You are here

ਡਾ: ਬਿਸ਼ਵ ਮੋਹਨ ਵੱਲੋਂ ਦਿਲ ਦੀ ਸੰਭਾਲ ਸਬੰਧੀ ਸੁਝਾਅ ਸਾਂਝੇ ਕੀਤੇ

ਕਿਹਾ! ਪੇਨ ਕਿੱਲਰ ਦਾ ਸੇਵਨ ਕੀਸੇ ਵੀ ਹੀਲੇ ਨਾ ਕੀਤਾ ਜਾਵੇ

ਕਿਸਾਨ ਪਰਾਲੀ ਨੂੰ ਸਾੜਨ ਤੋਂ ਕਰਨ ਪ੍ਰਹੇਜ਼, ਪ੍ਰਦੂਸ਼ਣ ਨਾਲ ਪੈਂਦਾ ਹੈ ਸਿੱਧਾ ਦਿਲ 'ਤੇ ਅਸਰ - ਡਾ.ਬਿਸਵ ਮੋਹਨ

ਲੁਧਿਆਣਾ, ਅਕਤੂਬਰ 2020  ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) - ਸੰਜੀਵਨੀ ਸਮੂਹ ਦੇ ਮਾਹਿਰ ਡਾਕਟਰ, ਡਾ: ਬਿਸ਼ਵ ਮੋਹਨ ਵੱਲੋਂ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਬਦਲਦੇ ਮੌਸਮ ਦੌਰਾਨ ਆਪਣੇ ਦਿਲ ਦੀ ਸੰਭਾਲ ਸਬੰਧੀ ਸੁਝਾਅ ਸਾਂਝੇ ਕੀਤੇ।ਡਾ: ਬਿਸ਼ਵ ਮੋਹਨ ਨੇ ਦੱਸਿਆ ਕਿ ਉਹ ਤਿੰਨ ਤਰ੍ਹਾਂ ਦੀਆਂ ਸ਼ਿਕਾਇਤਾਂ ਵਾਲੇ ਵਿਅਕਤੀਆਂ ਨੂੰ ਦਿਲ ਦੇ ਮਰੀਜ਼ ਮੰਨਦੇ ਹਨ,  ਜਿਨ੍ਹਾਂ ਵਿੱਚ ਬਲੱਡ ਪ੍ਰੈਸ਼ਰ ਦੀ ਸਮੱਸਿਆ, ਦਿਲ ਵਿੱਚ ਕਮਜ਼ੋਰ ਪੰਪਿੰਗ ਜਾਂ ਨਾੜੀਆਂ ਵਿੱਚ ਬਲੋਕੇਜ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਦੋਂ ਗਰਮੀ ਤੋਂ ਸਰਦੀ ਵੱਲ ਮੌਸਮ ਕਰਵਟ ਲੈਂਦਾ ਹੈ ਤਾਂ ਹਾਰਟ ਅਟੈਕ, ਅਧਰੰਗ ਜਾਂ ਦਿਲ ਨਾਲ ਜੁੜੀਆਂ ਹੋਰ ਬਿਮਾਰੀਆਂ ਦੇ ਵੱਧਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਦਿਲ ਨਾਲ ਜੂੜੀਆਂ ਸਮੱਸਿਆਵਾਂ ਨੂੰ ਰੋਕਣ ਲਈ, ਜਿਹੜੇ ਲੋਕਾਂ ਨੂੰ ਬਲੱਡ ਪ੍ਰੈਸ਼ਰ, ਕਮਜ਼ੋਰ ਪੰਪਿੰਗ ਜਾਂ ਹਾਰਟ ਬਲੋਕੇਜ ਦੀ ਸ਼ਿਕਾਇਤ ਹੈ ਉਹ ਸਮੇ ਸਿਰ ਆਪਣਾ ਬਲੱਡ ਪ੍ਰੈਸ਼ਰ ਚੈਕ ਕਰਵਾਉਦੇ ਰਹਿਣ ਅਤੇ ਡਾਕਟਰ ਦੀ ਸਲਾਹ ਲਏ ਬਿਨਾਂ ਖੂਨ ਪਤਲਾ ਕਰਨ ਦੀ ਦਵਾਈ ਬੰਦ ਨਾ ਕਰਨ।ਉਨ੍ਹਾਂ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਬਦਲਦੇ ਮੌਸਮ ਦੌਰਾਨ ਸਰੀਰ ਵਿੱਚ ਦਰਦ ਮਹਿਸੂਸ ਹੁੰਦਾ ਹੈ ਤਾਂ ਉਹ ਪੇਨ ਕਿੱਲਰ (ਦਰਦ ਨਿਵਾਰਕ) ਦਵਾਈਆਂ ਲੈਣ ਤੋਂ ਪ੍ਰਹੇਜ਼ ਕਰਨ, ਕਿਉਂਕਿ ਪੇਨ ਕਿੱਲਰ ਨਮਕ ਨੂੰ ਸੋਖ ਲੈਂਦੇ ਹਨ ਅਤੇ ਨਤੀਜੇ ਵਜੋਂ ਬਲੱਡ ਪ੍ਰੈਸ਼ਰ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਪੇਨ ਕਿੱਲਰ ਦਵਾਈਆਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ।ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਬੁਖਾਰ ਹੈ ਜਾਂ ਸਰੀਰ ਵਿੱਚ ਦਰਦ ਹੋ ਰਿਹਾ ਹੈ ਤਾਂ ਪੇਨ ਕਿੱਲਰ ਲੈਣ ਦੀ ਬਜਾਏ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈੈ ਅਤੇ ਜੇਕਰ ਫੇਰ ਵੀ ਉਨ੍ਹਾਂ ਨੂੰ ਦਵਾਈ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਕ੍ਰੋਸਿਨ ਲਈ ਜਾ ਸਕਦੀ ਹੈ।ਉਨ੍ਹਾਂ ਕੋਰੋਨਾ ਪੀੜਤ ਤੰਦਰੁਸਤ ਹੋਏ ਮਰੀਜ਼ਾਂ ਨੂੰ ਕੋਵਿਡ-19 ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੀ ਰੋਜਮਰਾ ਜ਼ਿੰਦਗੀ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਕਸਰਤ ਕਰਨ ਦੇ ਨਾਲ-ਨਾਲ ਸੈਰ ਕਰਨ ਦੀ ਵੀ ਸਲਾਹ ਦਿੱਤੀ।  ਡਾ: ਬਿਸ਼ਵ ਮੋਹਨ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਪਰਹੇਜ਼ ਕਰਨ ਦੀ ਵੀ ਅਪੀਲ ਕੀਤੀ, ਕਿਉਂਕਿ ਅਧਿਐਨ ਦਰਸਾਉਂਦੇ ਹਨ ਕਿ ਪ੍ਰਦੂਸ਼ਣ ਸਿੱਧਾ ਦਿਲ ਦੇ ਮਰੀਜ਼ਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਤੋਂ ਇਲਾਵਾ ਇਹ ਕੋਰੋਨਾ ਫੈਲਣ ਦਾ ਕਾਰਨ ਵੀ ਬਣ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਰਹਿੰਦ ਖੂੰਹਦ ਨਾਲ ਨਜਿੱਠਣ ਲਈ ਪਰਾਲੀ ਪ੍ਰਬੰਧਨ ਮਸ਼ੀਨਾਂ ਦਾ ਪ੍ਰਯੋਗ ਕਰਨ।