*ਕੋਰੋਨਾ! ਜਨਮ ਦਿਨ ਮੁਬਾਰਕ*
- ਅੱਜ ਦੇ ਦਿਨ 17 ਨਵੰਬਰ 2019 ਨੂੰ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਦਾ ਜਨਮ ਹੋਇਆ ਸੀ, ਜਾਣੀ ਕਿ ਅੱਜ ਦੇ ਦਿਨ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਅੱਜ ਦੇ ਦਿਨ ਜਦੋਂ ਕੋਰੋਨਾ ਨੇ ਜਨਮ ਲਿਆ ਸੀ ਤਾਂ ਸਮੁੱਚੇ ਸੰਸਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਪਹਿਲਾਂ ਪਹਿਲਾਂ ਤਾਂ ਸੰਸਾਰ ਦੇ ਸਾਰੇ ਦੇਸ਼ਾਂ ਦੇ ਦਿਮਾਗ ਵਿਚ ਇਹ ਗੱਲ ਸੀ ਕਿ ਕੋਰੋਨਾ ਚੀਨ ਦੀ ਪੈਦਾਇਸ਼ ਹੈ, ਸਾਨੂੰ ਕਈ ਆ, ਆਪਣੀ ਮਾਂ ਚੀਨ ਦੇ ਹੀ ਢਿੱਡ ਵਿਚ ਲੱਤਾਂ ਮਾਰੇਗਾ, ਪਰ ਜਦੋਂ ਕੋਰੋਨਾ ਨੇ ਇਟਲੀ ਤੋਂ ਇਲਾਵਾ ਹੋਰ ਵੱਖ ਵੱਖ ਦੇਸ਼ਾਂ ਦੇ ਢਿੱਡ ਵਿਚ ਲੱਤਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਫਿਰ ਅਮਰੀਕਾ, ਕੈਨੇਡਾ, ਰੂਸ ਵਰਗੇ ਦੇਸ਼ਾਂ ਨੂੰ ਭਾਜੜਾਂ ਪੈ ਗਈਆਂ। ਸਾਰੇ ਦੇਸ਼ਾਂ ਨੇ ਕੋਰੋਨਾ ਦੀ ਸੰਘੀ ਘੁੱਟਣ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ, ਜਾਣੀ ਕਿ ਇਸ ਦੇ ਇਲਾਜ ਲਈ ਖੋਜਾਂ ਸ਼ੁਰੂ ਕਰ ਦਿੱਤੀਆਂ, ਪਰ ਭਾਰਤ ਨੇ ਇਸ ਨੂੰ 'ਰੱਬ' ਦੇ ਆਸਰੇ ਹੀ ਜਿਵੇਂ ਅਕਸਰ ਸਾਡੇ ਦੇਸ਼ ਵਿਚ ਹੁੰਦਾ ਹੈ, ਛੱਡ ਦਿੱਤਾ ਅਤੇ ਕੋਰੋਨਾ ਨੂੰ ਭਜਾਉਣ ਲਈ ਥਾਲੀਆਂ ਵਜਾਉਣ ਦਾ ਸੌਖਾ ਵਿਗਿਆਨਿਕ ਤਰੀਕਾ ਲੱਭ ਲਿਆ। ਅਮਰੀਕਾ, ਰੂਸ, ਇੰਗਲੈਂਡ, ਚੀਨ, ਕੈਨੇਡਾ ਵਰਗੇ ਦੇਸ਼ਾਂ ਦੀ ਵਿਗਿਆਨਕ - ਤਕਨਾਲੌਜੀ ਦੀ ਸੰਸਾਰ ਵਿੱਚ ਤੂਤਕੀ ਬੋਲਦੀ ਆ, ਪਰ ਉਹ ਵੀ ਅਜੇ ਤੱਕ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਰੋਨਾ ਦੇ ਹੱਥ ਵਿਚ ਖੂੰਡੀ ਫੜਾਉਣ ਦੇ ਸਮਰੱਥ ਨਹੀਂ ਹੋ ਸਕੇ, ਕਰੋੜਾਂ ਰੁਪਏ ਖਰਚੀ ਬੈਠੇ ਹਨ!
ਕੋਰੋਨਾ ਨੇ ਆਪਣੀ ਇਕ ਸਾਲ ਦੀ ਉਮਰ ਦੌਰਾਨ ਹੀ ਪੂਰੇ ਸੰਸਾਰ ਨੂੰ ਪੜਨੇ ਪਾ ਕੇ ਰੱਖ ਦਿੱਤਾ ਹੈ। ਕੋਰੋਨਾ ਨੇ ਗਰੀਬਾਂ ਨੂੰ ਹੋਰ ਗਰੀਬ ਬਣਾ ਕੇ ਰੱਖ ਦਿੱਤਾ ਹੈ। ਕੋਰੋਨਾ ਦੇ ਜਨਮ ਦਿਨ 'ਤੇ ਇਹ ਹੀ ਮੁਬਾਰਕਬਾਦ ਹੈ ਕਿ ਹੁਣ ਅਰਾਮ ਨਾਲ ਸੌਂ ਜਾਵੇ ਤਾਂ ਜੋ ਸਾਡੀਆਂ ਥਾਲੀਆਂ ਰੋਟੀ ਦੇ ਟੁਕੜਿਆਂ ਲਈ ਸਬੂਤੀਆਂ ਰਹਿ ਜਾਣ। ਅਸੀਂ ਤਾਂ ਬਿਮਾਰ ਹੋਣ 'ਤੇ ਆਪਣੇ ਟੀਕਾ ਲਗਵਾਉਣ ਦੇ ਸਮਰੱਥ ਨਹੀਂ, ਫਿਰ ਕੋਰੋਨਾ ਤੇਰੇ ਲਈ ਅਸੀਂ ਟੀਕਾ ਕਿਥੋਂ ਲਿਆਈਏ! ਸਾਡੀ ਗਰੀਬੀ ਵੇਖ ਕੇ ਤੂੰ ਹੀ ਆਪਣੇ ਆਪ ਹੀ ਸਾਡਾ ਖਹਿੜਾ ਛੱਡ ਦੇ! ਬਸ ਖਹਿੜਾ ਛੱਡ ਦੇ!
-ਸੁਖਦੇਵ ਸਲੇਮਪੁਰੀ
09780620233
17 ਨਵੰਬਰ, 2020.