ਹਮੇਸ਼ਾ ਮੇਰਾ ਨਿੱਘਾ ਸਵਾਗਤ ਹੁੰਦਾ ਹੈ | ਲੇਬਰ ਯੂਰਪੀਅਨ ਸੰਸਦ ਮੈਂਬਰ ਨੀਨਾ ਗਿੱਲ ਨੇ ਕਿਹਾ ਹੈ ਕਿ ਕੋਈ ਵੀ ਗ਼ਲਤੀ ਕਰ ਸਕਦਾ ਹੈ, ਪਰ ਐਾਡੀ ਸਟਰੀਟ ਸੱਚਮੁੱਚ ਭਾਈਚਾਰਿਆਂ ਨੂੰ ਸਮਝੇ ਨਹੀਂ ਜਿਨ੍ਹਾਂ ਦੀ ਉਹ ਨੁਮਾਇੰਦਗੀ ਕਰਦੇ ਹਨ | ਐਾਡੀ ਸਟਰੀਟ ਕੋਲ ਸਲਾਹਕਾਰਾਂ ਦੀ ਫ਼ੌਜ ਹੈ, ਕੀ ਉਨ੍ਹਾਂ 'ਚੋਂ ਕੋਈ ਮਸਜਿਦ ਅਤੇ ਗੁਰਦੁਆਰੇ ਵਿਚ ਅੰਤਰ ਸਮਝਾ ਸਕਦਾ ਹੈ, ਜਦਕਿ ਟੋਰੀ ਐਮ. ਪੀ. ਮਾਈਕਲ ਫੈਬਰੀਕੈਂਟ ਨੇ ਕਿਹਾ ਕਿ ਜਦੋਂ ਲੋਕ ਥੱਕੇ ਹੁੰਦੇ ਹਨ ਉਨ੍ਹਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ, ਉਨ੍ਹਾਂ ਡੇਵਿਡ ਕੈਮਰਨ ਵਲੋਂ ਅਜਿਹੀ ਹੀ ਇਕ ਗ਼ਲਤੀ ਅਤੇ ਜੈਰਮੀ ਹੰਟ ਵਲੋਂ ਆਪਣੀ ਹੀ ਚੀਨੀ ਮੂਲ ਦੀ ਪਤਨੀ ਨੂੰ ਜਾਪਾਨੀ ਕਹਿਣ ਦੀ ਗੱਲ ਵੱਲ ਇਸ਼ਾਰਾ ਕੀਤਾ |