ਲੁਧਿਆਣਾ/ਮੁੱਲਾਂਪੁਰ ਦਾਖਾ, ਅਪਰੈਲ ਲੋਕ ਸਭਾ ਚੋਣਾਂ ਲਈ ਲੁਧਿਆਣਾ ਦੇ ਚੋਣ ਮੈਦਾਨ ਵਿੱਚ ਨਿਤੱਰੇ ਆਜ਼ਾਦ ਉਮੀਦਵਾਰ ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆ ਨੇ ਫੰਡਾਂ ਦੀ ਘਾਟ ਹੋਣ ਕਾਰਨ ਆਪਣਾ ਮੋਟਰਸਾਈਕਲ ਤੇ ਹੋਰ ਸਾਮਾਨ ਨਿਲਾਮ ਕਰ ਦਿੱਤਾ। ਮੁੱਲਾਂਪੁਰ ਦੇ ਮੁੱਖ ਚੌਕ ਵਿੱਚ ਰੱਖੀ ਗਈ ਨੀਲਾਮੀ ਵਿੱਚ ਕਾਫ਼ੀ ਲੋਕਾਂ ਨੇ ਹਿੱਸਾ ਵੀ ਲਿਆ। ਇੱਥੇ ਇੱਕ ਵਿਅਕਤੀ ਨੇ 20 ਹਜ਼ਾਰ ਰੁਪਏ ਮੋਟਰਸਾਈਕਲ ਤੇ ਹੋਰ ਸਾਮਾਨ ਦੀ ਬੋਲੀ ਲਗਾ ਕੇ ਸਾਮਾਨ ਖਰੀਦ ਲਿਆ ਤੇ ਉਸ ਨੂੰ ਚੈੱਕ ਦੇ ਦਿੱਤਾ, ਪਰ ਉਨ੍ਹਾਂ ਨੇ ਟੀਟੂ ਬਾਣੀਆ ਦਾ ਜਜ਼ਬਾ ਦੇਖਦਿਆਂ ਉਨ੍ਹਾਂ ਨੂੰ ਪੈਸੇ ਤਾਂ ਦੇ ਦਿੱਤੇ ਪਰ ਉਨ੍ਹਾਂ ਕੋਲੋਂ ਸਾਮਾਨ ਨਹੀਂ ਲਿਆ।
ਦਰਅਸਲ, ਭਾਰਤ ਦੇ ਚੋਣ ਕਮਿਸ਼ਨ ਨੇ ਇੱਕ ਉਮੀਦਵਾਰ ਵੱਲੋਂ ਖ਼ਰਚੇ ਦੀ ਹੱਦ 70 ਲੱਖ ਰੁਪਏ ਰੱਖੀ ਹੈ, ਪਰ ਲੋਕ ਸਭਾ ਚੋਣਾਂ ਵਿੱਚ ਨਿਤੱਰੇ ਕਈ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਕੋਲੋਂ ਇੰਨੀ ਚੱਲ-ਅਚੱਲ ਜਾਇਦਾਦ ਵੀ ਨਹੀਂ ਹੈ। ਅਜਿਹਾ ਹੀ ਇੱਕ ਸ਼ਖਸ ਹੈ, ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆ, ਜੋ ਦੂਜੀ ਵਾਰ ਲੋਕ ਸਭਾ ਦੇ ਚੋਣ ਮੈਦਾਨ ਵਿੱਚ ਉਤਰਿਆ ਹੈ, ਉਸ ਕੋਲ ਇਸ ਵਾਰ ਨਾਮਜ਼ਦਗੀ ਭਰਨ ਦੇ ਵੀ ਪੈਸੇ ਨਹੀਂ ਸਨ, ਇਸ ਕਾਰਨ ਉਸ ਨੇ ਡੀਸੀ ਦਫ਼ਤਰ ਵਿੱਚ ਹੀ ਆਪਣੇ ਬੱਚਿਆਂ ਦੀ ਗੋਲਕ ਭੰਨ੍ਹ ਕੇ ਨਾਮਜ਼ਦਗੀ ਦੇ ਪੈਸੇ ਦਿੱਤੇ, ਹੁਣ ਗੰਨਮੈਨ ਮਿਲ ਗਏ ਤੇ ਚੋਣ ਪ੍ਰਚਾਰ ਕਰਨ ਦੇ ਲਾਲੇ ਪੈ ਗਏ, ਜਿਸ ਦਾ ਹੱਲ ਕਢਦੇ ਹੋਏ ਟੀਟੂ ਬਾਣੀਆ ਨੇ ਆਪਣਾ ਮੋਟਰਸਾਈਕਲ ਤੇ ਹੋਰ ਸਾਮਾਨ ਨਿਲਾਮ ਕਰਨ ਦੀ ਤਿਆਰੀ ਕੀਤੀ, ਦੋ ਦਿਨ ਪਹਿਲਾਂ ਉਸ ਨੇ ਸੋਸ਼ਲ ਮੀਡੀਆ ’ਤੇ ਸਾਮਾਨ ਨੀਲਾਮ ਕਰਨ ਦਾ ਪੋਸਟਰ ਵੀ ਪਾਇਆ ਸੀ ਜਿਸ ਵਿੱਚ ਉਸਨੇ 10 ਹਜ਼ਾਰ ਮੋਟਰਸਾਈਕਲ ਦੀ ਰਾਖਵੀਂ ਕੀਮਤ ਰੱਖੀ, ਉਸਨੇ ਕਿਹਾ ਕਿ ਇਸੇ ਮੋਟਰਸਾਈਕਲ ’ਤੇ ਉਹ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਪਾਣੀ ਦੇ ਆਰਓ ਠੀਕ ਕਰਨ ਜਾਂਦਾ ਹੈ, ਪਰ ਹੁਣ ਪੈਸਿਆਂ ਦੀ ਲੋੜ ਇਸ ਕਾਰਨ ਉਸਨੇ ਇਹ ਨਿਲਾਮੀ ਰੱਖੀ ਹੈ।
ਨੀਲਾਮੀ ਵਿੱਚ ਟੀਟੂ ਬਾਣੀਆ ਦੇ ਮੋਟਰਸਾਈਕਲ ਤੇ ਹੋਰ ਸਾਮਾਨ ਦੀ ਨਿਲਾਮੀ ਲਗਾਉਣ ਵਾਲੇ ਅਜਮੇਲ ਸਿੰਘ ਮੋਹੀ ਦਾ ਕਹਿਣਾ ਹੈ ਕਿ ਉਸ ਨੇ ਟੀਟੂ ਬਾਣੀਆ ਦਾ ਹੌਸਲਾ ਵੇਖ ਕੇ ਇਸ ਸਾਮਾਨ ਦੀ ਬੋਲੀ ਲਗਾਈ ਸੀ, ਤਾਂ ਕਿ ਇਸਨੂੰ ਕਿਸੇ ਤਰ੍ਹਾਂ ਦੀ ਕਮੀ ਮਹਿਸੂਸ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਹਰ ਸਾਮਾਨ ਦੀ ਕੀਮਤ ਦਿੱਤੀ ਜਾ ਸਕਦੀ ਹੈ ਪਰ ਲੋਕਾਂ ਵੱਲੋਂ ਮਿਲੇ ਮਾਣ ਸਨਮਾਨ ਬੇਸ਼ਕੀਮਤੀ ਹੁੰਦੇ ਹਨ, ਇਸ ਕਾਰਨ ਉਸਨੇ ਨਿਲਾਮੀ ਵਿੱਚੋਂ ਸਾਰਾ ਸਮਾਨ ਉਸਨੂੰ ਵਾਪਸ ਕਰ ਦਿੱਤਾ। ਖਾਸ ਗੱਲ ਇਹ ਹੈ ਕਿ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਵੀ ਟੀਟੂ ਬਾਣੀਆ ਨੇ ਖਸਖਸ ਦੇ ਫੁੱਲਾਂ ਦੀ ਮਾਲਾ ਪਾਈ ਸੀ, ਨਾਲ ਹੀ ਉਹ ਖਸਖਸ ਦੀ ਖੇਤੀ ਕਰਨ ਦੀ ਮੰਗ ਨੂੰ ਲੈ ਕੇ ਮੁਜ਼ਾਹਰੇ ਤੱਕ ਕਰਦੇ ਰਹੇ ਹਨ।
ਬੱਲੋਵਾਲ ਨਿਵਾਸੀ ਰਘਬੀਰ ਸਿੰਘ ਨੇ ਵੀ ਬਾਣੀਏ ਦੇ ਉੱਦਮ ਅਤੇ ਦਲੇਰੀ ਭਰੇ ਕਦਮ ਦੀ ਸ਼ਲਾਘਾ ਕਰਦਿਆਂ 5100 ਰੁਪਏ ਚੋਣ ਫੰਡ ਦਿੱਤਾ। ਜੈ ਪ੍ਰਕਾਸ਼ ਜੈਨ ਨੇ ਕਿਹਾ ਕਿ ਉਹ ਮਰਦੇ ਦਮ ਤੱਕ ਲੋਕ ਮੁੱਦਿਆਂ ਦੀ ਆਵਾਜ਼ ਉਠਾਉਂਦੇ ਰਹਿਣਗੇ ਅਤੇ ਚੋਣ ਲੜਨਾਂ ਉਹਨਾਂ ਦਾ ਸੰਵਿਧਾਨਕ ਹੱਕ ਹੈ।