ਗਿਆਨ ਨਾਲ ਸ਼ਬਦ ਸਮਝ ਆਉਂਦੇ ਹਨ ਅਤੇ ਫਿਰ ਤਜਰਬੇ ਨਾਲ ਅਰਥ ਸਮਝ ਆਉੰਦੇ ਹਨ। ਫਿਲਮਾਂ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਅਕਸਰ ਹੀਰੋ ਜਾਂ ਹੀਰੋਇਨ ਕਹਿ ਕੇ ਪੁਕਾਰਿਆ ਜਾਂਦਾ ਹੈ, ਪਰ ਸੱਚ ਤਾਂ ਇਹ ਹੈ ਕਿ ਫਿਲਮੀ ਕਲਾਕਾਰ ਹੀਰੋ ਨਹੀਂ, ਸਿਰਫ ਤਮਾਸ਼ਾ ਦਿਖਾਉਣ ਵਾਲੇ ਮਦਾਰੀ ਹਨ, ਜਿਹੜੇ ਆਪਣੀ ਕਲਾਕਾਰੀ ਦੀ ਡੁਗ ਡੁਗੀ ਵਜਾਕੇ ਧਨ-ਦੌਲਤ ਇਕੱਠਾ ਕਰਦੇ ਹਨ। ਫਿਲਮ ਕਲਾਕਾਰ ( ਖਾਸ ਕਰਕੇ ਔਰਤਾਂ) ਜੇ ਸੱਚਮੁੱਚ ਸਮਾਜ ਦੇ ਹੀਰੋ ਹੁੰਦੇ ਤਾਂ ਉਨ੍ਹਾਂ ਨੂੰ ਹਾਥਰਸ ਕਾਂਡ ਨਾਲ ਸਬੰਧਿਤ ਮਨੀਸ਼ਾ ਨਾਲ ਜੋ ਦਰਿੰਦਗੀ ਵਾਪਰੀ ਦੇ ਵਿਰੁੱਧ ਮੂੰਹ ਖੋਲ੍ਹਣਾ ਚਾਹੀਦਾ ਸੀ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਕਈ ਔਰਤ ਕਲਾਕਾਰਾ ਮੈਬਰ ਲੋਕ ਸਭਾ ਅਤੇ ਮੈਂਬਰ ਰਾਜ ਸਭਾ ਵੀ ਹਨ। ਉਹ ਭੁੱਲ ਗਈਆਂ ਹਨ ਕਿ ਉਹ ਮੈਂਬਰ ਲੋਕ ਸਭਾ ਜਾਂ ਮੈਂਬਰ ਰਾਜ ਸਭਾ ਤੋਂ ਪਹਿਲਾਂ ਔਰਤਾਂ ਹਨ, ਜਿਸ ਕਰਕੇ ਇੱਕ ਔਰਤ ਹੋਣ ਦੇ ਨਾਤੇ ਉਨ੍ਹਾਂ ਨੂੰ ਮਨੀਸ਼ਾ ਲਈ ਹਾਅ ਦਾ ਨਾਅਰਾ ਮਾਰਨਾ ਚਾਹੀਦਾ, ਅਵਾਜ ਬੁਲੰਦ ਕਰਨੀ ਚਾਹੀਦੀ ਸੀ, ਜਿਵੇਂ ਉਹ ਅਕਸਰ ਫਿਲਮਾਂ ਵਿਚ ਸ਼ੇਰਨੀ ਦਾ ਰੂਪ ਧਾਰਨ ਕਰਕੇ ਜੁਲਮ ਵਿਰੁੱਧ ਟੱਕਰ ਲੈਂਦੀਆਂ ਹਨ ।
ਜਿੰਦਗੀ ਵਿੱਚ ਜਦੋਂ ਕਿਸੇ ਨਾਲ ਅਚਾਨਕ ਕੋਈ ਘਟਨਾ ਜਾਂ ਦੁਰਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ। ਮਨੀਸ਼ਾ ਨਾਲ ਵਾਪਰੀ ਦੁਰਘਟਨਾ ਪਿਛੋਂ ਉਸ ਦੇ ਸਮੁੱਚੇ ਪਰਿਵਾਰ ਦੀ ਜਿੰਦਗੀ ਦੇ ਅਰਥ ਬਦਲ ਗਏ ਹਨ। ਜਿਹੜੇ ਸਾਧੂ ਸੰਤ ਬਾਬੇ ਰੰਗ-ਬਿਰੰਗੇ ਚੋਲੇ ਪਾ ਕੇ ਜਾਂ ਨੰਗੇ ਰਹਿ ਕੇ ਹੱਥਾਂ ਵਿਚ ਮਾਲਾ ਲੈ ਕੇ ਤਰ੍ਹਾਂ ਤਰ੍ਹਾਂ ਦੇ ਉਪਦੇਸ਼ ਦਿੰਦੇ ਨਹੀਂ ਥੱਕ ਦੇ, ਫਿਲਮਾਂ ਵਾਲੀਆਂ ਵਾਲੀਆਂ ਔਰਤਾਂ ਜਿਹੜੀਆਂ ਆਪਣੇ ਆਪ ਨੂੰ ਸਮਾਜ ਦਾ ਹੀਰੋ ਬਣ ਕੇ ਪ੍ਰਦਰਸ਼ਿਤ ਹੁੰਦੀਆਂ ਹਨ, ਦੇ ਪ੍ਰਤੀ ਜੋ ਅਕਸ ਬਣਿਆ ਹੋਇਆ ਸੀ, ਧੁੰਦਲਾ ਹੋ ਗਿਆ ਹੈ। ਫਿਲਮੀ ਕਲਾਕਾਰਾਂ ਪ੍ਰਤੀ ਦਿਲ ਵਿਚ ਸਮੋਏ ਸ਼ਬਦਾਂ ਦੇ ਅਰਥ ਤਾਂ ਉਸ ਵੇਲੇ ਹੀ ਬਦਲ ਗਏ ਸਨ, ਜਦੋਂ ਇਕ- ਦੂਜੇ ਕਲਾਕਾਰ ਨੇ ਇੱਕ ਦੂਜੇ ਨੂੰ ਨਸ਼ਿਆਂ ਦੇ ਸੌਦਾਗਰ ਦੇ ਤੌਰ 'ਤੇ ਪੇਸ਼ ਕਰਦਿਆਂ ਭੇਦ ਖੋਲੇ।
ਜਦੋਂ ਖੇਤ 'ਚੋਂ ਘਾਹ ਜਾਂ ਤੂੜੀ ਦੀ ਪੰਡ ਲੈਣ ਗਈ ਅਬਲਾ ਦੀ ਬਾਂਹ ਮਰੋੜੀ ਜਾਂਦੀ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਕਿਸੇ ਜਾਇਜ ਕੰਮ ਬਦਲੇ ਕਿਸੇ ਅਧਿਕਾਰੀ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋ ਕੋਈ ਪੀੜ੍ਹਤ ਸ਼ਿਕਾਇਤ ਲੈ ਕੇ ਥਾਣੇ ਜਾਂਦਾ ਹੈ ਤੇ ਥਾਣੇਦਾਰ ਅੱਗਿਉਂ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਮਾਂ ਦੀ ਕੁੱਖ ਵਿੱਚ ਪਲ ਰਹੀ ਬੱਚੀ ਦੀ ਕਿਲਕਾਰੀ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਅਖੌਤੀ ਉੱਚੀ ਜਾਤ ਦੀ ਕੁੜੀ ਅਖੌਤੀ ਨੀਵੀਂ ਜਾਤੀ ਦੇ ਮੁੰਡੇ ਦੇ ਪਿਆਰ ਵਿਚ ਅੰਨੀ ਹੋ ਕੇ ਵਿਆਹ ਵਿਚ ਬੱਝ ਜਾਂਦੀ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਪੜਨੋਂ ਹਟਕੇ ਮਾਸੂਮ ਕਿਸੇ ਦੇ ਘਰ ਜੂਠੇ ਭਾਂਡੇ ਧੋਣ ਲੱਗ ਜਾਂਦਾ ਹੈ, ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਇਨਸਾਫ ਲੈਣ ਲਈ ਕੋਈ ਹਥਿਆਰ ਚੁੱਕ ਲੈਂਦਾ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ।
ਸੁਖਦੇਵ ਸਲੇਮਪੁਰੀ
09780620233
5 ਅਕਤੂਬਰ, 2020