ਮਾਨਚੈਸਟਰ, ਸਤੰਬਰ 2019-(ਅਮਨਜੀਤ ਸਿੰਘ ਖਹਿਰਾ/ਅਮਰਜੀਤ ਸਿੰਘ ਗਰੇਵਾਲ)-
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਰਾਜ ਸਭਾ ਵਿਚ ਸ਼੍ਰਮੋਣੀ ਅਕਾਲੀ ਦਲ ਦੇ ਮੈਂਬਰਾਂ ਦੇ ਗਰੁੱਪ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਢੀਂਡਸਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਬੀਤੇ ਦਿਨ ਰਾਜ ਸਭਾ ਚੇਅਰਮੈਨ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਸੌਪ ਦਿੱਤਾ ਹੈ | ਉਨ੍ਹਾਂ ਹੋਰ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਸੂਚਿਤ ਕਰ ਦਿੱਤਾ ਹੈ | ਅਸਤੀਫ਼ਾ ਦੇਣ ਬਾਰੇ ਕਾਰਨ ਜਾਣਨਾ ਚਾਹਿਆ ਤਾਂ ਸ: ਢੀਂਡਸਾ ਨੇ ਇਸ 'ਤੇ ਹੋਰ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ | ਇਥੇ ਦੱਸਣਯੋਗ ਹੈ ਕਿ ਬੀਤੇ ਸਮੇਂ ਤੋਂ ਅਕਾਲੀ ਦਲ ਤੋਂ ਨਿਰਾਸ਼ ਚਲੇ ਆ ਰਹੇ ਸ: ਢੀਂਡਸਾ ਨੇ ਪਿਛਲੇ ਸਾਲ 29 ਸਤੰਬਰ ਨੂੰ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ | ਇਹ ਦੱਸਣਾ ਬਣਦਾ ਹੈ ਕਿ ਸ: ਢੀਂਡਸਾ ਅਪ੍ਰੈਲ 2010 ਤੋਂ ਅਕਾਲੀ ਦਲ ਦੀ ਤਰਫੋਂ ਰਾਜ ਸਭਾ ਮੈਂਬਰ ਚਲੇ ਆ ਰਹੇ ਹਨ | ਮੌਜੂਦਾ ਮੈਂਬਰੀ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ ਜੋ ਕਿ 2022 'ਚ ਖਤਮ ਹੋਵੇਗਾ | ਇਸ ਤੋਂ ਪਹਿਲਾਂ ਉਹ 2004 ਤੋਂ 2009 ਤੱਕ ਸੰਗਰੂਰ ਤੋਂ ਲੋਕ ਸਭਾ ਮੈਂਬਰ ਰਹੇ ਸਨ | ਉਸ ਤੋਂ ਪਹਿਲਾਂ 1998 ਤੋਂ 2004 ਤੱਕ ਵੀ ਰਾਜ ਸਭਾ ਮੈਂਬਰ ਰਹੇ, ਜਿਸ ਦੌਰਾਨ ਉਹ 2000 ਤੋਂ 2004 ਤੱਕ ਵਾਜਪਾਈ ਦੇ ਮੰਤਰੀ ਮੰਡਲ 'ਚ ਖੇਡਾਂ ਤੇ ਰਸਾਇਣ ਅਤੇ ਖਾਦ ਮੰਤਰੀ ਰਹੇ ਸਨ | ਮਾਰਚ 2019 ਨੂੰ ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਪਦਮ ਭੂਸ਼ਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ |