You are here

ਜ਼ਿਲ੍ਹਾ ਪੱਧਰੀ ਐਕਸਪੋਰਟ ਪ੍ਰੋਮੋਸ਼ਨ ਕਮੇਟੀ ਦੀ ਲੁਧਿਆਣਾ ਵਿਖੇ ਹੋਈ ਮੀਟਿੰਗ

ਨਿਰਯਾਤ ਉਤਪਾਦਾਂ ਵਜੋਂ ਆਟੋ ਪਾਰਟਸ, ਹੌਜ਼ਰੀ ਅਤੇ ਨਿਟਡ ਅਤੇ ਰੈਡੀਮੇਡ ਗਾਰਮੈਂਟਸ, ਵੂਲਨ ਉਤਪਾਦਾਂ ਅਤੇ ਸ਼ਾਲਾਂ, ਸਾਈਕਲ, ਹੈਂਡ ਟੂਲਜ਼ ਅਤੇ ਸੂਤੀ ਯਾਰਨ ਚੁਣੇ ਗਏ ਪੰਜ ਸੈਕਟਰ

ਲੁਧਿਆਣਾ,ਅਕਤੂਬਰ 2020 ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) -

ਲੁਧਿਆਣਾ ਜ਼ਿਲ੍ਹੇ ਨੂੰ ਐਕਸਪੋਰਟ ਹੱਬ ਵਜੋਂ ਵਿਕਸਤ ਕਰਨ ਲਈ ਜ਼ਿਲ੍ਹਾ ਪੱਧਰੀ ਐਕਸਪੋਰਟ ਪ੍ਰੋਮੋਸ਼ਨ ਕਮੇਟੀ ਵੱਲੋਂ ਜ਼ਿਲ੍ਹੇ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਪੰਜ ਪ੍ਰਮੁੱਖ ੳਤਪਾਦਾਂ ਬਾਰੇ ਵਿਚਾਰ ਵਟਾਂਦਰੇ ਕੀਤੇ।

ਇਹ ਮੀਟਿੰਗ ਜੁਆਇੰਟ ਡਾਇਰੈਕਟਰ ਜਨਰਲ ਆਫ ਫੋਰਨ ਟ੍ਰੇਡ ਸੁਵਿਧ ਸ਼ਾਹ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਬਚਤ ਭਵਨ ਵਿਖੇ ਹੋਈ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੀ ਹਾਜ਼ਰ ਸਨ।ਜੁਆਇੰਟ ਡਾਇਰੈਕਟਰ ਸ੍ਰੀ ਸੁਵਿਧ ਸ਼ਾਹ ਵੱਲੋਂ ਲੁਧਿਆਣਾ ਜ਼ਿਲ੍ਹਾ ਐਕਸਪੋਰਟ ਪ੍ਰੋਮੋਸ਼ਨ ਪਲਾਨ 2020-2021 ਦਾ ਖਰੜਾ ਪੇਸ਼ ਕਰਦਿਆਂ ਉਦਯੋਗਪਤੀਆਂ ਵੱਲੋਂ ਸੁਝਾਅ ਮੰਗੇ।

ਵਿਚਾਰ ਵਟਾਂਦਰੇ ਤੋਂ ਬਾਅਦ, ਪੰਜ ਸੈਕਟਰ ਨਿਰਯਾਤ ਉਤਪਾਦਾਂ ਵਜੋਂ ਚੁਣੇ ਗਏ ਜਿਸ ਵਿੱਚ ਆਟੋ ਪਾਰਟਸ,   ਹੌਜ਼ਰੀ ਅਤੇ ਨਿਟਡ ਅਤੇ ਰੈਡੀਮੇਡ ਗਾਰਮੈਂਟਸ, ਵੂਲਨ ਉਤਪਾਦਾਂ ਅਤੇ ਸ਼ਾਲਾਂ, ਸਾਈਕਲ, ਹੈਂਡ ਟੂਲਜ਼ ਅਤੇ ਸੂਤੀ ਯਾਰਨ ਸ਼ਾਮਲ ਹਨ।ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੀਟਿੰਗ ਜੁਆਇੰਟ ਡਾਇਰੈਕਟਰ ਜਨਰਲ ਆਫ ਫੋਰਨ ਟ੍ਰੇਡ ਵੱਲੋਂ ਲੁਧਿਆਣਾ ਜ਼ਿਲੇ ਨੂੰ ਐਕਸਪੋਰਟ ਹੱਬ ਬਣਾਉਣ ਲਈ ਪੰਜ ਕੋਰ ਸੈਕਟਰਾਂ ਦੀ ਚੋਣ ਕਰਨ ਲਈ ਆਯੋਜਤ ਕੀਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਲੁਧਿਆਣਾ ਉਦਯੋਗ ਨੂੰ ਹੁਲਾਰਾ ਮਿਲੇਗਾ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਕੂਮਕਲਾਂ ਵਿਖੇ ਟੈਕਸਟਾਈਲ ਪਾਰਕ ਸਥਾਪਤ ਕਰਨ ਦਾ ਮੁੱਦਾ ਵੀ ਕੇਂਦਰ ਸਰਕਾਰ ਕੋਲ ਉਠਾ ਰਹੀ ਹੈ।ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗਿਕ ਕੇਂਦਰ ਮਹੇਸ਼ ਖੰਨਾ ਨੇ ਮੀਟਿੰਗ ਦੌਰਾਨ ਆਏ ਹੋਏ ਉਦਯੋਗਪਤੀਆਂ ਦਾ ਸਵਾਗਤ ਕਰਦਿਆਂ ਇਸ ਨਿਰਯਾਤ ਪਾਲਿਸੀ ਬਾਰੇ ਚਾਨਣਾ ਪਾਇਆ।ਇਸ ਮੌਕੇ ਵਿਦੇਸ਼ ਵਪਾਰ ਦੇ ਡਿਪਟੀ ਡਾਇਰੈਕਟਰ ਜਨਰਲ ਨਵਤੇਜ ਸਿੰਘ, ਐਫ.ਆਈ.ਈ.ਓ. ਵਿਨੈ ਸ਼ਰਮਾ, ਗੁਰਮੀਤ ਸਿੰਘ ਕੁਲਾਰ, ਐਸ.ਸੀ ਰਲਹਾਨ (ਸ੍ਰੀ ਟੂਲ ਇੰਡਸਟਰੀਜ਼), ਹਰੀਸ਼ ਦੂਆ (ਕੇ.ਜੀ.ਐਕਸਪੋਰਟ), ਰਾਹੁਲ ਆਹੂਜਾ (ਐਫ.ਆਈ.ਈ.ਓ), ਦਰਸ਼ਨ ਡਾਵਰ (ਨੀਟਵੇਅਰ ਕਲੱਬ), ਚਰਨਜੀਤ ਸਿੰਘ, ਵਿਨੋਦ ਥਾਪਰ (ਨੀਟਵੇਅਰ ਕਲੱਬ), ਮ੍ਰਿਦੁਲਾ ਜੈਨ (ਸ਼ਿੰਗੋਰਾ ਇੰਟਰਨੈਸ਼ਨਲ ਲਿਮਟਿਡ) ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।