ਲੁਧਿਆਣਾ, ਅਕਤੂਬਰ 2020 ( ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ )- ਵਾਤਾਵਰਣ ਪ੍ਰੇਮੀ ਕਿਸਾਨ ਜਗਰੂਪ ਸਿੰਘ ਪਿੰਡ ਘਰਖਣਾ, ਬਲਾਕ ਸਮਰਾਲਾ, ਜ਼ਿਲਾ ਲੁਧਿਆਣਾ ਦਾ ਰਹਿਣ ਵਾਲਾ ਹੈ, ਜੋ ਕਿ ਪਿਛਲੇ 15 ਸਾਲਾਂ ਤੋਂ ਲੱਗਭੱਗ 40 ਏਕੜ ਰਕਬੇ ਵਿੱਚ ਖੇਤੀ ਕਰਦਾ ਹੈ। ਕਿਸਾਨ ਕਣਕ ਝੋਨੇ ਤੋਂ ਇਲਾਵਾ ਆਲੂ ਅਤੇ ਮੱਕੀ ਦੀ ਫਸਲ ਦੀ ਕਾਸ਼ਤ ਕਰਦਾ ਹੈ। ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਕੋਈ ਘਾਟੇ ਦਾ ਵਣਜ਼ ਨਹੀ ਹੈ, ਲੋੜ ਹੈ ਇਸ ਨੂੰ ਸਹੀ ਢੰਗ ਨਾਲ ਕਰਨ ਦੀ, ਲੋੜ ਅਨੁਸਾਰ ਅਤੇ ਸਿਫਾਰਿਸ਼ ਕੀਤੇ ਅਨੁਸਾਰ ਖਾਦ, ਬੀਜ ਤੇ ਦਵਾਈ ਦੀ ਵਰਤੋਂ ਕਰਨ ਦੀ, ਸਮੇਂ ਸਿਰ ਬਿਜਾਈ, ਕਟਾਈ ਤੇ ਪਾਣੀ ਲਗਾਉਣ ਦੀ। ਇਸ ਤੋਂ ਇਲਾਵਾ ਜਗਰੂਪ ਸਿੰਘ ਨੇ ਕਿਹਾ ਕਿ ਖੇਤਾਂ ਵਿਚ ਕਾਮਿਆਂ ਤੋਂ ਕੰਮ ਕਰਵਾਉਂਦੇ ਸਮੇਂ ਉੱਥੇ ਕੋਲ ਖੜ ਕੇ, ਸਹੀ ਦਿਸ਼ਾ ਨਿਰਦੇਸ਼ ਦੇ ਕੇ ਘੱਟ ਲਾਗਤ ਨਾਲ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ।
ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੀਤੇ ਉਪਰਾਲੇ : ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਿਛਲੇ ਤਕਰੀਬਨ 6 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ, ਪੈਡੀ ਸਟਰਾਅ ਚੌਪਰ ਦੀ ਵਰਤੋਂ ਕਰਕੇ ਤੇ ਬਾਅਦ ਵਿੱਚ ਐਮ.ਬੀ. ਪਲਾਓ ਦੀ ਸਹਾਇਤਾ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਆਲੂਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿਂ ਕਣਕ ਦੀ ਬਿਜਾਈ ਵੀ ਬਿਨ੍ਹਾਂ ਅੱਗ ਲਾਏ ਰੋਟਾਵੇਟਰ ਨਾਲ ਕੀਤੀ ਜਾਂਦੀ ਹੈ। ਜਗਰੂਪ ਸਿੰਘ ਪਹਿਲਾਂ ਤਕਰੀਬਨ 15 ਏਕੜ ਰਕਬੇ ਵਿੱਚ ਬੇਲਰ ਦੀ ਸਹਾਇਤਾ ਨਾਲ ਝੋਨੇ ਦੀ ਪਰਾਲੀ ਦੀਆਂ ਗੰਢਾਂ ਬਣਾਉਦਾ ਸੀ ਪਰ ਉਸ ਨੇ ਦੱਸਿਆ ਕਿ ਜਿਹੜੇ ਖੇਤਾਂ ਵਿੱਚ ਪਰਾਲੀ ਵਿੱਚ ਹੀ ਵਾਹੀ ਗਈ ਸੀ ਉਹ ਜ਼ਿਆਦਾ ਫਾਇਦੇ ਵਾਲਾ ਸੌਦਾ ਹੈ, ਜਿਸ ਨਾਲ ਜਿੱਥੇ ਵਾਤਾਵਰਣ ਤਾਂ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ ਤੇ ਨਾਲ ਹੀ ਮਿੱਟੀ ਦੀ ਸਿਹਤ ਵੀ ਸੁਧਰਦੀ ਹੈ। ਸੋ ਇਸ ਸਾਲ ਤੋਂ ਕਿਸਾਨ ਜਗਰੂਪ ਸਿੰਘ ਨੇ ਸਾਰੀ ਪਰਾਲੀ ਖੇਤ ਵਿੱਚ ਹੀ ਵਾਹੁਣ ਦਾ ਫ਼ੈਸਲਾ ਕੀਤਾ ਹੈ।ਵਾਤਾਵਰਣ ਪੱਖੀ ਕਿਸਾਨ ਜਗਰੂਪ ਸਿੰਘ ਨੇ ਆਪਣੀ ਮਿਹਨਤ ਸਦਕਾ ਚੌਪਰ ਦੀ ਵਰਤੋਂ ਨਾਲ ਆਲੂ ਤੇ ਕਣਕ ਦੀ ਫਸਲ ਦੀ ਕਾਸ਼ਤ ਕਰਕੇ ਖਾਦਾਂ ਤੇ ਹੋਣ ਵਾਲੇ ਖਰਚੇ ਵੀ ਘਟਾਏ ਹਨ। ਸੋ ਇਸ ਤਰਾਂ ਸ੍ਰ.ਜਗਰੂਪ ਸਿੰਘ ਬਾਕੀ ਕਿਸਾਨਾਂ ਲਈ ਵੀ ਪ੍ਰੇਰਣਾ ਸਰੋਤ ਹੈ ਜਿਹੜਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਇਕ ਬਹੁਤ ਹੀ ਵਧੀਆ ਤਰੀਕੇ ਨਾਲ ਸਾਂਭਦਾ ਹੈ ਤੇ ਨਾਲ-ਨਾਲ ਪਿੰਡ ਦੇ ਬਾਕੀ ਕਿਸਾਨਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਦਾ ਹੈ।