ਧੂੰਆਂਖਿਆ ਮੌਸਮ!
ਆਮ ਤੌਰ 'ਤੇ ਦੇਸੀ ਕੱਤਕ
ਮਹੀਨਾ 'ਪੱਤਝੜ ਦਾ ਮੌਸਮ' ਦੇ ਤੌਰ'ਤੇ ਜਾਣਿਆ ਜਾਂਦਾ ਹੈ ਪਰ ਇਸ ਮਹੀਨੇ ਤੋਂ ਮੌਸਮ ਸੁਹਾਵਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਅੱਤ ਦੀ ਗਰਮੀ ਦੇ ਮੌਸਮ ਦੇ ਸਤਾਇਆਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਕੱਤਕ ਮਹੀਨੇ ਦੇ ਮੌਸਮ ਦੀ ਪਤਝੜ ਰੁੱਤ ਬਦਨਾਮ ਹੋ ਕੇ ਰਹਿ ਗਈ ਹੈ, ਪਰ ਇਸ ਵਾਰੀ ਤਾਂ ਇਹ ਰੁੱਤ ਹੋਰ ਵੀ ਬਦਨਾਮ ਹੋ ਕੇ ਰਹਿ ਗਈ ਹੈ , ਕਿਉਂਕਿ ਇਹ ਰੁੱਤ ਕਿਸਾਨਾਂ ਲਈ ਝੋਨੇ ਦੀ ਫਸਲ ਦੀ ਕਟਾਈ ਕਰਕੇ ਮੰਡੀ ਸੁੱਟਣ ਦੀ ਰੁੱਤ ਹੁੰਦੀ ਹੈ ਤਾਂ ਜੋ ਉਹ ਆਪਣੇ ਲੈਣੇ-ਦੇਣੇ ਪੂਰੇ ਕਰਕੇ ਅਗਲੀ ਫਸਲ ਕਣਕ ਦੀ ਢੁੱਕਵੇਂ ਸਮੇਂ 'ਤੇ ਬਿਜਾਈ ਕਰ ਸਕਣ। ਪਰ ਇਸ ਵਾਰ ਤਾਂ ਉਹ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਸਾਂਭਣ ਦੀ ਬਜਾਏ ਆਪਣੀ 'ਮਾਂ' ਵਰਗੀ ਜਮੀਨ ਦੀ ਰਾਖੀ ਲਈ ਸੜਕਾਂ ਉੱਪਰ ਧਰਨੇ ਲਾਉਣ ਲਈ ਮਜਬੂਰ ਹਨ।
ਦੇਸੀ ਮਹੀਨੇ ਕੱਤਕ ਦੀ ਸ਼ੁਰੂਆਤ ਹੋ ਚੁੱਕੀ ਹੈ, ਇਹ ਮਹੀਨਾ ਹੀ ਅਸਲ 'ਪਤਝੜ ਰੁੱਤ ' ਦਾ ਮੁੱਖ ਸਮਾਂ ਹੁੰਦਾ ਹੈ ਪਰ ਬੀਤੇ ਕੁਝ ਵਰ੍ਹਿਆਂ ਤੋਂ ਕੱਤਕ ਆਪਣੀ ਅਸਲ ਖੁਸ਼ਕ ਅਤੇ ਸੁਹਾਵਣੇ ਮੌਸਮ ਵਾਲੀ ਹੋੰਦ ਗਵਾ ਚੁੱਕਾ ਹੈ, ਜਿਸ ਕਰਕੇ ਹੁਣ ਕੱਤਕ ਮਹੀਨੇ ਨੂੰ ਖ਼ਤਰਨਾਕ ਧੂੰਆਂਖੇ /ਧੁੰਦ ਵਾਲੇ ਮੌਸਮ ਵਜ੍ਹੋਂ ਜਾਣਿਆ ਜਾਣ ਲੱਗ ਪਿਆ ਹੈ। ਕੱਤਕ ਮਹੀਨੇ ਦਾ ਮੌਸਮ / ਸਮਾਂ ਉਹ
ਸਮਾਂ ਹੁੰਦਾ ਹੈ ਜਦੋਂ ਮਾਨਸੂਨ ਵਾਪਸੀ ਕਰਨ ਤੋਂ ਬਾਅਦ ਬਰਸਾਤਾਂ ਰੁਖਸਤ ਹੋ ਜਾਂਦੀਆਂ ਹਨ ਅਤੇ ਘੱਟ ਗਿਣਤੀ 'ਚ ਕਮਜ਼ੋਰ ਅਤੇ ਮੱਧਮ ਦਰਜੇ ਦੇ ਪੱਛਮੀ ਸਿਸਟਮ ਆਉਣੇ ਸ਼ੁਰੂ ਹੋ ਜਾਂਦੇ ਹਨ। ਅਕਤੂਬਰ ਦੇ ਦੂਜੇ ਅੱਧ ਤੇ ਨਵੰਬਰ' ਚ ਖਿੱਤੇ ਪੰਜਾਬ 'ਚ ਬਰਸਾਤਾਂ ਦੀ ਔਸਤ ਸਾਲ ਨਾਲੋਂ ਸਭ ਤੋਂ ਘੱਟ ਹੁੰਦੀ ਹੈ। ਲੰਬਾ ਸਮਾਂ ਬਾਰਿਸ਼ ਨਾ ਹੋਣ ਕਾਰਨ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਉਤਾਂਹ ਚੜ੍ਹਦਾ ਰਹਿੰਦਾ ਹੈ। ਪਰ ਇਸ ਵਾਰ ਕੋਰੋਨਾ ਦੇ ਚੱਲਦਿਆਂ 6-7 ਮਹੀਨੇ ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਤਾਲਾਬੰਦੀ ਦਾ ਸਮਾਂ ਰਹਿਣ ਕਰਕੇ ਪ੍ਰਦੂਸ਼ਣ ਦਾ ਪੱਧਰ ਹੇਠਾਂ ਵੱਲ ਗਿਆ ਹੈ। ਮੌਸਮ ਵਿਭਾਗ ਪੰਜਾਬ ਅਨੁਸਾਰ ਅਕਸਰ ਕੱਤਕ ਦਾ ਮਹੀਨਾ ਧੂੰਆਂਖਿਆ ਹੋਣ ਦਾ ਕਾਰਨ ਵੱਡੇ ਪੱਧਰ 'ਤੇ ਪਿਛੇਤੇ ਝੋਨੇ ਦੀ ਪਰਾਲੀ ਸਾੜਨ , ਆਵਾਜਾਈ ਦੇ ਸਾਧਨਾਂ ਦੇ ਧੂੰਏਂ , ਦੇਸ਼ ਦੇ ਪਿੰਡਾਂ, ਸ਼ਹਿਰਾਂ ' ਤੇ ਮਨਾਏ ਜਾਣ ਵਾਲੇ ਤਿਉਹਾਰਾਂ ਦੌਰਾਨ ਫੂਕੇ ਜਾਂਦੇ ਪਟਾਕਿਆਂ , ਖਿੱਤੇ ਪੰਜਾਬ 'ਚ ਮੌਜੂਦ ਫੈਕਟਰੀਆਂ ਵਿਸ਼ੇਸ਼ ਕਰਕੇ ਦਿੱਲੀ ਦੀਆਂ ਫੈਕਟਰੀਆਂ ਦੇ ਧੂੰਏਂ ਦੇ ਪ੍ਰਦੂਸ਼ਣ ਕਾਰਨ ਕੁਝ ਦਿਨਾਂ ਲਈ ਖਿੱਤੇ ਪੰਜਾਬ ਸਮੇਤ ਨਾਲ ਪੈੰਦੇ ਬਾਕੀ ਮੈਦਾਨੀ ਰਾਜਾਂ 'ਚ ਖ਼ਤਰਨਾਕ ਧੂੰਏਂ ਦੇ ਬੱਦਲ ਛਾ ਜਾਂਦੇ ਹਨ।
ਅਸਮਾਨ ਵਿਚ ਧੂੰਏਂ ਦੇ ਬੱਦਲ ਛਾ ਜਾਣ ਕਾਰਨ ਜ਼ਮੀਨੀ ਪੱਧਰ 'ਤੇ ਧੁੱਪ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਨਮੀਂ ' ਚ ਵਾਧਾ ਹੋ ਜਾਂਦਾ ਹੈ।
ਘੱਟਦੇ ਪਾਰੇ ਦਰਮਿਆਨ ਵਧੀ ਹੋਈ ਨਮੀਂ ਧੂੰਏਂ ਨਾਲ ਮਿਲ ਕੇ ਧੂੰਆਂਖੀ ਧੁੰਦ 'ਚ ਤਬਦੀਲ ਹੋ ਜਾਂਦੀ ਹੈ। ਪੱਛਮੀ ਸਿਸਟਮ ਕਾਰਨ ਜਾਂ ਕਿਸੇ ਹੋਰ ਮੌਸਮੀ ਕਾਰਨ ਕਰਕੇ ਨਮ ਦੱਖਣ-ਪੂਰਬੀ ਹਵਾ ਜਦੋਂ ਨਮੀਂ ਲੈ ਕੇ ਪੰਜਾਬ ਪੁੱਜਦੀ ਹੈ ਤਾਂ ਧੁੰਦ ਦੀ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਅਸਲ ਧੂੰਆਂਖੀ ਧੁੰਦ ਦਾ ਇੱਕ ਲੰਬਾ ਦੌਰ ਅਸੀਂ 2017 ਨਵੰਬਰ 'ਚ ਵੇਖ ਚੁੱਕੇ ਹਾਂ। ਪ੍ਰਦੂਸ਼ਣ/ਧੂੰਆਂਖੀ ਧੁੰਦ ਤੋਂ ਬਚਾਅ ਲਈ ਤੇਜ ਵਗਦੀ ਪੱਛੋੰ ਜਾਂ ਫਿਰ ਖਿੱਤੇ ਪੰਜਾਬ ਵਿਚ ਬਾਰਸ਼ ਲਈ 1-2 ਤਕੜੇ ਪੱਛਮੀ ਸਿਸਟਮ ਵਰਦਾਨ ਬਣ ਸਕਦੇ ਹਨ। ਖੇਤੀ ਵਿਗਿਆਨੀਆਂ ਦੁਆਰਾ ਝੋਨੇ ਦੀ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਨਾਲ ਪਰਾਲੀ ਸਾੜਨ ਦਾ ਰੁਝਾਨ ਘੱਟਦਾ ਜਾ ਰਿਹਾ ਹੈ। ਸਰਕਾਰ ਵਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਦਬਾਅ ਵੀ ਬਣਾਇਆ ਜਾ ਰਿਹਾ ਹੈ ਅਤੇ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ, ਜੋ ਸਰਕਾਰ ਦਾ ਉਚਿਤ ਕਦਮ ਪ੍ਰਤੀਤ ਨਹੀਂ ਹੋ ਰਿਹਾ ਹੈ। ਖੇਤਾਂ ਵਿਚ ਪਰਾਲੀ ਨੂੰ ਸਾੜਨ ਤੋਂ ਬਿਨ੍ਹਾਂ ਟਰੈਕਟਰ ਨਾਲ ਗਾਹ ਕੇ ਖਤਮ ਕਰਨਾ ਕਿਸਾਨਾਂ ਅੱਗੇ ਇੱਕ ਵੱਡੀ ਸਮੱਸਿਆ ਹੈ, ਕਿਉਂਕਿ ਡੀਜ਼ਲ ਦੀਆਂ ਕੀਮਤਾਂ ਬਹੁਤ ਵੱਧ ਚੁੱਕੀਆਂ ਹਨ। ਖੇਤਾਂ ਵਿਚ ਪਰਾਲੀ ਨੂੰ ਗਾਹੁਣ ਲਈ ਕਿਸਾਨ ਦਾ ਖਰਚ ਵੱਧ ਜਾਂਦਾ ਹੈ। ਇਸ ਲਈ ਸਰਕਾਰ ਦਾ ਫਰਜ ਬਣਦਾ ਹੈ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਥੋੜ੍ਹਾ ਬਹੁਤ ਖਰਚ ਦਿੱਤਾ ਜਾਵੇ, ਜਿਸ ਨਾਲ ਉਹ ਖੇਤ ਵਿਚ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਟਰੈਕਟਰ ਨਾਲ ਗਾਹ ਦੇਣ। ਇਸ ਤਰ੍ਹਾਂ ਧੂੰਆਂਖੇ ਮੌਸਮ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਕੱਤਕ ਮਹੀਨਾ 'ਬਦਨਾਮ' ਸਮੇਂ ਤੋਂ ਵੀ ਛੁਟਕਾਰਾ ਪਾ ਸਕਦਾ ਹੈ ਅਤੇ ਇਸ ਤਰ੍ਹਾਂ ਕੱਤਕ ਮਹੀਨੇ ਦਾ ਸਮਾਂ ਖਿੱਤੇ ਪੰਜਾਬ ਲਈ ਸੁਹਾਵਣਾ ਬਣਕੇ ਮੁੜ ਆਪਣੀ ਪਹਿਲਾਂ ਵਾਲੀ ਹੋਂਦ ਕਾਇਮ ਰੱਖਣ ਵਿਚ ਕਾਮਯਾਬ ਹੋ ਸਕਦਾ ਹੈ ਅਤੇ ਇਸ ਦੇ ਨਾਲ ਹੀ ਕੱਤਕ ਮਹੀਨੇ ਦੇ ਮੱਥੇ 'ਤੇ ਲੱਗਿਆ 'ਬਦਨਾਮ ਸਮਾਂ ' ਦਾ ਕਲੰਕ ਲਹਿ ਸਕਦਾ ਹੈ। ਉਂਜ ਤਾਂ ਇਹ ਇਕ ਕੱਤਕ ਮਹੀਨਾ ਹੀ ਨਹੀਂ ਬਲਕਿ ਦੇਸ਼ ਵਿੱਚ ਰਹਿ ਰਹੇ ਦਲਿਤਾਂ, ਬੋਧੀਆਂ, ਮੁਸਲਮਾਨਾਂ, ਇਸਾਈਆਂ ਸਿੱਖਾਂ ਤੋਂ ਇਲਾਵਾ ਸਾਰੀਆਂ ਘੱਟ ਗਿਣਤੀਆਂ ਸਮੇਤ ਕਿਸਾਨਾਂ ਲਈ ਹਰ ਪਲ ਹੀ ' ਧੂੰਆਂਖਿਆਂ ਸਮਾਂ ' ਬਣ ਕੇ ਬੀਤ ਰਿਹਾ ਹੈ।
-ਸੁਖਦੇਵ ਸਲੇਮਪੁਰੀ
09780620233
18 ਦਸੰਬਰ, 2020