ਚੰਡੀਗੜ੍ਹ -ਅਪ੍ਰੈਲ(ਜਨ ਸ਼ਕਤੀ ਨਿਉਜ)ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਵੜਿੰਗ ਖ਼ਿਲਾਫ ਵੋਟਰਾਂ ਨੂੰ ਜਬਰਦਸਤੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਵਾਸਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰਨ ਅਤੇ ਉਸ ਦੀ ਤੁਰੰਤ ਗਿਰਫ਼ਤਾਰੀ ਦੀ ਵੀ ਮੰਗ ਕੀਤੀ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਅਕਾਲੀ ਦਲ ਦੇ ਵਫ਼ਦ ਨੇ ਇਸ ਸੰਬੰਧੀ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ ਕੋਲ ਇੱਕ ਵੀਡਿਓ ਸਬੂਤ ਵੀ ਪੇਸ਼ ਕੀਤਾ। ਅਕਾਲੀ ਵਫ਼ਦ ਨੇ ਦੱਸਿਆ ਕਿ ਵੜਿੰਗ ਨੇ ਸਿਰਫ ਚੋਣ ਜ਼ਾਬਤੇ ਦੀ ਹੀ ਉਲੰਘਣਾ ਨਹੀਂ ਕੀਤੀ, ਸਗੋਂ ਲੋਕ ਪ੍ਰਤੀਨਿਧਤਾ ਐਕਟ 1950 ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 123 ਅਨੁਸਾਰ ਭ੍ਰਿਸ਼ਟ ਗਤੀਵਿਧੀਆਂ ਵਿਚ ਵੀ ਭਾਗ ਲਿਆ ਹੈ। ਜਿਸ ਨੂੰ ਵੇਖਦੇ ਹੋਏ ਕਾਂਗਰਸੀ ਉਮੀਦਵਾਰ ਖ਼ਿਲਾਫ ਢੁੱਕਵੇਂ ਕੇਸ ਦਰਜ ਕਰਕੇ ਉਸ ਦੀ ਤੁਰੰਤ ਗਿਰਫਤਾਰੀ ਕੀਤੀ ਜਾਣੀ ਚਾਹੀਦੀ ਹੈ।
ਅਕਾਲੀ ਦਲ ਵੱਲੋਂ ਆਪਣੇ ਪੀਏਸੀ ਮੈਂਬਰ ਡਾਕਟਰ ਨਿਸ਼ਾਨ ਸਿੰਘ ਦੁਆਰਾ ਇਸ ਘਟਨਾ ਦੀ ਪੂਰੀ ਜਾਣਕਾਰੀ ਦੇਣ ਵਾਲੀ ਵੀਡਿਓ ਹਾਸਿਲ ਕਰਨ ਮਗਰੋ ਲਿਖਤੀ ਵੇਰਵੇ ਸਮੇਤ ਇਸ ਘਟਨਾ ਬਾਰੇ ਚੋਣ ਕਮਿਸ਼ਨ ਨੂੰ ਜਾਣੂ ਕਰਵਾਇਆ ਗਿਆ। ਇਸ ਘਟਨਾ ਅਨੁਸਾਰ ਬੁਢਲਾਡਾ ਦਾ ਸਮਾਜ ਸੇਵੀ ਟਿੰਕੂ ਪੰਜਾਬ ਰਾਜਾ ਵੜਿੰਗ ਨੂੰ ਉਸ ਨੂੰ ਦਿੱਤੇ 50 ਹਜ਼ਾਰ ਰੁਪਏ ਵਾਪਸ ਲਿਜਾਣ ਲਈ ਕਹਿੰਦਾ ਹੈ। ਵੜਿੰਗ ਜਬਰਦਸਤੀ ਟਿੰਕੂ ਪੰਜਾਬ ਨੂੰ ਇਹ ਪੈਸੇ ਦਿੰਦਾ ਹੈ ਅਤੇ ਉਸ ਦੇ ਘਰ ਵਿਚੋਂ ਬਾਹਰ ਆ ਜਾਂਦਾ ਹੈ। ਅਕਾਲੀ ਵਫ਼ਦ ਨੇ ਸੀਈਓ ਨੂੰ ਦੱਸਿਆ ਕਿ ਟਿੰਕੂ ਪੰਜਾਬ ਨੇ ਆਪਣੀਆਂ ਤਕਲੀਫਾਂ ਦੀ ਕਹਾਣੀ ਬਾਰੇ ਜਨਤਕ ਤੌਰ ਤੇ ਵੀ ਦੱਸ ਚੁੱਕਿਆ ਹੈ। ਉਸ ਨੇ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਵੜਿੰਗ ਕਾਂਗਰਸੀ ਆਗੂਆਂ ਮੰਗਤ ਰਾਮ ਬਾਂਸਲ, ਮੰਜੂ ਬਾਂਸਲ ਅਤੇ ਗੁਰਪ੍ਰੀਤ ਕੌਰ ਭੱਟੀ ਨਾਲ ਉਸ ਦੇ ਘਰ ਆਇਆ ਸੀ। ਵਫ਼ਦ ਦੇ ਮੈਬਰਾਂ ਨੇ ਦੱਸਿਆ ਕਿ ਟਿੰਕੂ ਦੇ ਬਿਆਨ ਮੁਤਾਬਿਕ ਗੁਰਪ੍ਰੀਤ ਕੌਰ ਭੱਟੀ ਨੇ ਉਸ ਨੂੰ ਪੈਸੇ ਦਿੱਤੇ ਸਨ, ਜਿਸ ਮਗਰੋਂ ਮੰਜੂ ਬਾਂਸਲ ਨੇ ਕਿਹਾ ਸੀ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਤੋਹਫਾ ਹੈ। ਇੰਨਾ ਹੀ ਨਹੀਂ ਰਾਜਾ ਵੜਿੰਗ ਨੇ ਟਿੰਕੂ ਨੂੰ ਪੈਸੇ ਰੱਖਣ ਲਈ ਜ਼ੋਰ ਪਾਉਂਦਿਆਂ ਕਿਹਾ ਸੀ ਕਿ ਰੱਖ ਲੈ ਰੱਖ ਲੈ, ਘਰ ਆਈ ਲਕਸ਼ਮੀ ਨਹੀਂ ਮੋੜੀਦੀ।
ਡਾਕਟਰ ਚੀਮਾ ਨੇ ਕਿਹਾ ਕਿ ਇਸ ਤੋਂ ਸਾਬਿਤ ਹੋ ਗਿਆ ਕਿ ਵੜਿੰਗ ਟਿੰਕੂ ਪੰਜਾਬ ਦੇ ਘਰ ਆ ਰਹੀਆਂ ਚੋਣਾਂ ਵਿਚ ਉਸ ਦਾ ਸਮਰਥਨ ਲੈਣ ਲਈ ਉਸ ਨੂੰ ਰਿਸ਼ਵਤ ਦੇਣ ਦੇ ਮਕਸਦ ਨਾਲ ਗਿਆ ਸੀ। ਜਦੋਂ ਟਿੰਕੂ ਨੇ ਰਿਸ਼ਵਤ ਲੈਣ ਤੋਂ ਇਨਕਾਰ ਕਰ ਦਿੱਤਾ, ਵੜਿੰਗ ਨੇ ਉਸ ਨੂੰ ਜਬਰਦਸਤੀ ਰਿਸ਼ਵਤ ਦਾ ਪੈਸਾ ਰੱਖਣ ਲਈ ਮਜ਼ਬੂਰ ਕੀਤਾ। ਇਹ ਕਹਿੰਦਿਆਂ ਕਿ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ, ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਾਜਾ ਵੜਿੰਗ ਨੇ ਹਲਕੇ ਅੰਦਰ ਚੋਣ ਮਾਹੌਲ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਵੜਿੰਗ ਸ਼ਰੇਆਮ ਵੋਟਰਾਂ ਨੂੰ ਰਿਸ਼ਵਤ ਦੇ ਰਿਹਾ ਹੈ, ਉਸ ਖ਼ਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਸਾਰਿਆਂ ਨੂੰ ਇਹ ਸਪੱਸ਼ਟ ਸੁਨੇਹਾ ਜਾਵੇ ਕਿ ਭ੍ਰਿਸ਼ਟਚਾਰ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉੁਹਨਾਂ ਇਹ ਵੀ ਮੰਗ ਕੀਤੀ ਕਿ ਦੂਜੇ ਕਾਂਗਰਸੀ ਆਗੂਆਂ ਮੰਜੂ ਬਾਂਸਲ ਅਤੇ ਗੁਰਪ੍ਰੀਤ ਕੌਰ ਭੱਟੀ ਖ਼ਿਲਾਫ ਵੀ ਐਫਆਈਆਰ ਦਰਜ ਕੀਤੀ ਜਾਵੇ, ਜਿਹਨਾਂ ਨੇ ਵੜਿੰਗ ਨਾਲ ਮਿਲ ਕੇ ਟਿੰਕੂ ਪੰਜਾਬ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ। ਅਕਾਲੀ ਵਫ਼ਦ ਨੇ ਚੋਣ ਕਮਿਸ਼ਨ ਨੂੰ ਦੋਸ਼ੀਆਂ ਖ਼ਿਲਾਫ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਤਾਂ ਕਿ ਲੋਕਤੰਤਰੀ ਢਾਂਚੇ ਨੂੰ ਭ੍ਰਿਸ਼ਟਾਚਾਰ ਤੋਂ ਬਚਾਇਆ ਜਾ ਸਕੇ ਅਤੇ ਬਠਿੰਡਾ ਲੋਕ ਸਭਾ ਹਲਕੇ ਅੰਦਰ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।