ਇਹ ਚੰਗਾ ਹੋਇਆ ਕਿ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਜੋਅ ਬਾਇਡਨ ਨੇ ਖ਼ਾਸ ਤੌਰ 'ਤੇ ਇਹ ਕਿਹਾ ਕਿ ਉਹ ਅਮਰੀਕਾ ਨੂੰ ਇਕਜੁੱਟ ਕਰਨਗੇ।
ਉਨ੍ਹਾਂ ਵੱਲੋਂ ਅਜਿਹਾ ਕੋਈ ਸੰਦੇਸ਼ ਦਿੱਤਾ ਜਾਣਾ ਇਸ ਲਈ ਜ਼ਰੂਰੀ ਸੀ ਕਿਉਂਕਿ ਅਮਰੀਕਾ ਇਸ ਤੋਂ ਪਹਿਲਾਂ ਵਿਚਾਰਕ ਰੂਪ 'ਚ ਏਨਾ ਜ਼ਿਆਦਾ ਵੰਡਿਆ ਹੋਇਆ ਕਦੇ ਨਹੀਂ ਦਿਸਿਆ। ਬਾਇਡਨ ਦੀ ਜਿੱਤ ਇਹ ਦੱਸ ਰਹੀ ਹੈ ਕਿ ਅਮਰੀਕੀ ਜਨਤਾ ਨੇ ਟਰੰਪ ਦੇ ਮੁਕਾਬਲੇ ਉਨ੍ਹਾਂ ਤੋਂ ਜ਼ਿਆਦਾ ਉਮੀਦਾਂ ਲਾ ਰੱਖੀਆਂ ਹਨ ਪਰ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਬਾਕੀ ਦੁਨੀਆ ਨੂੰ ਵੀ ਉਨ੍ਹਾਂ ਤੋਂ ਬਹੁਤ ਆਸਾਂ ਹਨ।
ਅਸਲ 'ਚ ਉਨ੍ਹਾਂ ਦੇ ਸਾਹਮਣੇ ਜਿੰਨੀ ਵੱਡੀ ਚੁਣੌਤੀ ਘਰੇਲੂ ਸਮੱਸਿਆਵਾਂ ਨਾਲ ਨਜਿੱਠਣ ਦੀ ਹੈ, ਓਨੀ ਹੀ ਆਲਮੀ ਸਮੱਸਿਆਵਾਂ ਨਾਲ ਵੀ। ਆਲਮੀ ਪੱਧਰ 'ਤੇ ਸਭ ਤੋਂ ਵੱਡੀ ਚੁਣੌਤੀ ਅੜੀਅਲ ਅਤੇ ਹੰਕਾਰੀ ਚੀਨ ਨੂੰ ਨੱਥ ਪਾਉਣ ਦੀ ਹੈ।
ਈਰਾਨ, ਤੁਰਕੀ ਅਤੇ ਉੱਤਰੀ ਕੋਰੀਆ ਪ੍ਰਤੀ ਤਾਂ ਉਨ੍ਹਾਂ ਦੀ ਸੰਭਾਵਿਤ ਨੀਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਉਂਕਿ ਉਹ ਚੋਣ ਪ੍ਰਚਾਰ ਦੌਰਾਨ ਇਨ੍ਹਾਂ ਦੇਸ਼ਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਰਹੇ ਹਨ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਚੀਨ ਦੇ ਮਾਮਲੇ 'ਚ ਕਿਸ ਨੀਤੀ 'ਤੇ ਚੱਲਣਗੇ?
ਨਜ਼ਰ ਸਿਰਫ਼ ਇਸ 'ਤੇ ਹੀ ਨਹੀਂ ਹੋਵੇਗੀ ਕਿ ਉਹ ਚੀਨ ਨਾਲ ਅਮਰੀਕਾ ਦੇ ਵਪਾਰਕ ਵਿਵਾਦ ਨੂੰ ਕਿਵੇਂ ਸੁਲਝਾਉਂਦੇ ਹਨ ਸਗੋਂ ਇਸ 'ਤੇ ਵੀ ਹੋਵੇਗੀ ਕਿ ਉਹ ਬੀਜਿੰਗ ਦੀ ਵਿਸਤਾਰਵਾਦੀ ਨੀਤੀ ਨੂੰ ਨੱਥ ਪਾਉਣ ਲਈ ਕੀ ਕਾਰਗਰ ਕਦਮ ਚੁੱਕਦੇ ਹਨ?
ਬਾਇਡਨ ਦੀ ਚੀਨ ਨੀਤੀ 'ਤੇ ਭਾਰਤ ਦੀ ਜ਼ਿਆਦਾ ਦਿਲਚਸਪੀ ਹੋਣਾ ਸੁਭਾਵਿਕ ਹੈ ਕਿਉਂਕਿ ਚੀਨੀ ਫ਼ੌਜ ਆਪਣੇ ਹਮਲਾਵਰ ਰਵੱਈਏ ਤੋਂ ਬਾਜ਼ ਨਹੀਂ ਆ ਰਹੀ। ਬਾਇਡਨ ਵੱਲੋਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਨੂੰ ਲੈ ਕੇ ਅਪਣਾਏ ਜਾਣ ਵਾਲੇ ਰਵੱਈਏ 'ਚ ਵੀ ਭਾਰਤ ਦੀ ਦਿਲਚਸਪੀ ਹੋਵੇਗੀ। ਇਸ 'ਚ ਕੋਈ ਦੋ ਰਾਇ ਨਹੀਂ ਕਿ ਟਰੰਪ ਨੇ ਅਫ਼ਗਾਨਿਸਤਾਨ ਨੂੰ ਤਬਾਹ ਕਰਨ ਵਾਲੇ ਤਾਲਿਬਾਨ ਨਾਲ ਸਮਝੌਤਾ ਕਰ ਕੇ ਅੱਤਵਾਦ ਦੀ ਅਣਦੇਖੀ ਹੀ ਕੀਤੀ।
ਉਨ੍ਹਾਂ ਨੇ ਤਾਲਿਬਾਨ ਨਾਲ ਸਮਝੌਤਾ ਕਰ ਕੇ ਜਿੱਥੇ ਪਾਕਿਸਤਾਨ ਦੇ ਮਨ ਦੀ ਮੁਰਾਦ ਪੂਰੀ ਕੀਤੀ, ਉੱਥੇ ਹੀ ਭਾਰਤੀ ਹਿੱਤਾਂ ਨੂੰ ਅਣਗੌਲਿਆ ਕੀਤਾ। ਉਮੀਦ ਹੈ ਕਿ ਬਾਇਡਨ ਪ੍ਰਸ਼ਾਸਨ ਇਹ ਸਮਝਣ 'ਚ ਦੇਰ ਨਹੀਂ ਕਰੇਗਾ ਕਿ ਤਾਲਿਬਾਨ ਨੂੰ ਪਾਲਣ ਵਾਲਾ ਪਾਕਿਸਤਾਨ ਪਹਿਲਾਂ ਦੀ ਤਰ੍ਹਾਂ ਹੀ ਅੱਤਵਾਦ ਨੂੰ ਸਮਰਥਨ ਦੇਣ 'ਚ ਲੱਗਿਆ ਹੋਇਆ ਹੈ।
ਜਿੱਥੋਂ ਤਕ ਅਮਰੀਕਾ ਅਤੇ ਭਾਰਤ ਦੇ ਆਪਸੀ ਸਬੰਧਾਂ ਦੀ ਗੱਲ ਹੈ, ਇਸ 'ਤੇ ਤਕਰੀਬਨ ਸਾਰੇ ਇਕਮਤ ਹਨ ਕਿ ਦੋਵੇਂ ਦੇਸ਼ਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਬਰਾਕ ਓਬਾਮਾ ਦੇ ਦੌਰ 'ਚ ਉਪ ਰਾਸ਼ਟਰਪਤੀ ਵਜੋਂ ਉਨ੍ਹਾਂ ਨੇ ਭਾਰਤ ਨਾਲ ਸਬੰਧ ਸੁਧਾਰਨ ਦੀ ਪਹਿਲ ਕੀਤੀ ਸੀ ਅਤੇ ਦੂਜਾ ਇਹ ਹੈ ਕਿ ਅੱਜ ਭਾਰਤ ਨੂੰ ਅਮਰੀਕਾ ਦੀ ਜਿੰਨੀ ਜ਼ਰੂਰਤ ਹੈ, ਓਨੀ ਹੀ ਉਸ ਨੂੰ ਵੀ ਭਾਰਤ ਦੀ ਹੈ। ਵੱਡੀ ਗੱਲ ਇਹ ਵੀ ਹੈ ਕਿ ਹੁਣ ਉਪ ਰਾਸ਼ਟਰਪਤੀ ਕਮਲਾ ਹੈਰਿਸ ਚੁਣੀ ਗਈ ਹੈ, ਜੋ ਭਾਰਤੀ-ਅਫ਼ਰੀਕੀ ਮੂਲ ਦੀ ਹੈ। ਇਹ ਅਮਰੀਕਾ ਦੇ ਨਾਲ-ਨਾਲ ਉੱਥੇ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਲਈ ਵੀ ਵੱਡੀ ਪ੍ਰਾਪਤੀ ਹੈ।