ਲੁਧਿਆਣਾ, ਅਕਤੂਬਰ 2020 ( ਸੱਤਪਾਲ ਸਿੰਘ ਦੇਹੜਕਾਂ /ਮਨਜਿੰਦਰ ਗਿੱਲ)- ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਨੇ ਸਥਾਨਕ ਹੋਟਲ ਮਹਾਰਾਜਾ ਰਿਜੈਂਸੀ ਦੇ ਵਿਖੇ ਕੋਲਡ ਚੇਨ ਹੈਂਡਲਰ ਦੀ ਟ੍ਰੇਨਿੰਗ ਦਾ ਉਦਘਾਟਨ ਕੀਤਾ। ਡਾ. ਬੱਗਾ ਨੇ ਦੱਸਿਆ ਕਿ ਹੁਣ ਕੋਲਡ ਚੇਨ (ਵੈਕਸੀਨ ਦਾ ਰੰਖ ਰਖਾਅ) ਪੂਰੀ ਤਰ੍ਹਾਂ ਆਨਲਾਈਨ ਹੋ ਜਾਵੇਗਾ, ਜਿੱਥੇ ਸਟੇਟ ਪੱਧਰ ਤੋਂ ਸੈਂਟਰ ਪੱਧਰ ਤੱਕ ਕੋਈ ਵੀ ਅਧਿਕਾਰੀ/ਕਰਮਚਾਰੀ ਆਨਲਾਈਨ ਵੈਕਸਿਨ ਦਾ ਸਟੇਟਸ (ਸਟਾਕ) ਚੈੱਕ ਕਰ ਸਕਦਾ ਹੈ।ਡਾ. ਬੱਗਾ ਨੇ ਦੱਸਿਆ ਕਿ ਲੁਧਿਆਣਾ ਦੇ ਕੁੱਲ 69 ਕੋਲਡ ਚੇਨ ਪੁਆਇੰਟ ਦੇ ਹੈਂਡਲਰ ਨੂੰ ਇਹ ਟ੍ਰੇਨਿੰਗ 4 ਬੈਚਾਂ ਵਿੱਚ ਦਿੱਤੀ ਜਾ ਰਹੀ ਹੈ ਜੋ ਕਿ ਟ੍ਰੇਨਿੰਗ ਅੱਜ ਤੋਂ ਸ਼ੁਰੂ ਹੋ ਕੇ 13 ਅਕਤੂਬਰ, 2020 ਨੂੰ ਸਮਾਪਤ ਹੋਵੇਗੀ ਹਰ ਬੈਂਚ ਨੂੰ 2 ਦਿਨ ਦੀ ਟ੍ਰੇਨਿੰਗ ਦਿੱਤੀ ਜਾਣੀ ਹੈ।ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਇਸ ਤਰ੍ਹਾਂ ਸਟਾਕ ਆਨਲਾਈਨ ਹੋਣ ਨਾਲ ਵੈਕਸੀਨ ਦੀ ਵੇਸਟਜ਼ ਘਟੇਗੀ ਅਤੇ ਵੈਕਸੀਨ ਬਾਰੇ ਪੂਰੀ ਜਾਣਕਾਰੀ ਜਿਵੇਂ ਕਿ ਬੈਂਚ ਨੰਬਰ, ਮਿਆਦ ਖਤਮ ਹੋਣ ਦੀ ਮਿਤੀ, ਤਿਆਰ ਹੋਣ ਦੀ ਮਿਤੀ ਅਤੇ ਕੰਪਨੀ ਬਾਰੇ ਸਹਿਜੇ ਹੀ ਪਤਾ ਲੱਗ ਸਕੇਗਾ। ਉਨ੍ਹਾਂ ਕੋਲਡ ਚੇਨ ਹੈਂਡਲਰ ਨੂੰ ਦੱਸਿਆ ਕਿ ਅਸੀਂ ਹੁਣੇ ਤੋਂ ਹੀ ਇਹ ਸਾਰਾ ਪ੍ਰੋਗਰਾਮ ਆਨਲਾਈਨ ਕਰਨ ਬਾਰੇ ਪੂਰੀ ਜਾਣਕਾਰੀ ਹਾਸਲ ਕਰਨੀ ਹੈ ਤਾਂ ਕਿ ਇਸ ਪ੍ਰੋਗਰਾਮ ਜਿਸ ਨੂੰ ਯੂਨਾਈਟਿਡ ਨੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਦਾ ਨਾਮ ਦਿੱਤਾ ਹੈ ਅਧੀਨ ਇਲੈਕਟ੍ਰੋਨਿਕ ਵੈਕਸਿਨ ਇੰਟੈਲੀਜੈਂਸ ਨੈੱਟਵਰਕ (ਈ.ਵੀ.ਆਈ.ਐਨ.) ਰਾਹੀਂ ਲਾਗੂ ਕਰਨਾ ਹੈ। ਅੱਜ ਦੇ ਇਸ ਸੈਮੀਨਾਰ (ਟ੍ਰੇਨਿੰਗ) ਵਿੱਚ ਉਚੇਚੇ ਤੌਰ 'ਤੇ ਯੂ.ਐਨ.ਡੀ.ਪੀ. ਦੇ ਮੈਨੇਜਰ ਮੀਨਾਕਸ਼ੀ ਦਿਓਲ ਪਹੁੰਚੇ ਹੋਏ ਸਨ। ਇਨ੍ਹਾਂ ਤੋਂ ਇਲਾਵਾ ਸਿਵਲ ਸਰਜਨ ਦਫਤਰ ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਵੈਕਸੀਨ ਕੋਲਡ ਚੇਨ ਮੈਨੇਜਰ ਵੀ ਹਾਜ਼ਰ ਸਨ।