You are here

ਲੜਕੀਆਂ ਲਈ ਆਤਮ ਵਿਸਵਾਸ ਦੀ ਲੋੜ ✍️  ਹਰਵਿੰਦਰ ਕੌਰ

ਪੁਰਾਣੇ ਸਮਿਆਂ 'ਚ ਜਦੋੰ ਲੋਕ ਘੋੜਿਆਂ ਵਗੈਰਾ ਤੇ ਜੰਗਲਾਂ ਰਾਹੀਂ ਸਫ਼ਰ ਕਰਦੇ ਹੁੰਦੇ ਸੀ ਤਾਂ ਸਿਆਣੇ ਮਾਪੇ ਆਪਣੇ ਪੁੱਤਾਂ ਦੇ ਨਾਲ਼-ਨਾਲ਼ ਆਪਣੀਆਂ ਧੀਆਂ ਨੂੰ ਵੀ ਘੋੜ-ਸਵਾਰੀ ਅਤੇ ਸਫ਼ਰ ਦੇ ਸੰਭਾਵਿਤ ਖਤਰਿਆਂ ਤੋਂ ਬਚਾਉਣ ਲਈ ਤਲਵਾਰ ਬਾਜ਼ੀ ਅਤੇ ਆਤਮ-ਸੁਰੱਖਿਆ ਦੇ ਹੋਰ ਵੀ ਦਾਅ-ਪੇਚ ਸਿਖਾਉੰਦੇ ਸੀ.ਇਸ ਨਾਲ਼ ਕੁੜੀਆਂ ਚ ਆਤਮ-ਵਿਸ਼ਵਾਸ ਪੈਦਾ ਹੁੰਦਾ ਸੀ ਤੇ ਓਹ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਂਦੀਆਂ ਸਨ ..ਮਾਈ ਭਾਗੋ ਅਤੇ ਉਸ ਵਰਗੀਆਂ ਅਨੇਕਾਂ ਵੀਰਾਂਗਣਾਂ ਇਸ ਦੀ ਉਦਾਹਰਣ ਹਨ...ਪਰ ਅੱਜ ਦੀਆਂ ਮਾਵਾਂ ਆਪਣੀਆਂ ਧੀਆਂ ਨੂੰ ਫਿਲਮੀ ਗਾਣਿਆਂ ਤੇ ਲੱਕ ਹਿਲਾਉਣ ਤੇ ਸ਼ੀਸ਼ੇ ਮੂਹਰੇ ਖੜੇ ਹੋ ਕੇ ਆਪਣੇ-ਆਪ ਨੂੰ ਸਜਾਉਣ ਤੋਂ ਬਿਨਾਂ ਕੁੱਝ ਨਹੀਂ ਸਿਖਾ ਰਹੀਆਂ...ਬੱਚੀਆਂ ਨੂੰ ਜ਼ਿੰਦਗੀ ਦੀ ਅਸਲੀਅਤ ਤੋਂ ਜਾਣੂੰ ਕਰਵਾਉਣ ਦੀ ਥਾਂ ਓਹਨਾਂ ਨੂੰ ਸੁੰਦਰਤਾ ਮੁਕਾਬਲਿਆਂ,ਗਾਉਣ ਤੇ ਨੱਚਣ ਦੇ ਮੁਕਾਬਲਿਆਂ ਵਿੱਚ ਉਲਝਾ ਕੇ,ਟਿਕ ਟੌਕ ਤੇ ਵੀਡੀਓ ਗੇਮਾਂ ਦੇ ਸੁਪਨਮਈ ਸੰਸਾਰ ਦਾ ਆਦੀ ਬਣਾ ਰਹੀਆਂ ਹਨ...ਬੱਚਿਆਂ ਨੂੰ ਪ੍ਰਤਿਭਾਸ਼ਾਲੀ ਬਨਾਉਣਾ ਤੇ ਓਹਨਾਂ ਦੇ ਬਹੁਪੱਖੀ ਗੁਣਾਂ ਨੂੰ ਵਿਕਸਿਤ ਕਰਨਾ ਕੋਈ ਗ਼ੁਨਾਹ ਬਿਲਕੁਲ ਨਹੀਂ ,ਪਰ ਓਹਨਾਂ ਨੂੰ ਯਥਾਰਤ ਤੋੰ ਦੂਰ ਕਰ ਕੇ ਨਕਲੀ ਦੁਨੀਆਂ ਦੀ ਚਮਕ -ਦਮਕ ਦਾ ਗ਼ੁਲਾਮ ਬਣਾ ਦੇਣਾ,ਗ਼ੁਨਾਹ ਹੀ ਹੈ.....ਆਪਣੀਆਂ ਬੱਚੀਆਂ ਨੂੰ ਜੋ ਸਿਖਾਉਣਾ ਹੈ,ਸਿਖਾਓ,ਪਰ ਓਹਨਾਂ ਨੂੰ ਇਸ ਸਮਾਜ ਚ ਪਲ਼ੇ ਗੰਦੇ ਕੀੜਿਆਂ ਦੀ ਫਿਤਰਤ ਤੋਂ ਜ਼ਰੂਰ ਜਾਣੂੰ ਕਰਵਾਓ....ਤੇ ਸਾਡਾ ਵਿਰਾਸਤੀ ਮਾਰਸ਼ਲ ਆਰਟ "ਗੱਤਕਾ"ਜੋ ਕਿ ਹੁਣ ਸਿਰਫ ਨਗਰ ਕੀਰਤਨਾਂ ਤੇ ਕੁੱਝ ਕੁ ਧਾਰਮਿਕ ਪ੍ਰੋਗਰਾਮਾਂ ਦੀ ਇੱਕ ਮਾਮੂਲੀ ਵੰਨਗੀ ਬਣ ਕੇ ਰਹਿ ਗਿਆ ਹੈ,ਆਪਣੀ ਧੀਆਂ ਨੂੰ ਸਿਖਾਓ.....ਪਿੰਡਾਂ ਚ ਰਹਿਣ ਵਾਲੇ ਸਾਰੇ ਪਰਿਵਾਰ ਹਰ ਮਹੀਨੇ ਥੋੜੇ ਪੈਸੇ ਇਕੱਠੇ ਕਰ ਕੇ ਤੇ ਕੋਈ ਇੱਕ ਗ਼ੱਤਕਾ ਸਿਖਾਉਣ ਵਾਲਾ ਮਾਸਟਰ ਰੱਖ ਸਕਦੇ ਹਨ ਤੇ ਪਿੰਡ ਵਿੱਚ ਇੱਕ ਥਾਂ ਨਿਸ਼ਚਿਤ ਕਰ ਕੇ ਆਪਣੀ ਨਿਗਰਾਨੀ ਹੇਠ ਪੰਜਾਬ ਦੀ ਹਰ ਬੱਚੀ ਨੂੰ ਗ਼ੱਤਕਾ ਚ ਟਰੇੰਡ ਹੋਣਾ ਬਹੁਤ ਜ਼ਰੂਰੀ ਹੈ...ਬੱਚੀਆਂ ਨੂੰ ਨੱਚਣ-ਗਾਉਣ ਵਾਲਿਆਂ ਦੀਆਂ ਫੈਨ ਬਨਾਉਣ ਦੀ ਥਾਂ ਮਾਈ ਭਾਗੋ,ਮਹਾਰਾਣੀ ਸਦਾ ਕੌਰ ਤੇ ਹੋਰ ਬਹਾਦੁਰ ਅੌਰਤਾਂ ਦੀਆਂ ਕਹਾਣੀਆਂ ਸੁਣਾਓ ਤੇ ਓਹਨਾਂ ਦੀਆਂ ਪ੍ਰਸ਼ੰਸਕ ਬਣਾਓ ਓਹਨਾਂ ਨੂੰ....ਮਨੀਸ਼ਾ ਜਿਹੀ ਕੁੜੀ ਦੇ ਹੱਥ,ਜੋ ਦਾਤੀ ਨਾਲ਼ ਫ਼ਸਲਾਂ ਵੱਢਣੀਆਂ ਤਾਂ ਜਾਣਦੇ ਸੀ ਪਰ ਓਸੇ ਦਾਤੀ ਨਾਲ਼ ਓਹਨਾਂ ਦਰਿੰਦਿਆਂ ਦੀਆਂ ਧੌਣਾਂ ਨਾ ਵੱਢ ਸਕੇ,ਕਿਉੰ?
ਕਿਉੰਕਿ ਓਹ ਕੰਮ ਜੋ ਮਰਜ਼ੀ ਤੇ ਜਿੰਨਾ ਮਰਜ਼ੀ ਕਰੀ ਜਾਣ,ਓਹ ਮਰਦਾਂ ਤੋੰ ਤਾਂ ਕਮਜ਼ੋਰ ਹੀ ਰਹਿਣਗੀਆਂ...ਬਚਪਨ ਤੋੰ ਏਹੀ ਦੱਸਿਆ ਜਾਂਦਾ ਕੁੜੀਆਂ ਨੂੰ ਤੇ ਏਹੀ ਗੱਲ ਓਹਨਾਂ ਦੇ ਜ਼ਿਹਨ ਵਿੱਚ ਘਰ ਕਰ ਚੁੱਕੀ ਹੈ ਕਿ ਓਹ ਕੰਮਜ਼ੋਰ ਹਨ....ਕ੍ਰਿਪਾ ਕਰ ਕੇ ਆਪਣੀਆਂ ਧੀਆਂ ਚ  ਆਤਮ-ਵਿਸ਼ਵਾਸ ਪੈਦਾ ਕਰੋ ,ਪਿਆਰਿਓ....ਅੈਨਾ ਕੁ ਮਜਬੂਤ ਤੇ ਆਤਮ-ਨਿਰਭਰ ਬਣਾਓ ਧੀਆਂ ਨੂੰ ਕਿ ਜੇ ਕਦੇ ਇਹੋ ਜਿਹੇ ਦਰਿੰਦਿਆਂ ਨਾਲ਼ ਵਾਸਤਾ ਪੈ ਵੀ ਜਾਵੇ ਤਾਂ ਆਪਣਾ ਦਮ ਤੋੜਨ ਤੋਂ ਪਹਿਲਾਂ ਓਹਨਾਂ ਦੀ ਮੌਤ ਬਣ ਜਾਣ.....ਕ੍ਰਿਪਾ ਕਰਕੇ ਆਪਣੀਆਂ ਧੀਅਾਂ ਦੀ   ਸੁੰਦਰਤਾ ਨੂੰ ਕੋਮਲਤਾ ਦੀ ਤੱਕੜੀ ਚ ਤੋਲਣਾ ਬੰਦ ਕਰ ਕੇ ਓਹਨਾਂ ਨੂੰ ਪਹਾੜ ਵਰਗੀਆਂ ਖ਼ੁਰਦਰੀਆਂ ਤੇ ਮਜਬੂਤ ਬਣਾਓ...ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਤਾਂ ਕਿ ਸਾਨੂੰ ਬਾਰ -ਬਾਰ ਕਿਸੇ ਨਿਰਭਇਆ,ਕਿਸੇ ਮਨੀਸ਼ਾ ਲਈ ਇਨਸਾਫ਼ ਮੰਗਣ ਲਈ ਸੜਕਾਂ ਤੇ ਨਾ ਰੁਲ਼ਣਾ ਪਵੇ ਤੇ ਹਰ ਚੌਥੇ ਦਿਨ ਕਿਸੇ ਮਸੂਮ ਧੀ ਦੀ ਲੁੱਟੀ ਇੱਜ਼ਤ ਦਾ ਮਾਤਮ ਮਨਾਉਣ ਲਈ ਕੈਂਡਲ ਮਾਰਚ ਨਾ ਕਰਨੇ ਪੈਣ....ਧੰਨਵਾਦ
                      ਹਰਵਿੰਦਰ ਕੌਰ