ਖੰਨਾ, ਸਤੰਬਰ 2020- (ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) - ਸਦਰ ਥਾਣਾ ਖੰਨਾ 'ਚ ਪਿਤਾ-ਪੁੱਤਰ ਸਮੇਤ ਵਿਅਕਤੀਆਂ ਨੂੰ ਨਿਰਵਸਤਰ ਕਰਨ ਦੇ ਮਾਮਲੇ 'ਚ ਨਾਜ਼ਮਦ ਸਾਬਕਾ ਐੱਸਐੱਚਓ ਬਲਜਿੰਦਰ ਸਿੰਘ ਨੂੰ ਐਤਵਾਰ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਬਲਜਿੰਦਰ ਸਿੰਘ ਨੇ ਜੇਲ੍ਹ ਜਾਣ ਤੋਂ ਬਚਾਉਣ ਲਈ ਨਵੇਂ-ਨਵੇਂ ਢੰਗ ਲੱਭੇ ਜਾਂਦੇ ਰਹੇ ਹਨ ਪਰ ਆਖ਼ਰ ਉਸਨੂੰ ਜੇਲ੍ਹ ਯਾਤਰਾ ਕਰਨੀ ਪਈ। ਇਸ ਦੌਰਾਨ ਇੱਕ ਵੱਡਾ ਖ਼ੁਲਾਸਾ ਹੋਰ ਵੀ ਸਾਹਮਣੇ ਆਇਆ ਹੈ ਕਿ ਬਲਜਿੰਦਰ ਸਿੰਘ ਨੂੰ ਰਾਹਤ ਦੇਣ ਲਈ ਅਦਾਲਤ ਨੂੰ ਗੁੰਮਰਾਹ ਕਰਨ ਤੱਕ ਦੀ ਕੋਸ਼ਿਸ਼ ਕੀਤੀ ਗਈ। ਸ਼ਨਿਚਰਵਾਰ ਨੂੰ ਖੰਨਾ ਦੀ ਅਦਾਲਤ 'ਚ ਜਾਂਚ ਅਧਿਕਾਰੀ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇੱਕ ਆਦੇਸ਼ ਪੇਸ਼ ਕੀਤਾ ਗਿਆ। ਇਸ ਆਦੇਸ਼ ਦੇ ਅਨੁਸਾਰ ਅਦਾਲਤ ਨੇ ਬਲਜਿੰਦਰ ਸਿੰਘ ਨੂੰ 28 ਸਤੰਬਰ ਤੱਕ ਜੇਲ੍ਹ 'ਚ ਨਾ ਭੇਜਣ ਦੇ ਆਦੇਸ਼ ਦਿੱਤੇ ਸਨ। ਅਦਾਲਤ ਨੇ ਵੀ ਇਸ ਆਦੇਸ਼ ਨੂੰ ਇੱਕ ਵਾਰ ਸਵੀਕਾਰ ਕਰ ਲਿਆ ਪਰ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਬਾਅਦ 'ਚ ਇਸ ਆਦੇਸ਼ ਦੇ ਫ਼ਰਜ਼ੀ ਹੋਣ ਦੀ ਗੱਲ ਸਾਹਮਣੇ ਆਈ।
ਜਾਣਕਾਰੀ ਅਨੁਸਾਰ ਇਸ ਮਸਲੇ ਨੂੰ ਲੈ ਕੇ ਜੱਜ ਅਰੂਣ ਗੁਪਤਾ ਵੱਲੋਂ ਰਾਤ ਨੂੰ ਹੀ ਵੀਡੀਓ ਕਾਨਫਰੰਸਿੰਗ ਨਾਲ ਸਬੰਧਿਤ ਧਿਰਾਂ ਤੋਂ ਜਵਾਬ ਤਲਬੀ ਕੀਤੀ। ਐਤਵਾਰ ਦੀ ਸਵੇਰੇ ਐਡਵੋਕੇਟ ਗੁਨਿੰਦਰ ਸਿੰਘ ਬਰਾੜ ਨੇ ਇਸ ਮਸਲੇ 'ਚ ਐੱਸਪੀ (ਐੱਚ) ਤੇਜਿੰਦਰ ਸਿੰਘ ਸੰਧੂ ਤੇ ਸਿਵਲ ਹਸਪਤਾਲ ਦੇ ਡਾ. ਮਨਿੰਦਰ ਸਿੰਘ ਭਸੀਨ ਸਮੇਤ ਚਾਰ ਲੋਕਾਂ 'ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਬਾਕੀ ਦੋ ਹੋਰ ਵਿਅਕਤੀਆਂ 'ਚ ਜਾਂਚ ਅਧਿਕਾਰੀ ਏਐੱਸਆਈ ਜਗਤਾਰ ਸਿੰਘ ਤੇ ਮੁਲਜ਼ਮ ਬਲਜਿੰਦਰ ਸਿੰਘ ਸ਼ਾਮਿਲ ਹਨ। ਆਪਣੀ ਸ਼ਿਕਾਇਤ 'ਚ ਵਕੀਲ ਬਰਾੜ ਨੇ ਦੋਸ਼ ਲਗਾਇਆ ਕਿ ਮੁਲਜ਼ਮ ਬਲਜਿੰਦਰ ਸਿੰਘ ਨੂੰ ਬਚਾਉਣ ਲਈ ਅਦਾਲਤ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਰਚੀ ਗਈ ਹੈ। ਸ਼ਨਿਚਰਵਾਰ ਨੂੰ ਹਾਈ ਕੋਰਟ ਦਾ 24 ਸਤੰਬਰ ਦਾ ਆਦੇਸ਼ ਅਦਾਲਤ 'ਚ ਏਐੱਸਆਈ ਜਗਤਾਰ ਸਿੰਘ ਨੇ ਅਦਾਲਤ ਨੂੰ ਸੌਂਪਿਆ, ਇਸ 'ਚ ਬਲਜਿੰਦਰ ਸਿੰਘ ਨੂੰ 28 ਸਤੰਬਰ ਤੱਕ ਜੇਲ੍ਹ ਨਾ ਭੇਜਣ ਦੇ ਆਦੇਸ਼ ਸਨ। ਬਰਾੜ ਅਨੁਸਾਰ ਜਦੋਂ ਉਨ੍ਹਾਂ ਨੇ ਇਸ ਆਦੇਸ਼ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਵੈੱਬਸਾਈਟ 'ਤੇ ਪੜਤਾਲ ਕਰਕੇ ਦੇਖਿਆ ਕਿ ਉਸ ਆਦੇਸ਼ 'ਚ ਬਲਜਿੰਦਰ ਸਿੰਘ ਵਾਸੀ ਸੁਨਾਮ ਦਾ ਕੋਈ ਹੋਰ ਵਿਅਕਤੀ ਸੀ। ਇਸਦੇ ਇਲਾਵਾ ਉਸ ਮਾਮਲੇ ਦੀ ਐੱਫਆਈਆਰ ਤੇ ਉਸਦੀ ਤਾਰੀ ਕ ਵੀ ਵੱਖਰੀ ਸੀ। ਵਕੀਲ ਬਰਾੜ ਨੇ ਚਾਰਾਂ ਵਿਅਕਤੀਆਂ 'ਤੇ ਆਦਲਤ ਨੂੰ ਗੁਮਰਾਹ ਕਰਨ ਦੇ ਦੋਸ਼ ਲਗਾਏ ਹਨ। ਅਦਾਲਤ ਨੇ ਇਸ ਸਬੰਧ 'ਚ ਸੋਮਵਾਰ ਤੱਕ ਸਾਰੀਆਂ ਧਿਰਾਂ ਤੋਂ ਜਵਾਬ ਮੰਗਿਆ ਹੈ। ।
ਅਦਾਲਤ 'ਚ ਦੇਵਾਂਗਾ ਆਪਣਾ ਜਵਾਬ - ਡਾ. ਭਸੀਨ
ਸਿਵਲ ਹਸਪਤਾਲ ਦੇ ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਆਦੇਸ਼ ਦਾ ਉਨ੍ਹਾਂ ਨੂੰ ਕੀ ਲੈਣਾ-ਦੇਣਾ ਹੈ? ਉਨ੍ਹਾਂ ਨੂੰ ਉੱਚ-ਅਧਿਕਾਰੀਆਂ ਵੱਲੋਂ ਆਦੇਸ਼ ਦੀ ਕਾਪੀ ਮਿਲੀ ਸੀ, ਉਨ੍ਹਾਂ ਨੇ ਕਿਸੇ ਨੂੰ ਕਾਪੀ ਨਹੀਂ ਦਿੱਤੀ। ਕਿਸ਼ਨਗੜ੍ਹ ਆਈਸੋਲੇਸ਼ਨ ਸੈਂਟਰ 'ਚ ਬਲਜਿੰਦਰ ਸਿੰਘ ਦਾਖ਼ਲ ਸੀ। ਉਹ ਸੈਂਟਰ ਸਿਵਲ ਹਸਪਤਾਲ ਪਾਇਲ ਦੇ ਅਧੀਨ ਆਉਂਦਾ ਹੈ। ਪਤਾ ਨਹੀਂ ਉਨ੍ਹਾਂ ਨੂੰ ਇਸ ਮਾਮਲੇ 'ਚ ਕਿਉਂ ਸ਼ਾਮਿਲ ਕੀਤਾ ਗਿਆ ਹੈ। ਉਹ ਅਦਾਲਤ 'ਚ ਆਪਣਾ ਜਵਾਬ ਦਾਖ਼ਲ ਕਰ ਦੇਣਗੇ। ।
ਸਿਹਤ ਵਿਭਾਗ ਵੱਲੋਂ ਦਿੱਤਾ ਆਦੇਸ਼ ਪੇਸ਼ ਕੀਤਾ-ਐੱਸਪੀ
ਤੇਜਿੰਦਰ ਸਿੰਘ ਸੰਧੂ ਐੱਸਪੀ (ਐੱਚ) ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਇਹ ਆਦੇਸ਼ ਦਿੱਤਾ ਗਿਆ ਸੀ, ਇਸ ਸਬੰਧ 'ਚ ਪਾਇਲ ਦੇ ਐੱਸਐੱਮਓ ਆਪਣੀ ਗ਼ਲਤੀ ਨੂੰ ਸਵੀਕਾਰ ਵੀ ਕਰ ਚੁੱਕੇ ਹਨ। ਸ਼ਿਕਾਇਤ 'ਚ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਉਹ ਉਨ੍ਹਾਂ ਦਾ ਜਵਾਬ ਸੋਮਵਾਰ ਨੂੰ ਅਦਾਲਤ ਨੂੰ ਦੇਣਗੇ। ਸੰਧੂ ਨੇ ਕਿਹਾ ਕਿ ਆਦੇਸ਼ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ। ਨਾਮ ਇੱਕ ਹੋਣ ਕਰਕੇ ਹੀ ਸਿਹਤ ਵਿਭਾਗ ਨੂੰ ਭੁਲੇਖਾ ਲੱਗ ਗਿਆ ਸੀ।