You are here

ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ

ਦੂਜੇ ਪੜਾਅ 'ਚ 13 ਹਜ਼ਾਰ ਪਿੰਡਾਂ ਵਿਚ 2774 ਕਰੋੜ ਰੁਪਏ ਦੀ ਲਾਗਤ ਨਾਲ 50,000 ਵਿਕਾਸ ਕਾਰਜਾਂ ਨੂੰ ਕੀਤਾ ਜਾਵੇਗਾ ਮੁਕੰਮਲ

ਲੁਧਿਆਣਾ,ਅਕਤੂਬਰ 2020 (ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) - ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਸ਼ਹਿਰੀ ਖੇਤਰਾਂ ਦੇ ਬਰਾਬਰ ਪਿੰਡਾਂ ਦਾ ਵਿਕਾਸ ਕਰਨ ਦੇ ਉਦੇਸ਼ ਨਾਲ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਪੰਜਾਬ ਸਰਕਾਰ ਵੱਲੋਂ ਂਸਮਾਰਟ ਪਿੰਡ ਮੁਹਿੰਮਂ ਤਹਿਤ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ।ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਦੀ ਆਨਲਾਈਨ ਸ਼ੁਰੂਆਤ ਕੈਬਨਿਟ ਮੰਤਰੀ ਵੱਲੋਂ, ਕਾਂਗਰਸ ਨੇਤਾ ਰਾਹੁਲ ਗਾਂਧੀ (ਨਵੀਂ ਦਿੱਲੀ ਵਿਚ) ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ (ਚੰਡੀਗੜ੍ਹ ਵਿਚ) ਇੱਕੋ ਸਮੇਂ ਸੂਬੇ ਭਰ ਵਿਚ 1500 ਥਾਵਾਂਂ ਤੋਂ ਕੀਤੀ। ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਸੰਜੇ ਤਲਵਾੜ, ਮੇਅਰ ਬਲਕਾਰ ਸਿੰਘ ਸੰਧੂ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੀ ਜ਼ਿਲ੍ਹਾ ਪੱਧਰੀ ਉਦਘਾਟਨ ਸਮਾਰੋਹ ਵਿੱਚ ਹਾਜ਼ਰ ਸਨ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਘਾਟਨ ਕਰਦਿਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਸਮਾਰਟ ਪਿੰਡ ਮੁਹਿੰਮ ਦੇ ਪਹਿਲੇ ਪੜਾਅ ਦੇ ਸਫਲਤਾਪੂਰਵਕ ਮੁਕੰਮਲ ਹੋਣ ਅਤੇ ਦੂਸਰੇ ਪੜਾਅ ਦੀ ਸ਼ੁਰੂਆਤ ਦੇ ਮੰਤਵ ਨਾਲ ਪੰਜਾਬ ਦੇ ਪਿੰਡਾਂ ਦੇ ਵਿਕਾਸ ਪਹਿਲ 'ਤੇ ਸ਼ਲਾਘਾ ਕੀਤੀ। ਤ੍ਰਿਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਪੜਾਅ ਵਿਚ ਪਿੰਡਾਂ ਦੇ ਵਿਕਾਸ ਲਈ ਤਕਰੀਬਨ 835 ਕਰੋੜ ਰੁਪਏ ਖਰਚ ਕੀਤੇ ਗਏ ਹਨ ਜਦਕਿ ਦੂਜੇ ਪੜਾਅ ਵਿੱਚ 13000 ਪਿੰਡਾਂ ਵਿਚ ਤਕਰੀਬਨ 2774 ਕਰੋੜ ਰੁਪਏ ਦੀ ਲਾਗਤ ਨਾਲ 50,000 ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾਵੇਗਾ। ਬਾਜਵਾ ਨੇ ਕਿਹਾ, ਂਇਸ ਮੁਹਿੰਮ ਦੀ ਸ਼ੁਰੂਆਤ ਕਰਨ ਪਿੱਛੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮਕਸਦ ਸ਼ਹਿਰੀ ਖੇਤਰਾਂ ਦੇ ਬਰਾਬਰ ਪਿੰਡਾਂ ਵਿੱਚ ਸਹੂਲਤਾਂ ਦੇ ਕੇ ਪਿੰਡਾਂ ਤੋਂ ਸ਼ਹਿਰਾਂ ਵੱਲ ਲੋਕਾਂ ਦੇ ਪ੍ਰਵਾਸ ਨੂੰ ਰੋਕਣਾ ਹੈ।ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਸੀਵਰੇਜ ਸਿਸਟਮ, ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ, ਟਾਇਲਾਂ ਲਾਉਣਾ, ਸੋਲਰ ਸਟਰੀਟ ਲਾਈਟਾਂ, ਫਿਰਨੀਆਂ ਨੂੰ ਪੱਕਾ ਕਰਨਾ, ਨਾਲੀਆਂ, ਤਲਾਬਾਂ, ਕਮਿਊਨਿਟੀ  ਹਾਲਾਂ, ਸ਼ਮਸ਼ਾਨਘਾਟ / ਕਬਰਿਸਤਾਨਾਂ, ਸਕੂਲ / ਆਂਗਣਵਾੜੀ, ਜਿਮਨੇਜ਼ੀਅਮ, ਠੋਸ ਰਹਿੰਦ-ਖੂੰਹਦ ਪ੍ਰਬੰਧ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਯੋਗ ਵਾਤਾਵਰਣ ਪ੍ਰਦਾਨ ਕਰਕੇ ਪੰਜਾਬ ਦੇ ਪਿੰਡਾਂ ਨੂੰ ਸਵੈ-ਨਿਰਭਰ ਬਣਾਉਣ ਲਈ ਅਸੀਂ ਪਿੰਡਾਂ ਵਿਚ ਇਕ ਸਾਫ ਸੁਥਰਾ ਮਾਹੌਲ ਮੁਹੱਈਆ ਕਰਵਾਵਾਂਗੇ ਤਾਂ ਜੋ ਲੋਕ ਸ਼ਹਿਰਾਂ ਵਿਚ ਜਾਣ ਦੀ ਥਾਂ ਪਿੰਡਾਂ ਵਿਚ ਰਹਿਣ 'ਤੇ ਮਾਣ ਮਹਿਸੂਸ ਕਰਨਗੇ। ਬਾਜਵਾ ਨੇ ਕਿਹਾ ਕਿ ਇਸ ਮੁਹਿੰਮ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਪੰਚਾਇਤਾਂ ਆਪਣੇ-ਆਪਣੇ ਪਿੰਡਾਂ ਵਿੱਚ ਜ਼ਰੂਰਤਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਪੂਰਾ ਕਰ ਰਹੀਆਂ ਹਨ ਜਦੋਂ ਕਿ ਪੇਂਡੂ ਅਤੇ ਪੰਚਾਇਤ ਵਿਭਾਗ ਕੇਵਲ ਇੰਜੀਨੀਅਰ ਮੁਹੱਈਆ ਕਰਵਾ ਰਿਹਾ ਹੈ।

ਬਾਜਵਾ ਵੱਲੋਂ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਿਸੇ ਵੀ ਪਿੰਡ ਨਾਲ ਕੋਈ ਪੱਖਪਾਤ ਨਹੀਂ ਹੋ ਰਿਹਾ ਹੈ ਅਤੇ ਰਾਜ ਦੇ ਲੱਗਭਗ ਹਰ ਪਿੰਡ ਵਿੱਚ ਕੋਈ ਨਾ ਕੋਈ  ਵਿਕਾਸ ਕਾਰਜ ਚੱਲ ਰਹੇ ਹਨ।ਉਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਰਾਜ ਵਿੱਚ ਭਾਜਪਾ ਨੇਤਾਵਾਂ ਦੇ ਘਿਰਾਓ 'ਤੇ ਕਿਸਾਨਾਂ ਨੂੰ ਹਿੰਸਾ ਨਾ ਕਰਕੇ ਅਤੇ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਬਾਜਵਾ ਵੱਲੋਂ 'ਰੇਲ ਰੋਕੋ' ਅੰਦੋਲਨ ਸਬੰਧੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰੇਲ ਗੱਡੀਆਂ ਨੂੰ ਰੋਕਣ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਜੋ ਕਿ ਖੇਤੀ ਬਚਾਉਣ ਦੇ ਨਾਮ 'ਤੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਰੇਲ ਗੱਡੀਆਂ ਰੋਕਣ ਨਾਲ ਜਿੱਥੇ ਖਾਦ ਪਦਾਰਥਾਂ ਦੀ ਸਪਲਾਈ ਠੱਪ ਹੋ ਰਹੀ ਹੈ ਨਾਲ ਹੀ ਬਿਜਲੀ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਮੌਕੇ ਤ੍ਰਿਪਤ ਰਾਜਿੰਦਰ ਬਾਜਵਾ ਵੱਲੋ ਕੁਝ ਸਰਪੰਚਾਂ ਨੂੰ ਵੀ ਬੁਲਾਇਆ ਗਿਆ, ਜਿਨ੍ਹਾਂ ਨੇ ਪਿੰਡਾਂ ਦੇ ਵਿਕਾਸ ਸਬੰਧੀ ਗਰਾਂਟਾਂ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਪਾਰਦਰਸ਼ੀ ਢੰਗ ਨਾਲ ਗਰਾਂਟਾਂ ਖਰਚਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਵਧੀਕ ਡਿਪਟੀਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ, ਵਾਈਸ ਚੇਅਰਮੈਨ ਪੇਡਾ ਕਰਨ ਵੜਿੰਗ, ਐਸ.ਡੀ.ਐਮ.(ਵੈਸਟ) ਅਮਰਿੰਦਰ ਸਿੰਘ ਮੱਲ੍ਹੀ ਵੀ ਹਾਜ਼ਰ ਸਨ।